ਪੰਜਾਬ ਭਰ ਦੇ ਪਟਵਾਰੀ ਤੇ ਕਾਨੂੰਨਗੋ ਜਿਸ ਪਟਵਾਰੀ ਨੂੰ ਬਚਾਉਣ ਲਈ ਪੰਜਾਬ ਭਰ ‘ਚ ਕੰਮ ਠੱਪ ਕਰਕੇ ਹੜਤਾਲ ਕਰ ਰਹੇ ਹਨ, ਉਸ ਦੇ ਘਰੋਂ ਵਿਜੀਲੈਂਸ ਨੂੰ 33 ਰਜਿਸਟਰੀਆਂ ਮਿਲੀਆਂ ਹਨ। ਇਸ ਤੋਂ ਇਲਾਵਾ ਵਿਜੀਲੈਂਸ ਨੇ ਉਸ ਦੇ ਖਾਤਿਆਂ ‘ਚ ਕਰੋੜਾਂ ਰੁਪਏ ਹੋਣ ਦਾ ਦਾਅਵਾ ਕੀਤਾ ਹੈ। ਹੁਣ ਪਟਵਾਰੀ ਤੇ ਕਾਨੂੰਨਗੋ ਦੀ ਹੜਤਾਲ ਉੱਪਰ ਸਵਾਲ ਉੱਠਣ ਲੱਗੇ ਹਨ।
ਦੱਸ ਦਈਏ ਕਿ ਵਿਜੀਲੈਂਸ ਵੱਲੋਂ ਭ੍ਰਿਸ਼ਟਾਚਾਰ ਦੇ ਦੋਸ਼ ਹੇਠ ਪਿੰਡ ਨਾਰੀਕੇ ਦੇ ਪਟਵਾਰੀ ਤੇ ਦ ਰੈਵੇਨਿਊ ਪਟਵਾਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਦੀਦਾਰ ਸਿੰਘ ਛੋਕਰਾਂ ਖ਼ਿਲਾਫ਼ ਦਰਜ ਕੇਸ ਦਰਜ ਕੀਤਾ ਹੈ। 26 ਅਪਰੈਲ ਨੂੰ ਪਟਵਾਰੀ ਦੀਦਾਰ ਸਿੰਘ ਤੇ ਨੰਬਰਦਾਰ ਤਲਵਿੰਦਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ, ਜਿਸ ਮਗਰੋਂ ਦੋਵੇਂ ਜੁਡੀਸ਼ਲ ਹਿਰਾਸਤ ਦੌਰਾਨ ਸੰਗਰੂਰ ਜੇਲ੍ਹ ’ਚ ਬੰਦ ਹਨ। ਇਸ ਕੇਸ ਨੂੰ ਕਰਾਉਣ ਲਈ ਪੰਜਾਬ ਭਰ ਦੇ ਪਟਵਾਰੀ ਤੇ ਕਾਨੂੰਨਗੋ 15 ਮਈ ਤੱਕ ਸਮੁੱਚਾ ਕੰਮਕਾਜ ਠੱਪ ਕਰਕੇ ਸਮੂਹਕ ਛੁੱਟੀ ’ਤੇ ਚਲੇ ਗਏ ਹਨ।
ਦੂਜੇ ਪਾਸੇ ਵਿਜੀਲੈਂਸ ਵੱਲੋਂ ਉਕਤ ਪਟਵਾਰੀ ਖ਼ਿਲਾਫ਼ ਹੋਰ ਵੱਡੇ ਖੁਲਾਸੇ ਕੀਤੇ ਗਏ ਹਨ। ਵਿਜੀਲੈਂਸ ਵੱਲੋਂ ਪਟਵਾਰੀ ਦੇ ਘਰ ਦੀ ਤਲਾਸ਼ੀ ਦੌਰਾਨ ਕਰੋੜਾਂ ਰੁਪਏ ਦੀ ਜਾਇਦਾਦ, ਬੈਂਕ ਖਾਤਿਆਂ ’ਚ ਲੱਖਾਂ ਰੁਪਏ ਨਕਦੀ ਹੋਣ ਤੇ ਪਟਵਾਰੀ ਦੇ ਅਹੁਦੇ ’ਤੇ ਤਾਇਨਾਤ ਹੋਣ ਦੇ ਬਾਵਜੂਦ ਪਿੰਡ ਦੇ ਨੰਬਰਦਾਰ ਵਜੋਂ ਵੀ ਸਰਕਾਰ ਤੋਂ ਕਰੀਬ ਦੋ ਲੱਖ ਰੁਪਏ ਦਾ ਮਾਣ ਭੱਤਾ ਵਸੂਲਣ ਦਾ ਖੁਲਾਸਾ ਕੀਤਾ ਹੈ।
