ਪਿਛਲੇ 35 ਕੁ ਸਾਲਾਂ ਤੋਂ ਜਿੰਦਗੀ ਦੀ ਰਫਤਾਰ ਹਰ ਸਾਲ ਤੇਜ਼ ਹੀ ਹੁੰਦੀ ਗਈ l
ਕੁੱਝ ਲੋਕ ਇਸ ਨੂੰ ਤਰੱਕੀ ਕਹਿਣ ਲੱਗ ਪਏ l ਹਰ ਇਨਸਾਨ ਦੀ ਸੋਚ ਵੱਖ ਵੱਖ ਹੁੰਦੀ ਹੈ l ਇਸ ਕਰਕੇ ਇਸ ਪ੍ਰਤੀ ਵੱਖ ਵੱਖ ਰਾਏ ਵੀ ਸਭ ਦਿੰਦੇ ਹਨ l
ਅੱਜ ਤੋਂ 35 ਕੁ ਸਾਲ ਪਹਿਲਾਂ ਮਹਿਮਾਨਾਂ ਨੂੰ ਸੱਦੇ ਵੀ ਸਾਇਕਲਾਂ ਉੱਪਰ ਸਫ਼ਰ ਤਹਿ ਕਰਕੇ ਹੀ ਦਿੱਤੇ ਜਾਂਦੇ ਸੀ l ਇਸ ਤੋਂ ਪਹਿਲਾਂ ਲੋਕ ਤੁਰ ਕੇ ਵੀ ਸੁਨੇਹੇ ਦੇਣ ਜਾਂਦੇ ਸੀ l ਪੂਰੇ ਦਿਨ ਵਿੱਚ ਦੋ ਤਿੰਨ ਰਿਸ਼ਤੇਦਾਰਾਂ ਦੇ ਹੀ ਜਾ ਹੁੰਦਾ ਸੀ l ਉਨ੍ਹਾਂ ਨੂੰ ਇਸ ਕੰਮ ਬਦਲੇ ਮਜ਼ਦੂਰੀ ਵੀ ਘੱਟ ਹੀ ਮਿਲਦੀ ਸੀ ਪਰ ਫਿਰ ਵੀ ਲੋਕ ਖੁਸ਼ ਸਨ l ਜਿਆਦਾ ਲੋਕ ਖੇਤੀ, ਮਜ਼ਦੂਰੀ, ਫੈਕਟਰੀਆਂ ਦੇ ਕੰਮ ਕਰਦੇ ਹੁੰਦੇ ਸੀ l ਸਰਕਾਰੀ ਨੌਕਰੀਆਂ ਵਾਲੇ ਘੱਟ ਸਨ l ਲੋਕ ਘੱਟ ਪੜ੍ਹੇ ਹੋਏ ਸਨ l
ਕੰਪਿਊਟਰ ਅਤੇ ਇੰਟਰਨੈਟ ਦੀ ਵਰਤੋਂ ਨਾਂਹ ਦੇ ਬਰਾਬਰ ਸੀ l
ਬਾਦ ਵਿੱਚ ਹੌਲੀ ਹੌਲੀ ਲੋਕਾਂ ਦੀ ਦੌੜ ਵਧੀ ਜਿਸ ਨੂੰ ਲੋਕ ਤਰੱਕੀ ਕਹਿਣ ਲੱਗੇ l ਜਿੰਦਗੀ ਵਿੱਚ ਤਰੱਕੀ ਕਰਨਾ ਕੋਈ ਬੁਰਾ ਨਹੀਂ ਹੈ l ਦੇਖਣ ਦੀ ਲੋੜ ਹੈ ਕਿ ਤਰੱਕੀ ਕਰਕੇ ਇਨਸਾਨ ਦੀ ਜਿੰਦਗੀ ਸੌਖੀ ਹੋਈ ਹੈ ਕਿ ਨਹੀਂ? ਬਹੁਤਿਆਂ ਦਾ ਜਵਾਬ ਹੋਵੇਗਾ ਕਿ ਜਿੰਦਗੀ ਸੌਖੀ ਨਹੀਂ ਹੋਈ l
ਇਸ ਨੱਠ ਭੱਜ ਦੀ ਜਿੰਦਗੀ ਵਿੱਚ ਅਸੀਂ ਘੱਟ ਸੌਣਾ ਸ਼ੁਰੂ ਕੀਤਾ, ਸ਼ੋਰ ਸ਼ਰਾਬਾ ਵਧਿਆ, ਲੜਾਈਆਂ ਝਗੜੇ ਵਧੇ, ਪਲੂਸ਼ਨ ਵਧਿਆ, ਖਰਚੇ ਵਧੇ ਅਤੇ ਆਪਣਿਆਂ ਨਾਲੋਂ ਆਪਣੇ ਵੱਖ ਹੋ ਗਏ l ਲੋਕ ਸਵਾਰਥੀ ਹੋ ਗਏ l ਇੱਕ ਇੱਕ ਪਰਿਵਾਰ ਕਈ ਕਈ ਪਰਿਵਾਰਾਂ ਵਿੱਚ ਵੰਡਿਆ ਗਿਆ l
ਲੋਕ ਵੱਧ ਘੰਟੇ ਕੰਮ ਕਰਨ ਲੱਗੇ ਅਤੇ ਵੱਧ ਸਮਾਂ ਫੋਨਾਂ ਅਤੇ ਇੰਟਰਨੈਟ ਤੇ ਗੁਜਾਰਨ ਲੱਗੇ l ਉਨ੍ਹਾਂ ਕੋਲ ਖਾਣ ਪੀਣ ਦਾ ਸਮਾਂ ਵੀ ਨਾ ਰਿਹਾ ਜਿਸ ਕਰਕੇ ਉਨ੍ਹਾਂ ਜਿੰਦਗੀ ਦੀ ਇਸ ਤੇਜ਼ੀ ਵਿੱਚ ਫਾਸਟ ਫ਼ੂਡ ਖਾਣੇ ਸ਼ੁਰੂ ਕੀਤੇ ਜੋ ਕਿ ਸਿਹਤ ਲਈ ਬਹੁਤ ਨੁਕਸਾਨ ਕਰਨ ਵਾਲੇ ਹਨ l
