ਗੋਂਡ ॥ ਮੋ ਕਉ ਤਾਰਿ ਲੇ ਰਾਮਾ ਤਾਰਿ ਲੇ ॥ ਮੈ ਅਜਾਨੁ ਜਨੁ ਤਰਿਬੇ ਨ ਜਾਨਉ ਬਾਪ ਬੀਠੁਲਾ ਬਾਹ ਦੇ ॥੧॥ ਰਹਾਉ ॥ ਨਰ ਤੇ ਸੁਰ ਹੋਇ ਜਾਤ ਨਿਮਖ ਮੈ ਸਤਿਗੁਰ ਬੁਧਿ ਸਿਖਲਾਈ ॥ ਨਰ ਤੇ ਉਪਜਿ ਸੁਰਗ ਕਉ ਜੀਤਿਓ ਸੋ ਅਵਖਧ ਮੈ ਪਾਈ ॥੧॥ ਜਹਾ ਜਹਾ ਧੂਅ ਨਾਰਦੁ ਟੇਕੇ ਨੈਕੁ ਟਿਕਾਵਹੁ ਮੋਹਿ ॥ ਤੇਰੇ ਨਾਮ ਅਵਿਲੰਬਿ ਬਹੁਤੁ ਜਨ ਉਧਰੇ ਨਾਮੇ ਕੀ ਨਿਜ ਮਤਿ ਏਹ ॥੨॥੩॥
ਅਰਥ: ਹੇ ਮੇਰੇ ਰਾਮ! ਮੈਨੂੰ (ਸੰਸਾਰ-ਸਮੁੰਦਰ ਤੋਂ) ਤਾਰ ਲੈ, ਬਚਾ ਲੈ। ਹੇ ਮੇਰੇ ਪਿਤਾ ਪ੍ਰਭੂ! ਮੈਨੂੰ ਆਪਣੀ ਬਾਂਹ ਫੜਾ, ਮੈਂ ਤੇਰਾ ਅੰਞਾਣ ਸੇਵਕ ਹਾਂ, ਮੈਂ ਤਰਨਾ ਨਹੀਂ ਜਾਣਦਾ।ਰਹਾਉ। (ਹੇ ਬੀਠੁਲ ਪਿਤਾ! ਮੈਨੂੰ ਭੀ ਗੁਰੂ ਮਿਲਾ) ਗੁਰੂ ਤੋਂ ਮਿਲੀ ਮੱਤ ਦੀ ਬਰਕਤ ਨਾਲ ਅੱਖ ਦੇ ਫੋਰ ਵਿਚ ਮਨੁੱਖਾਂ ਤੋਂ ਦੇਵਤੇ ਬਣ ਜਾਈਦਾ ਹੈ, ਹੇ ਪਿਤਾ! ਮਿਹਰ ਕਰ) ਮੈਂ ਭੀ ਉਹ ਦਵਾਈ ਹਾਸਲ ਕਰ ਲਵਾਂ ਜਿਸ ਨਾਲ ਮਨੁੱਖਾਂ ਤੋਂ ਜੰਮ ਕੇ (ਭਾਵ, ਮਨੁੱਖ-ਜਾਤੀ ਵਿਚੋਂ ਹੋ ਕੇ) ਸੁਰਗ ਨੂੰ ਜਿੱਤਿਆ ਜਾ ਸਕਦਾ ਹੈ (ਭਾਵ, ਸੁਰਗ ਦੀ ਭੀ ਪਰਵਾਹ ਨਹੀਂ ਰਹਿੰਦੀ) ।੧।ਹੇ ਮੇਰੇ ਰਾਮ! ਤੂੰ ਜਿਸ ਜਿਸ ਆਤਮਕ ਟਿਕਾਣੇ ਧ੍ਰੂ ਤੇ ਨਾਰਦ (ਵਰਗੇ ਭਗਤਾਂ) ਨੂੰ ਅਪੜਾਇਆ ਹੈ, ਮੈਨੂੰ ਸਦਾ ਲਈ ਅਪੜਾ ਦੇਹ, ਮੇਰਾ ਨਾਮਦੇਵ ਦਾ ਇਹ ਪੱਕਾ ਨਿਸ਼ਚਾ ਹੈ ਕਿ ਤੇਰੇ ਨਾਮ ਦੇ ਆਸਰੇ ਬੇਅੰਤ ਜੀਵ (ਸੰਸਾਰ-ਸਮੁੰਦਰ ਦੇ ਵਿਕਾਰਾਂ ਤੋਂ) ਬਚ ਨਿਕਲਦੇ ਹਨ।੨।੩।