ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਹੇਠਹੋਈ ਧਰਮ ਪ੍ਰਚਾਰ ਕਮੇਟੀ ਦੀ ਇਕੱਤਰਤਾ ਵਿਚ ਸ਼੍ਰੋਮਣੀ ਕਮੇਟੀ ਦੇ ਹਰ ਹਲਕੇ ਅੰਦਰ ਇਕ ਵਿਸ਼ਾਲ ਗੁਰਮਤਿ ਸਮਾਗਮ ਅਤੇ ਅੰਮ੍ਰਿਤ ਸੰਚਾਰ ਸਮਾਗਮ ਕਰਵਾਉਣ ਦੇ ਨਾਲ-ਨਾਲ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਪਿੰਡਾਂ ਅਤੇ ਸ਼ਹਿਰਾਂ ਅੰਦਰ ਗੁਰਮਤਿ ਕੈਂਪ ਲਗਾ ਕੇ ਵਿਦਿਆਰਥੀਆਂ ਨੂੰ ਗੁਰਬਾਣੀ, ਸਿੱਖ ਰਹਿਤ ਮਰਯਾਦਾ ਅਤੇ ਗੁਰ-ਇਤਿਹਾਸ ਦੀ ਮੁੱਢਲੀ ਜਾਣਕਾਰੀ ਦੇਣ ਦੇ ਦਾ ਫੈਸਲਾ ਕੀਤਾ ਗਿਆ ਹੈ। ਇਸ ਦੇ ਨਾਲ ਹੀ ਧਰਮ ਪ੍ਰਚਾਰ ਕਮੇਟੀ ਸਮੇਂ ਦੀ ਲੋੜ ਅਨੁਸਾਰ ਧਰਮ ਪ੍ਰਚਾਰ ਲਹਿਰ ਨੂੰ ਅੰਤਰਰਾਸ਼ਟਰੀ ਪੱਧਰ ’ਤੇ ਲਿਜਾਣ ਦੇ ਮਕਸਦ ਨਾਲ ਡਿਜ਼ੀਟਲ ਮਾਧਿਅਮ ਰਾਹੀਂ ਵੀ ਸਿੱਖੀ ਪ੍ਰਚਾਰ ਦੇ ਪ੍ਰੋਗਰਾਮ ਕਰੇਗੀ।
ਧਰਮ ਪ੍ਰਚਾਰ ਕਮੇਟੀ ਦੀ ਇਕੱਤਰਤਾ ਦੇ ਫੈਸਲਿਆਂ ਬਾਰੇ ਜਾਣਕਾਰੀ ਦਿੰਦੇ ਹੋਏ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਦੱਸਿਆ ਕਿ ਜ਼ੋਰਦਾਰ ਧਰਮ ਪ੍ਰਚਾਰ ਲਹਿਰ ਤਹਿਤ ਪੰਜਾਬ ਦੇ ਸਾਰੇ ਪਿੰਡਾਂ ਵਿਚ ਪ੍ਰਚਾਰਕ ਜਥੇ ਭੇਜੇ ਜਾਣਗੇ ਅਤੇ ਸ਼੍ਰੋਮਣੀ ਕਮੇਟੀ ਮੈਂਬਰਾਂ ਦੇ ਸਹਿਯੋਗ ਨਾਲ ਹਰ ਹਲਕੇ ਵਿਚ ਇਕ ਵਿਸ਼ਾਲ ਗੁਰਮਤਿ ਸਮਾਗਮ ਅਤੇ ਕੀਰਤਨ ਦਰਬਾਰ ਕੀਤਾ ਜਾਵੇਗਾ। ਇਸ ਸਮਾਗਮ ਦੌਰਾਨ ਅੰਮ੍ਰਿਤ ਸੰਚਾਰ ਵੀ ਹੋਵੇਗਾ। ਇਸ ਦੇ ਨਾਲ ਹੀ ਧਰਮ ਪ੍ਰਚਾਰ ਕਮੇਟੀ ਵੱਲੋਂ ਚਲਾਏ ਜਾਂਦੇ ਸਿੱਖ ਮਿਸ਼ਨਰੀ ਕਾਲਜਾਂ ਅਤੇ ਗੁਰਮਤਿ ਵਿਦਿਆਲਿਆਂ ਦੇ ਵਿਦਿਆਰਥੀਆਂ ਅਤੇ ਸਟਾਫ਼ ਵੱਲੋਂ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਗੁਰਦੁਆਰਾ ਸਾਹਿਬਾਨ ਅੰਦਰ ਗੁਰਮਤਿ ਸਿਖਲਾਈ ਕੈਂਪ ਲਗਾਏ ਜਾਣਗੇ। ਇਨ੍ਹਾਂ ਕੈਂਪਾਂ ਦੌਰਾਨ ਹਰ ਪਿੰਡ ਵਿਚ ਇਕ ਮਹੀਨਾ ਗੁਰਬਾਣੀ, ਗੁਰ-ਇਤਿਹਾਸ ਅਤੇ ਸਿੱਖ ਰਹਿਤ ਮਰਯਾਦਾ ਬਾਰੇ ਜਾਣਕਾਰੀ ਸਾਂਝੀ ਕੀਤੀ ਜਾਵੇਗੀ ਅਤੇ ਕੈਂਪ ਦੀ ਸਮਾਪਤੀ ਸਮੇਂ ਨਸ਼ਿਆਂ ਵਿਰੁੱਧ ਮਾਰਚ ਕੱਢਿਆ ਜਾਵੇਗਾ।
ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਦੱਸਿਆ ਕਿ ਮੌਜੂਦਾ ਸਮਾਂ ਤਕਨੀਕ ਦਾ ਹੈ, ਜਿਸ ਨੂੰ ਵੇਖਦਿਆਂ ਡਿਜੀਟਲ ਮਾਧਿਅਮ ਰਾਹੀਂ ਵੀ ਸਿੱਖੀ ਪ੍ਰਚਾਰ ਕੀਤਾ ਜਾਵੇਗਾ। ਇਸ ਤਹਿਤ ਸੋਸ਼ਲ ਮੀਡੀਆਂ ਦੇ ਮੰਚਾਂ ਤੋਂ ਢਾਡੀ, ਕਵੀਸ਼ਰ ਤੇ ਪ੍ਰਚਾਰਕ ਧਰਮ ਪ੍ਰਚਾਰ ਦਾ ਕਾਰਜ ਕਰਨਗੇ।
ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਵਿਦਿਅਕ ਅਦਾਰਿਆਂ ਵਿਚ ਧਾਰਮਿਕ ਸਿੱਖਿਆ ਦੇ ਰਹੇ ਅਧਿਆਪਕਾਂ ਅਤੇ ਗੁਰਮਤਿ ਕਾਲਜਾਂ ਅਤੇ ਵਿਦਿਆਲਿਆਂ ਦੇ ਸਟਾਫ ਦੇ 5 ਰੋਜ਼ਾ ਗੁਰਮਤਿ ਕੈਂਪਾਂ ਦਾ ਆਯੋਜਨ ਕਰਨ ਦਾ ਵੀ ਫੈਸਲਾ ਕੀਤਾ ਗਿਆ ਹੈ। ਗੁਰਮਤਿ ਸਿੱਖਿਆ ਅਤੇ ਅਧਿਆਪਨ ਸੇਧਾਂ ਦੇ ਵਿਸ਼ੇ ਤਹਿਤ ਇਨ੍ਹਾਂ ਰਿਫਰੈਸ਼ਰ ਕੈਂਪਾਂ ਦੌਰਾਨ ਗੁਰਮਤਿ ਦੇ ਮਾਹਿਰ ਵਿਦਵਾਨ ਸੰਬੋਧਨ ਕਰਨਗੇ ਅਤੇ ਇਸ ਦੇ ਨਾਲ ਹੀ ਮੌਜੂਦਾ ਪੰਥਕ ਚੁਣੌਤੀਆਂ ਦੇ ਟਾਕਰੇ ਲਈ ਸਿੱਖ ਨੌਜੁਆਨੀ ਨੂੰ ਤਿਆਰ ਕਰਨ ਲਈ ਅਧਿਆਪਕਾਂ ਨੂੰ ਪ੍ਰੇਰਿਤ ਕੀਤਾ ਜਾਵੇਗਾ। ਇਸ ਇਕੱਤਰਤਾ ਦੌਰਾਨ ਧਰਮ ਪ੍ਰਚਾਰ ਕਮੇਟੀ ਦੇ ਪ੍ਰਬੰਧਕੀ ਮਾਮਲਿਆਂ ਦਾ ਸਰਲੀਕਰਨ ਕੀਤਾ ਗਿਆ।