Home » ਮਾਨ ਸਰਕਾਰ ਦਾ ਪੰਜਾਬ ਪੁਲਿਸ ਲਈ ਵੱਡਾ ਐਲਾਨ…..
Home Page News India India News

ਮਾਨ ਸਰਕਾਰ ਦਾ ਪੰਜਾਬ ਪੁਲਿਸ ਲਈ ਵੱਡਾ ਐਲਾਨ…..

Spread the news

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਪੁਲਿਸ ਲਈ ਵੱਡਾ ਐਲਾਨ ਕੀਤਾ ਹੈ।ਚੋਣ ਵਾਅਦੇ ਮੁਤਾਬਿਕ ਡਿਊਟੀ ਦੌਰਾਨ ਸ਼ਹੀਦ ਹੋਣ ਵਾਲੇ ਪੁਲਿਸ ਮੁਲਾਜ਼ਮਾਂ ਦੇ ਪਰਿਵਾਰਾਂ ਨੂੰ ਪੰਜਾਬ ਸਰਕਾਰ 1 ਕਰੋੜ ਰੁਪਏ ਦੀ ਰਾਹਤ ਦੇਵੇਗੀ।

ਡੀਜੀਪੀ ਪੰਜਾਬ ਵੀ ਕੇ ਭਵਰਾ ਨੇ ਦੱਸਿਆ ਕਿ ਮੁੱਖ ਮੰਤਰੀ ਨਾਲ ਜੋ ਅੱਜ ਮੀਟਿੰਗ ਹੋਈ ਉਸ ਵਿੱਚ ਸੀਐਮ ਨੇ ਇਹ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਪੰਜਾਬ ਪੁਲਿਸ ਵੈਲਫੇਅਰ ਫੰਡ ਨੂੰ ਵੀ 10 ਕਰੋੜ ਤੋਂ ਵਧਾ ਕਿ 15 ਕਰੋੜ ਰੁਪਏ ਦਾ ਐਲਾਨ ਕੀਤਾ ਗਿਆ ਹੈ।

ਮੀਟਿੰਗ ਦੌਰਾਨ ਸਾਰੇ ਰੈਂਕਾਂ ਦੇ 23000 ਤੋਂ ਵੱਧ ਪੁਲਿਸ ਮੁਲਾਜ਼ਮਾਂ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਉਨ੍ਹਾਂ ਨੂੰ ਗੈਂਗਸਟਰਾਂ, ਨਸ਼ਿਆਂ, ਅੱਤਵਾਦ, ਗੈਰ-ਕਾਨੂੰਨੀ ਮਾਈਨਿੰਗ ਅਤੇ ਭ੍ਰਿਸ਼ਟਾਚਾਰ ਵਿਰੁੱਧ ਕੋਈ ਲਿਹਾਜ਼ ਨਾ ਵਰਤਣ ਦੇ ਨਿਰਦੇਸ਼ ਦਿੱਤੇ।

ਜ਼ਿਕਰਯੋਗ ਹੈ ਕਿ ਪੰਜਾਬ ਪੁਲਿਸ ਵੱਲੋਂ ਸਟੇਟ ਪੁਲਿਸ ਹੈੱਡਕੁਆਰਟਰ, ਸਾਰੇ ਜ਼ਿਲ੍ਹਾ ਪੁਲਿਸ ਦਫਤਰਾਂ, ਪੁਲਿਸ ਸਟੇਸ਼ਨਾਂ, ਸਿਖਲਾਈ ਕੇਂਦਰਾਂ, ਸਪੈਸ਼ਲ ਟਾਸਕ ਫੋਰਸ (ਐਸ.ਟੀ.ਐਫ.) ਦਫਤਰ, ਇੰਟੈਲੀਜੈਂਸ ਦਫ਼ਤਰ, ਸਾਂਝ ਕੇਂਦਰ, ਵੱਖ-ਵੱਖ ਹਥਿਆਰਬੰਦ ਬਟਾਲੀਅਨਾਂ ਅਤੇ ਰੇਲਵੇ ਪੁਲਿਸ ਵਿਖੇ ਸਥਾਪਿਤ ਕੀਤੇ ਗਏ 933 ਵੀਡੀਓ ਕਾਨਫਰੰਸਿੰਗ (ਵੀ.ਸੀ.) ਸਥਾਨਾਂ ਤੋਂ ਸਾਰੇ ਰੈਂਕਾਂ ਦੇ ਪੁਲਿਸ ਕਰਮਚਾਰੀ ਇਸ ਮੀਟਿੰਗ ਵਿੱਚ ਸ਼ਾਮਲ ਹੋਏ। ਪੰਜਾਬ ਵਿੱਚ ਇਹ ਪਹਿਲੀ ਵਾਰ ਹੈ ਜਦੋਂ ਮੁੱਖ ਮੰਤਰੀ ਨੇ ਇੰਨੀ ਵੱਡੀ ਗਿਣਤੀ ਵਿੱਚ ਪੁਲਿਸ ਮੁਲਾਜ਼ਮਾਂ ਨੂੰ ਸੰਬੋਧਨ ਕੀਤਾ ਹੈ।

