Home » ਸਿੱਖ ਜੱਥੇਬੰਦੀਆਂ ਵਿਚਾਲੇ ਹੋਈ ਝੜਪ ਨੂੰ ਲੈ ਕੇ ਸ਼ਿਵ ਸੈਨਾ ਪੰਜਾਬ ਆਗੂ ਹਰੀਸ਼ ਸਿੰਗਲਾ ਨੂੰ ਪੁਲਿਸ ਨੇ ਕੀਤਾ ਗ੍ਰਿਫ਼ਤਾਰ…
Home Page News India India News

ਸਿੱਖ ਜੱਥੇਬੰਦੀਆਂ ਵਿਚਾਲੇ ਹੋਈ ਝੜਪ ਨੂੰ ਲੈ ਕੇ ਸ਼ਿਵ ਸੈਨਾ ਪੰਜਾਬ ਆਗੂ ਹਰੀਸ਼ ਸਿੰਗਲਾ ਨੂੰ ਪੁਲਿਸ ਨੇ ਕੀਤਾ ਗ੍ਰਿਫ਼ਤਾਰ…

Spread the news

ਅੱਜ ਪਟਿਆਲਾ ਵਿਖੇ ਸ਼ਿਵ ਸੈਨਾ (Shiv Sena) ਅਤੇ ਸਿੱਖ ਜੱਥੇਬੰਦੀਆਂ ਵਿਚਾਲੇ ਹੋਈ ਝੜਪ ਨੂੰ ਲੈ ਕੇ ਸ਼ਿਵ ਸੈਨਾ ਪੰਜਾਬ ਆਗੂ ਹਰੀਸ਼ ਸਿੰਗਲਾ (Harish Singla) ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਇਸ ਤੋਂ ਪਹਿਲਾਂ ਸ਼ਿਵ ਸੈਨਾ ਪੰਜਾਬ ਵੱਲੋਂ ਜਥੇਬੰਦੀ ਦੇ ਵਿਵਾਦਿਤ ਆਗੂ ਹਰੀਸ਼ ਸਿੰਗਲਾ ਪਟਿਆਲਾ ਨੂੰ ਪਾਰਟੀ ‘ਚੋਂ ਕੱਢਿਆ ਗਿਆ ਹੈ।

ਪਾਰਟੀ ਦੇ ਪੰਜਾਬ ਪ੍ਰਦੇਸ਼ ਪ੍ਰਧਾਨ ਯੋਗ ਰਾਜ ਸ਼ਰਮਾ ਵਲੋਂ ਇਹ ਕਾਰਵਾਈ ਊਧਵ ਠਾਕਰੇ ਰਾਸ਼ਟਰੀ ਪ੍ਰਧਾਨ ਸ਼ਿਵ ਸੈਨਾ ਦੇ ਹੁਕਮਾਂ ਅਨੁਸਾਰ ਕੀਤੀ ਗਈ ਦੱਸੀ ਗਈ ਹੈ।   ਦਰਅਸਲ ‘ਚ ਪੰਜਾਬ ਦੇ ਪਟਿਆਲਾ ਵਿੱਚ ਦੋ ਵੱਖ-ਵੱਖ ਧਰਮਾਂ ਨਾਲ ਸਬੰਧਤ ਜਥੇਬੰਦੀਆਂ ਦੀ ਪੁਲੀਸ ਨਾਲ ਝੜਪ ਹੋ ਗਈ ਹੈ। ਇਹ ਟਕਰਾਅ ਜਲੂਸ ਨੂੰ ਲੈ ਕੇ ਹੋਇਆ ਹੈ। ਪੁਲਿਸ ਵੱਲੋਂ ਰੋਕੇ ਜਾਣ ‘ਤੇ ਇਕ ਧੜੇ ਨੇ ਉਨ੍ਹਾਂ ‘ਤੇ ਪਥਰਾਅ ਕੀਤਾ ਅਤੇ ਦੂਜੇ ਨੇ ਉਸ ‘ਤੇ ਤਲਵਾਰ ਨਾਲ ਹਮਲਾ ਕਰ ਦਿੱਤਾ। ਪੁਲਿਸ ਮੁਤਾਬਕ ਦੋਵਾਂ ਭਾਈਚਾਰਿਆਂ ਨੂੰ ਜਲੂਸ ਕੱਢਣ ਦੀ ਇਜਾਜ਼ਤ ਨਹੀਂ ਸੀ। 

