ਯੂਕਰੇਨ ‘ਤੇ ਰੂਸ ਦੀ ਫੌਜੀ ਕਾਰਵਾਈ ਜਾਰੀ ਹੈ, ਜਿਸ ‘ਚ ਰੂਸ ਵਲੋਂ ਯੂਕਰੇਨ ‘ਤੇ ਹਵਾਈ ਹਮਲੇ ਵੀ ਕੀਤੇ ਜਾ ਰਹੇ ਹਨ। ਹੁਣ ਰੂਸੀ ਫੌਜ ਨੇ ਦੱਸਿਆ ਹੈ ਕਿ ਉਨ੍ਹਾਂ ਨੇ ਯੂਕਰੇਨ ਦੇ ਫੌਜੀ ਅਤੇ ਹਵਾਈ ਅੱਡੇ ਤਬਾਹ ਕਰ ਦਿੱਤੇ ਹਨ। ਦੂਜੇ ਪਾਸੇ ਯੂਕਰੇਨ ਨੇ ਸਖ਼ਤ ਰਵੱਈਆ ਦਿਖਾਉਂਦੇ ਹੋਏ ਕਿਹਾ ਹੈ ਕਿ ਉਹ ਹਾਰ ਨਹੀਂ ਮੰਨਣ ਵਾਲਾ ਹੈ।
ਰੂਸ ਦੀ ਫੌਜੀ ਕਾਰਵਾਈ ਦੇ ਵਿਚਕਾਰ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਰੂਸੀ ਭਾਸ਼ਾ ਵਿੱਚ ਸੰਬੋਧਨ ਕੀਤਾ ਹੈ। ਇਸ ਭਾਵੁਕ ਭਾਸ਼ਣ ਵਿੱਚ ਕਿਹਾ ਗਿਆ ਹੈ ਕਿ ਯੂਕਰੇਨ ਦੇ ਲੋਕ ਅਤੇ ਸਰਕਾਰ ਸ਼ਾਂਤੀ ਚਾਹੁੰਦੇ ਹਨ। ਪਰ ਜੇਕਰ ਸਾਡੇ ‘ਤੇ ਹਮਲਾ ਹੁੰਦਾ ਹੈ, ਜੇਕਰ ਸਾਡੇ ਤੋਂ ਸਾਡਾ ਦੇਸ਼ ਖੋਹਣ ਦੀ ਕੋਸ਼ਿਸ਼ ਹੁੰਦੀ ਹੈ, ਸਾਡੀ ਆਜ਼ਾਦੀ ਖੋਹਣ ਦੀ ਕੋਸ਼ਿਸ਼ ਹੁੰਦੀ ਹੈ, ਜੇਕਰ ਸਾਡੀ ਜ਼ਿੰਦਗੀ, ਸਾਡੇ ਬੱਚਿਆਂ ਦੀ ਜ਼ਿੰਦਗੀ ਖੋਹਣ ਦੀ ਕੋਸ਼ਿਸ਼ ਹੁੰਦੀ ਹੈ ਤਾਂ ਅਸੀਂ ਆਪਣਾ ਬਚਾਅ ਕਰਾਂਗੇ। ਜਦੋਂ ਤੁਸੀਂ (ਰੂਸ) ਸਾਡੇ ‘ਤੇ ਹਮਲਾ ਕਰੋਗੇ, ਤੁਸੀਂ ਸਾਡੀ ਪਿੱਠ ਨਹੀਂ, ਸਗੋਂ ਸਾਡੀ ਛਾਤੀ ਵੇਖੋਗੇ।
ਰੂਸੀ ਫੌਜ ਨੇ ਕਿਹਾ-ਆਮ ਲੋਕਾਂ ਨੂੰ ਨਿਸ਼ਾਨਾ ਨਹੀਂ ਬਣਾਇਆ
ਯੂਕਰੇਨ ‘ਚ ਫੌਜੀ ਕਾਰਵਾਈ ‘ਤੇ ਵੀ ਰੂਸੀ ਫੌਜ ਦਾ ਬਿਆਨ ਆਇਆ ਹੈ। ਇਸ ਵਿੱਚ ਕਿਹਾ ਗਿਆ ਹੈ ਕਿ ਉਨ੍ਹਾਂ ਨੇ ਯੂਕਰੇਨ ਦੇ ਹਵਾਈ ਅੱਡੇ, ਮਿਲਟਰੀ ਬੇਸ ਨੂੰ ਨਿਸ਼ਾਨਾ ਬਣਾਇਆ ਹੈ। ਇਸ ਦੇ ਨਾਲ ਹੀ ਕਿਹਾ ਗਿਆ ਹੈ ਕਿ ਆਬਾਦੀ ਵਾਲੇ ਖੇਤਰਾਂ ਨੂੰ ਨਿਸ਼ਾਨਾ ਨਹੀਂ ਬਣਾਇਆ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਖਬਰ ਆਈ ਸੀ ਕਿ ਯੂਕਰੇਨ ‘ਚ ਕਈ ਥਾਵਾਂ ‘ਤੇ ਧਮਾਕੇ ਹੋਏ ਹਨ। ਇਸ ‘ਚ ਯੂਕਰੇਨ ਦੀ ਰਾਜਧਾਨੀ ਕੀਵ ‘ਤੇ ਕਰੂਜ਼ ਅਤੇ ਬੈਲਿਸਟਿਕ ਮਿਜ਼ਾਈਲਾਂ ਨਾਲ ਹਮਲੇ ਦੀ ਜਾਣਕਾਰੀ ਮਿਲੀ ਹੈ। ਯੂਕਰੇਨ ਦੀ ਰਾਜਧਾਨੀ ਕੀਵ ਤੋਂ ਬਾਅਦ ਓਡੇਸਾ, ਖਾਰਕੀਵ, ਡਨਿਟਸਕ ਵਿੱਚ ਕਈ ਧਮਾਕੇ ਸੁਣੇ ਗਏ।