ਉਨ੍ਹਾਂ ਫਾਸਟ ਫੂਡਾਂ ਵਿੱਚ ਬਹੁਤ ਮਾਤਰਾ ਵਿੱਚ ਖੰਡ, ਲੂਣ ਅਤੇ ਫੈਟ ਹੋਣ ਦੇ ਨਾਲ ਨਾਲ ਉਨ੍ਹਾਂ ਨੂੰ ਬਹੁਤ ਜਿਆਦਾ ਤਲਿਆ ਜਾਂਦਾ ਹੈ l ਜਿਸ ਤੇਲ ਵਿੱਚ ਉਸ ਖਾਣੇ ਨੂੰ ਪਕਾਇਆ ਜਾਂਦਾ ਹੈ ਉਹ ਤੇਲ ਕਈ ਕਈ ਦਿਨ ਪੁਰਾਣਾ ਹੁੰਦਾ ਹੈ ਅਤੇ ਬਹੁਤ ਵਾਰ ਘਟੀਆ ਕੁਆਲਟੀ ਦਾ ਹੁੰਦਾ ਹੈ l ਦੁਕਾਨਦਾਰ ਪੈਸੇ ਬਚਾਉਣ ਦਾ ਮਾਰਾ ਕਈ ਕਈ ਦਿਨ ਉਸ ਖਾਣੇ ਨੂੰ ਪਕਾਉਣ ਵਾਲਾ ਤੇਲ ਨਹੀਂ ਬਦਲਦਾ ਜੋ ਕਿ ਆਮ ਲੋਕਾਂ ਦੀ ਸਿਹਤ ਨੂੰ ਖਰਾਬ ਕਰਦਾ ਹੈ l
ਕੰਪਿਊਟਰ, ਇੰਟਰਨੈਟ ਅਤੇ ਫੋਨ ਨੇ ਜਿੰਦਗੀ ਦੀ ਰਫਤਾਰ ਨੂੰ ਬੇਹੱਦ ਤੇਜ਼ ਕੀਤਾ ਪਰ ਸਵਾਲ ਫਿਰ ਉਹੀ ਹੈ ਕਿ ਇਸ ਨਾਲ ਇਨਸਾਨ ਸੌਖਾ ਹੋਇਆ ਕਿ ਨਹੀਂ? ਮੈਨੂੰ ਤਾਂ ਜਿਆਦਾ ਇਨਸਾਨ ਦੁਖੀ ਹੋਏ ਹੀ ਮਿਲਦੇ ਹਨ l ਉਨ੍ਹਾਂ ਨੂੰ ਰੋਗ ਵੀ ਬਹੁਤ ਜਿਆਦਾ ਲੱਗ ਰਹੇ ਹਨ ਅਤੇ ਡਾਕਟਰੀ ਅਤੇ ਦਵਾਈਆਂ ਦੇ ਨਾਮ ਤੇ ਉਨ੍ਹਾਂ ਦੀ ਲੁੱਟ ਹੁੰਦੀ ਹੈ l
ਇਸ ਸਭ ਦਾ ਹੱਲ ਕੀ ਹੈ? ਸ਼ਾਇਦ ਇਸ ਦਾ ਜਵਾਬ ਬੈਕ ਟੂ ਨੌਰਮਲ (ਭਾਵ ਪਹਿਲਾਂ ਵਰਗੀ ਜਿੰਦਗੀ) ਹੈ l ਭਾਵੇਂ ਕਿ ਅਸੀਂ 100% ਇਸ ਤਰਾਂ ਨਹੀਂ ਕਰ ਸਕਦੇ ਪਰ ਕੋਸ਼ਿਸ਼ ਕਰਨ ਨਾਲ ਕੁੱਝ ਬਚਾ ਹੋ ਸਕਦਾ ਹੈ l ਆਰਗੇਨਿਕ ਫਸਲਾਂ ਬੀਜਣ ਦੀ ਕੋਸ਼ਿਸ਼ ਕਰਨ ਦੀ ਲੋੜ ਹੈ ਤਾਂ ਜੋ ਫਸਲਾਂ ਇਨਸਾਨਾਂ ਨੂੰ ਸਿਹਤਮੰਦ ਰੱਖਣ l ਇਹ ਫਸਲਾਂ ਵੱਧ ਭਾਅ ਤੇ ਵਿਕਣਗੀਆਂ ਅਤੇ ਸਿਹਤ ਲਈ ਵਧੀਆ ਹੋਣਗੀਆਂ l ਇਨਸਾਨ ਘੱਟ ਰੋਗੀ ਹੋਣਗੇ l ਭਾਵੇਂ ਕਿ ਆਰਗੇਨਿਕ ਫਸਲ ਮਹਿੰਗੀ ਹੋਵੇਗੀ ਪਰ ਡਾਕਟਰਾਂ ਅਤੇ ਦਵਾਈਆਂ ਦਾ ਖਰਚਾ ਘੱਟ ਹੋ ਜਾਵੇਗਾ ਜਿਸ ਦੀ ਸਾਨੂੰ ਬੇਹੱਦ ਲੋੜ ਹੈ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)