 ਇਸ ਪੂਰੀ ਘਟਨਾ ‘ਚ ਐੱਸਐੱਚਓ ਜ਼ਖਮੀ ਹੋ ਗਿਆ ਹੈ, ਜਦਕਿ ਤਿੰਨ-ਚਾਰ ਜਵਾਨ ਵੀ ਇਸ ਘਟਨਾ ‘ਚ ਜ਼ਖਮੀ ਹੋਏ ਹਨ। ਇਸ ਮੀਟਿੰਗ ਤੋਂ ਬਾਅਦ ਜ਼ਿਲ੍ਹਾ ਮੈਜਿਸਟਰੇਟ ਨੇ ਪਟਿਆਲਾ ਵਿੱਚ ਕਰਫਿਊ ਲਗਾ ਦਿੱਤਾ ਹੈ ਜੋ ਕਿ ਸ਼ਾਮ 7 ਵਜੇ ਤੋਂ ਭਲਕੇ ਸਵੇਰੇ 6 ਵਜੇ ਤੱਕ ਲਾਗੂ ਰਹੇਗਾ ,ਇਸ ਦੇ ਨਾਲ ਹੀ ਪੂਰੇ ਜ਼ਿਲ੍ਹੇ ਵਿੱਚ ਧਾਰਾ 144 ਲਾਗੂ ਕਰ ਦਿੱਤੀ ਗਈ ਹੈ। 

ਜਿੱਥੇ ਖ਼ਾਲਿਸਤਾਨ ਖ਼ਿਲਾਫ਼ ਸ਼ਿਵ ਸੈਨਾ ਬਾਲ ਠਾਕਰੇ ਵੱਲੋਂ ਮਾਰਚ ਕਰਨ ਦਾ ਐਲਾਨ ਕੀਤਾ ਗਿਆ ਸੀ, ਉੱਥੇ ਹੀ ਖਾਲਸਾ ਦੇ ਹੱਕ ਵਿਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੇ ਦਮਦਮੀ ਟਕਸਾਲ ਜਥਾ ਰਾਜਪੁਰਾ ਦੇ ਆਗੂ ਬਲਜਿੰਦਰ ਸਿੰਘ ਪਰਵਾਨਾ ਸਮੇਤ ਕੁਝ ਹੋਰ ਜਥੇਬੰਦੀਆਂ ਨੇ ਐਲਾਨ ਕੀਤਾ ਸੀ, ਜਿਸ ਕਾਰਨ ਵੱਡੀ ਗਿਣਤੀ ਵਿੱਚ ਸਿੱਖ ਨੌਜਵਾਨ ਆਗੂ ਅਤੇ ਨਿਹੰਗ ਸਿੰਘ ਵੀ ਪੁੱਜੇ ਹੋਏ ਹਨ।

  ਪਟਿਆਲਾ ਵਿੱਚ ਅੱਜ ਹਿੰਦੂ ਸੰਗਠਨਾਂ ਅਤੇ ਸਿੱਖ ਜਥੇਬੰਦੀਆਂ ਵਿਚਾਲੇ ਝੜਪ ਨਾਲ ਮਾਹੌਲ ਕਾਫੀ ਤਣਾਅਪੂਰਨ ਬਣ ਗਿਆ ਹੈ। ਹਾਲਾਂਕਿ ਪੁਲਿਸ ਵੱਲੋਂ ਸਥਿਤੀ ‘ਤੇ ਕਾਬੂ ਪਾ ਲਿਆ ਗਿਆ ਪਰ ਸੀਐੱਮ ਭਗਵੰਤ ਮਾਨ ਵੱਲੋਂ ਘਟਨਾ ਨੂੰ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ। ਇਸ ਘਟਨਾ ਤੋਂ ਬਾਅਦ ਸੀਐਮ ਭਗਵੰਤ ਮਾਨ ਨੇ ਉੱਚ ਪੱਧਰੀ ਮੀਟਿੰਗ ਬੁਲਾਈ ਹੈ। ਜਿਸ ਵਿੱਚ ਡੀਜੀਪੀ ਵੀਕੇ ਭਾਵਰਾ ਸਮੇਤ ਕਾਨੂੰਨ ਵਿਵਸਥਾ ਨਾਲ ਸਬੰਧਤ ਸਾਰੇ ਸੀਨੀਅਰ ਅਧਿਕਾਰੀਆਂ ਨੂੰ ਤਲਬ ਕੀਤਾ ਗਿਆ ਹੈ।