ਆਕਲੈਂਡ(ਬਲਜਿੰਦਰ ਸਿੰਘ ਰੰਧਾਵਾ) ਨਿਊਜ਼ੀਲੈਂਡ ਦੇ ਵਿਚ ਡੇਅ ਲਾਈਟ ਸੇਵਿੰਗ (ਡੀ ਐਸ ਟੀ) ਜੋ ਕਿ ਸਤੰਬਰ ਦੇ ਅਖੀਰਲੇ ਐਤਵਾਰ ਸ਼ੁਰੂ ਹੁੰਦਾ ਹੈ ਅਤੇ ਅਪ੍ਰੈਲ ਦੇ ਪਹਿਲੇ ਹਫਤੇ ਖਤਮ ਹੁੰਦਾ ਹੈ ਜੋ ਅੱਜ ਰਾਤ ਤੋਂ ਖਤਮ ਹੋਣ ਜਾ ਰਿਹਾ ਹੈ। ਸਧਾਰਨ ਸ਼ਬਦਾਂ ਵਿੱਚ ਜੇ ਕਹੀਏ ਤਾ ਨਿਊਜੀਲੈਂਡ ਵਿੱਚ ਕੱਲ ਸਵੇਰ ਤੜਕੇ(3 ਅਪ੍ਰੈਲ 2022) 3 ਵਜੇ ਘੜੀਆਂ ਦੀਆਂ ਸੂਈਆਂ ਦਾ ਸਮਾਂ 1 ਘੰਟਾ ਪਿੱਛੇ ਕਰ ਦਿੱਤਾ ਜਾਏਗਾ।ਇਹ ਸਮਾਂ ਇਸੇ ਤਰ੍ਹਾਂ 25 ਸਤੰਬਰ 2022 ਤੱਕ ਜਾਰੀ ਰਹੇਗਾ ਅਤੇ ਫਿਰ ਘੜੀਆਂ ਇਕ ਘੰਟਾ ਅੱਗੇ ਕਰ ਦਿਤੀਆਂ ਜਾਣਗੀਆਂ ਤੇ ਡੇਅ ਲਾਈਟ ਸੇਵਿੰਗ ਦੁਬਾਰਾ ਸ਼ੁਰੂ ਹੋਵੇਗੀ।
ਆਮ ਤੌਰ ’ਤੇ ਲੋਕਾਂ ਨੂੰ ਸਲਾਹ ਦਿਤੀ ਜਾਂਦੀ ਹੈ ਕਿ ਉਹ ਇਕ ਦਿਨ ਪਹਿਲਾਂ ਯਾਨਿ ਕਿ ਸ਼ਨੀਵਾਰ ਰਾਤ ਨੂੰ ਸੌਣ ਤੋਂ ਪਹਿਲਾਂ ਆਪਣੀਆਂ ਚਾਬੀ ਵਾਲੀਆਂ ਘੜੀਆਂ ਤੇ ਕੰਧ ਘੜੀਆਂ (ਟਾਈਮਪੀਸ) ਇਕ ਘੰਟਾ ਪਿੱਛੇ ਕਰ ਲੈਣ ਤਾਂ ਕਿ ਉਨ੍ਹਾਂ ਨੂੰ ਸਵੇਰੇ ਉਠਣ ਸਾਰ ਬਦਲਿਆ ਹੋਇਆ ਸਮਾਂ ਮਿਲ ਸਕੇ। ਸਮਾਰਟ ਫੋਨਾਂ ਦੇ ਉਤੇ ਇਹ ਸਮਾਂ ਅਕਸਰ ਆਪਣੇ ਆਪ ਬਦਲ ਜਾਂਦਾ ਹੈ।