ਵਿਜੀਲੈਂਸ ਬਿਊਰੋ ਯੂਨਿਟ ਸੰਗਰੂਰ ਦੇ ਉਪ-ਕਪਤਾਨ ਪੁਲਿਸ ਸਤਨਾਮ ਸਿੰਘ ਵਿਰਕ ਨੇ ਦੱਸਿਆ ਕਿ ਤਫ਼ਤੀਸ਼ ਦੌਰਾਨ ਪਤਾ ਲੱਗਿਆ ਹੈ ਕਿ ਪਟਵਾਰੀ ਦੀਦਾਰ ਸਿੰਘ ਪਿੰਡ ਛੋਕਰਾਂ ਦਾ ਮੌਜੂਦਾ ਨੰਬਰਦਾਰ ਵੀ ਹੈ। ਪ੍ਰੀਵੈਨਸ਼ਨ ਆਫ਼ ਕੁਰੱਪਸ਼ਨ ਐਕਟ ਦੀ ਧਾਰਾ ਅਨੁਸਾਰ ਨੰਬਰਦਾਰ ‘ਪਬਲਿਕ ਸਰਵੈਂਟ’ ਦੇ ਘੇਰੇ ਵਿੱਚ ਆਉਂਦਾ ਹੈ ਤੇ ਪਟਵਾਰੀ ਦੀਦਾਰ ਸਿੰਘ ਨੇ ਬਤੌਰ ਨੰਬਰਦਾਰ ਹੁਣ ਤੱਕ ਕੁੱਲ 2 ਲੱਖ, ਇੱਕ ਹਜ਼ਾਰ ਰੁਪਏ ਮਾਣ ਭੱਤਾ ਹਾਸਲ ਕਰਕੇ ਪੰਜਾਬ ਸਰਕਾਰ ਦੇ ਖਜ਼ਾਨੇ ਨੂੰ ਨੁਕਸਾਨ ਪਹੁੰਚਾਇਆ ਹੈ। ਮਾਲ ਵਿਭਾਗ ਦੇ ਨਿਯਮਾਂ ਅਤੇ ਕਾਨੂੰਨਾਂ ਤੋਂ ਭਲੀਭਾਂਤ ਜਾਣੂ ਹੋਣ ਦੇ ਬਾਵਜੂਦ ਪਟਵਾਰੀ ਨੇ ਇਹ ਕਾਰਜ ਬਦਨੀਤੀ ਨਾਲ ਕੀਤਾ ਹੈ, ਜਿਸ ਸਬੰਧੀ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।
ਡੀਐਸਪੀ ਨੇ ਦਾਅਵਾ ਕੀਤਾ ਕਿ ਪਟਵਾਰੀ ਦੇ ਘਰ ਦੀ ਤਲਾਸ਼ੀ ਦੌਰਾਨ ਕਰੀਬ ਵੱਖ-ਵੱਖ ਨਾਵਾਂ ’ਤੇ 33 ਰਜਿਸਟਰੀਆਂ ਮਿਲੀਆਂ ਹਨ, ਜਿਨ੍ਹਾਂ ਰਾਹੀਂ ਖਰੀਦ ਕੀਤੀ ਜਾਇਦਾਦ ’ਤੇ ਕਰੀਬ 1 ਕਰੋੜ 77 ਲੱਖ ਰੁਪਏ ਖਰਚ ਕੀਤੇ ਗਏ ਹਨ। ਇਸ ਤੋਂ ਇਲਾਵਾ ਬੈਂਕ ਵਿਚਲੇ ਵੱਖ-ਵੱਖ ਖਾਤਿਆਂ ਵਿੱਚ ਕਰੀਬ 25 ਲੱਖ ਰੁਪਏ ਜਮ੍ਹਾਂ ਹਨ।
ਉਨ੍ਹਾਂ ਦੱਸਿਆ ਕਿ ਅਦਾਲਤ ਦੇ ਹੁਕਮਾਂ ਤਹਿਤ ਪਟਵਾਰੀ ਦੇ ਮਾਲੇਰਕੋਟਲਾ ਸਥਿਤ ਇੱਕ ਨਿੱਜੀ ਬੈਂਕ ਦੇ ਲਾਕਰ ਦੀ ਤਲਾਸ਼ੀ ਲਈ ਜਾਣੀ ਸੀ, ਪਰ ਮੁਲਜ਼ਮ ਵੱਲੋਂ ਲਾਕਰ ਦੀ ਚਾਬੀ ਮੁਹੱਈਆ ਨਹੀਂ ਕਰਵਾਈ ਗਈ। ਅਦਾਲਤ ਦੇ ਹੁਕਮਾਂ ਅਨੁਸਾਰ ਹੁਣ ਇਹ ਲਾਕਰ ਸੀਲ ਕਰ ਦਿੱਤਾ ਗਿਆ ਹੈ ਤੇ ਮੁਕੱਮਦੇ ਦੀ ਤਫਤੀਸ਼ ਜਾਰੀ ਹੈ।