ਪਟਿਆਲਾ ਵਿੱਚ ਸਿੱਖ ਜਥੇਬੰਦੀਆਂ ਤੇ ਸ਼ਿਵ ਸੈਨਾ ਦੇ ਕਾਰਕੁਨਾਂ ਵਿਚਾਲ ਟਕਰਾਅ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਗੰਭੀਰਤਾ ਨਾਲ ਲਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਇਹ ਘਟਨਾ ਬਹੁਤ ਹੀ ਮੰਦਭਾਗੀ ਹੈ। ਮੈਂ ਡੀਜੀਪੀ ਨਾਲ ਗੱਲ ਕੀਤੀ, ਇਲਾਕੇ ਵਿੱਚ ਸ਼ਾਂਤੀ ਬਹਾਲ ਹੋ ਗਈ ਹੈ। ਅਸੀਂ ਸਥਿਤੀ ‘ਤੇ ਨੇੜਿਓਂ ਨਜ਼ਰ ਰੱਖ ਰਹੇ ਹਾਂਅਤੇ ਕਿਸੇ ਨੂੰ ਵੀ ਰਾਜ ਵਿੱਚ ਗੜਬੜ ਪੈਦਾ ਨਹੀਂ ਕਰਨ ਦੇਵਾਂਗੇ। ਪੰਜਾਬ ਦੀ ਸ਼ਾਂਤੀ ਤੇ ਸਦਭਾਵਨਾ ਸਭ ਤੋਂ ਮਹੱਤਵਪੂਰਨ ਹੈ।
ਇਸੇ ਦੌਰਾਨ ਵਿੱਤ ਮੰਤਰੀ ਹਰਪਾਲ ਚੀਮਾ ਨੇ ਕਿਹਾ ਹੈ ਕਿ ਅੱਜ ਪਟਿਆਲਾ ਵਿੱਚ ਹੋਈ ਝੜਪ ਦੀ ਮੈਂ ਸਖ਼ਤ ਨਿਖੇਧੀ ਕਰਦਾ ਹਾਂ। ਉਨ੍ਹਾਂ ਸਮਾਜ ਦੇ ਸਾਰੇ ਵਰਗਾਂ ਨੂੰ ਸ਼ਾਂਤੀ ਤੇ ਮਨੁੱਖਤਾ ਦੇ ਮਾਰਗ ‘ਤੇ ਚੱਲਣ ਦੀ ਅਪੀਲ ਕੀਤੀ।
ਦੱਸ ਦਈਏ ਕਿ ਅੱਜ ਪਟਿਆਲਾ ਵਿੱਚ ਹਿੰਦੂ ਸੰਗਠਨਾਂ ਵੱਲੋਂ ਖਾਲਿਸਤਾਨ ਪੱਖੀਆਂ ਦੇ ਵਿਰੋਧ ਦਾ ਐਲਾਨ ਕੀਤਾ ਸੀ ਜਿਸ ਮਗਰੋਂ ਸਿੱਖ ਜਥੇਬੰਦੀਆਂ ਦੇ ਮੈਂਬਰ ਵੀ ਇਕੱਠੇ ਹੋ ਗਏ। ਇਸ ਨੂੰ ਲੈ ਕੇ ਹਾਲਾਤ ਤਣਾਅਪੂਰਨ ਹੋ ਗਏ। ਪੁਲਿਸ ਵੱਲੋਂ ਟਕਰਾਅ ਨੂੰ ਰੋਕਣ ਲਈ ਸਿੱਖ ਜਥੇਬੰਦੀਆਂ ਦੇ ਮੈਂਬਰ ਨੂੰ ਰੋਕਿਆ ਗਿਆ। ਇਸ ਦੌਰਾਨ ਖਿੱਚ-ਧੂਹ ਵੀ ਹੋਈ।
ਪੁਲਿਸ ਅਧਿਕਾਰੀ ਕਹਿ ਰਹੇ ਹਨ ਕਿ ਸਿੱਖ ਜਥੇਬੰਦੀਆ ਨੂੰ ਲਾਅ ਐਂਡ ਆਰਡਰ ਖਰਾਬ ਨਹੀਂ ਕਰਨ ਦਿੱਤਾ ਜਾਏਗਾ। ਸਿੱਖ ਜਥੇਬੰਦੀਆ ਗੁਰਦੁਆਰਾ ਦੁਖ ਨਿਵਾਰਨ ਸਾਹਿਬ ਤੋਂ ਚੱਲੀਆਂ ਤੇ ਫੁਹਾਰਾ ਚੌਂਕ ਪਹੁੰਚੀਆਂ ਜਿੱਥੇ ਪੁਲਿਸ ਨੇ ਰੋਕ ਲਿਆ। ਤ੍ਰਿਪੜੀ ਦੇ ਐਸਐਚਓ ਕਰਨਬੀਰ ਸਿੱਖ ਕਾਰਕੁਨਾਂ ਨੂੰ ਰੋਕਦੇ ਹੋਏ ਹੋਏ ਜ਼ਖ਼ਮੀ ਹੋ ਗਏ। ਹਾਸਲ ਜਾਣਕਾਰੀ ਮੁਤਾਬਕ ਪਟਿਆਲਾ ਵਿੱਚ ਹਿੰਦੂ ਸੰਗਠਨ ਸ਼ਿਵ ਸੈਨਾ ਬਾਲ ਠਾਕਰੇ ਵੱਲੋਂ ਖਾਲਿਸਤਾਨ ਪੱਖੀਆਂ ਦੇ ਵਿਰੋਧ ਪ੍ਰਦਰਸ਼ਨ ਕੀਤਾ ਜਾਣਾ ਸੀ। ਇਸ ਦਾ ਪਤਾ ਲੱਗਦਿਆਂ ਹੀ ਸਿੱਖ ਜਥੇਬੰਦੀਆ ਵੀ ਇਕੱਠੀਆਂ ਹੋ ਗਈਆਂ। ਪੁਲਿਸ ਵੱਲੋ ਸਿੱਖ ਜਥੇਬੰਦੀਆਂ ਨੂੰ ਰੋਕਿਆ ਗਿਆ ਹੈ।