ਲਖੀਮਪੁਰ ਖੀਰੀ ਹਿੰਸਾ ਮਾਮਲੇ ‘ਚ ਮੁੱਖ ਦੋਸ਼ੀ ਅਤੇ ਕੇਂਦਰੀ ਮੰਤਰੀ ਅਜੇ ਮਿਸ਼ਰਾ ਟੇਨੀ ਦਾ ਪੁੱਤਰ ਆਸ਼ੀਸ਼ ਮਿਸ਼ਰਾ 129 ਦਿਨਾਂ ਬਾਅਦ ਮੰਗਲਵਾਰ ਨੂੰ ਜੇਲ੍ਹ ਤੋਂ ਰਿਹਾਅ ਹੋ ਗਿਆ ਹੈ। ਦੱਸਣਯੋਗ ਹੈ ਕਿ ਇਲਾਹਾਬਾਦ ਹਾਈ ਕੋਰਟ ਦੀ ਲਖਨਊ ਬੈਂਚ ਨੇ ਆਸ਼ੀਸ਼ ਮਿਸ਼ਰਾ ਨੂੰ ਜ਼ਮਾਨਤ ਦਿੱਤੀ ਹੈ।
ਆਸ਼ੀਸ਼ ‘ਤੇ ਲਖੀਮਪੁਰ ਜ਼ਿਲ੍ਹੇ ਦੇ ਤਿਕੋਨੀਆ ਪਿੰਡ ‘ਚ ਪਿਛਲੇ ਸਾਲ ਤਿੰਨ ਅਕਤੂਬਰ ਨੂੰ ਕਿਸਾਨਾਂ ਨੂੰ ਜੀਪ ਨਾਲ ਕੁਚਲ ਕੇ ਮਾਰਨ ਦਾ ਦੋਸ਼ ਹੈ। ਆਸ਼ੀਸ਼ ਨੂੰ ਘਟਨਾ ਦੇ 6 ਦਿਨਾਂ ਬਾਅਦ ਯਾਨੀ 9 ਅਕਤੂਬਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਲਖੀਮਪੁਰ ਕਾਂਡ ਦੀ ਜਾਂਚ ਐੱਸ.ਆਈ.ਟੀ. ਦੇ ਹਵਾਲੇ ਹੈ। ਜਾਂਚ ‘ਚ ਪਾਇਆ ਗਿਆ ਸੀ ਕਿ ਕਿਸਾਨਾਂ ਨੂੰ ਗੱਡੀ ਨਾਲ ਕੁਚਲਣ ਦੀ ਪੂਰੀ ਘਟਨਾ ਇਕ ਸੋਚੀ ਸਮਝੀ ਸਾਜਿਸ਼ ਸੀ। ਐੱਸ.ਆਈ.ਟੀ. ਨੇ 5000 ਪੰਨਿਆਂ ਦੀ ਚਾਰਜਸ਼ੀਟ ਦਾਖ਼ਲ ਕੀਤੀ, ਜਿਸ ‘ਚ ਆਸ਼ੀਸ਼ ਨੂੰ ਕਤਲ ਦਾ ਦੋਸ਼ੀ ਦੱਸਿਆ ਗਿਆ।