ਮੁੱਖ ਮੰਤਰੀ ਭਗਵੰਤ ਮਾਨ ਨੇ ਸਮੂਹ ਪੁਲਿਸ ਅਧਿਕਾਰੀਆਂ ਨੂੰ ਸੂਬੇ ਵਿੱਚ ਪੁਲਿਸ ਦੇ ਕੰਮਕਾਜ ਵਿੱਚ ਕੋਈ ਦਖਲਅੰਦਾਜ਼ੀ ਨਾ ਹੋਣ ਦਾ ਭਰੋਸਾ ਦਿੰਦਿਆਂ ਪੁਲਿਸ ਮੁਲਾਜ਼ਮਾਂ ਨੂੰ ਪੂਰੀ ਪੇਸ਼ੇਵਰਤਾ, ਸਮਰਪਣ ਅਤੇ ਇਮਾਨਦਾਰੀ ਨਾਲ ਆਪਣੀ ਡਿਊਟੀ ਨਿਭਾਉਣ ਲਈ ਪ੍ਰੇਰਿਤ ਕੀਤਾ।

ਉਹਨਾਂ ਨੇ ਪੁਲਿਸ ਨੂੰ ਸੂਬੇ ਦੇ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਅਤੇ ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ਼ ਬਿਨਾਂ ਕਿਸੇ ਪੱਖਪਾਤ ਤੋਂ ਕਾਰਵਾਈ ਕਰਨ ਲਈ ਵੀ ਕਿਹਾ।

ਪੰਜਾਬ ਪੁਲਿਸ ਦੀ ਭਲਾਈ ਲਈ ਇੱਕ ਹੋਰ ਅਹਿਮ ਫੈਸਲਾ ਲੈਂਦਿਆਂ ਮੁੱਖ ਮੰਤਰੀ ਨੇ ਇਸ ਵਿੱਤੀ ਸਾਲ ਤੋਂ ਪੁਲਿਸ ਭਲਾਈ ਫੰਡ ਨੂੰ 10 ਕਰੋੜ ਰੁਪਏ ਤੋਂ ਵਧਾ ਕੇ 15 ਕਰੋੜ ਰੁਪਏ ਕਰਨ ਦਾ ਐਲਾਨ ਵੀ ਕੀਤਾ।

ਉਹਨਾਂ ਨੇ ਪੰਜਾਬ ਪੁਲਿਸ ਨੂੰ ਦੇਸ਼ ਦੀ ਸਰਵੋਤਮ ਪੁਲਿਸ ਫੋਰਸ ਵਿੱਚੋਂ ਇੱਕ ਬਣਾਉਣ ਲਈ ਪੁਲਿਸ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਆਪਣੇ ਪੂਰੇ ਸੁਹਿਰਦ ਯਤਨਾਂ ਅਤੇ ਈਮਾਨਦਾਰੀ ਨਾਲ ਡਿਊਟੀ ਕਰਨ ਲਈ ਪ੍ਰੇਰਿਆ। ਉਹਨਾਂ ਨੇ ਪੁਲਿਸ ਨੂੰ ਲੋਕਾਂ ਨਾਲ ਹਲੀਮੀ ਨਾਲ ਪੇਸ਼ ਆਉਣ ਲਈ ਵੀ ਕਿਹਾ।​