ਕੋਰੋਨਾ ਮਹਾਂਮਾਰੀ ਰੁਕਣ ਦਾ ਨਾਮ ਨਹੀਂ ਲੈ ਰਹੀ ਉੱਥੇ ਹੀ ਦੂਜੇ ਪਾਸੇ ਦੁਨੀਆ ਭਰ ‘ਚ ਮੰਕੀਪਾਕਸ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ। 76 ਦੇਸ਼ਾਂ ਵਿੱਚ ਫੈਲੀ ਮੰਕੀਪਾਕਸ ਨਾਮ ਦੀ ਲਾਗ ਦਾ ਅੰਕੜਾ 19 ਹਜ਼ਾਰ ਤੋਂ ਪਾਰ ਹੋ ਚੁੱਕਿਆ ਹੈ। ਇਕੱਲੇ ਅਮਰੀਕਾ ‘ਚ ਹੁਣ ਤੱਕ 3,500 ਤੋਂ ਜ਼ਿਆਦਾ ਕੇਸ ਦਰਜ ਕੀਤੇ ਜਾ ਚੁੱਕੇ ਹਨ। ਇਸ ਨੂੰ ਦੇਖਦਿਆਂ ਇਹ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਅਮਰੀਕਾ ਦੁਨੀਆ ਭਰ ਵਿੱਚੋਂ ਇਸ ਬਿਮਾਰੀ ਦਾ ਹੋਟਸਪੋਟ ਬਣ ਸਕਦਾ ਹੈ।
ਅਮਰੀਕਾ ਦੇ ਸੈਂਟਰ ਫਾਰ ਡਿਜੀਜ਼ ਕੰਟਰੋਲ ਮੁਤਾਬਕ ਮੰਕੀਪੈਕਸ ਦੇ ਕੁੱਲ 19 ਹਜ਼ਾਰ ਵਿੱਚ ਲਗਭਗ 18 ਹਜ਼ਾਰ ਕੇਸ ਉਨਾਂ 70 ਦੇਸ਼ਾਂ ਵਿੱਚ ਸਾਹਮਣੇ ਆਏ ਹਨ, ਜਿੱਥੇ ਇਸ ਬਿਮਾਰੀ ਦਾ ਕੋਈ ਇਤਿਹਾਸ ਨਹੀਂ ਰਿਹਾ। ਅਮਰੀਕਾ ਵਿੱਚ 27 ਜੁਲਾਈ ਨੂੰ ਮੰਕੀਪਾਕਸ ਦੇ ਸਭ ਤੋਂ ਵੱਧ ਮਾਮਲੇ ਸਾਹਮਣੇ ਆਏ ਸਨ। ਦੇਸ਼ ਭਰ ਵਿੱਚ ਹੁਣ ਤੱਕ 3500 ਤੋਂ ਵੱਧ ਮਾਮਲੇ ਸਾਹਮਣੇ ਆ ਚੁੱਕੇ ਹਨ। ਇਸ ਨੂੰ ਦੇਖਦਿਆਂ ਇਹ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਕੋਰੋਨਾ ਦੀ ਸਭ ਤੋਂ ਵੱਧ ਮਾਰ ਝੱਲਣ ਵਾਲਾ ਅਮਰੀਕਾ ਹੀ ਆਉਣ ਵਾਲੇ ਦਿਨਾਂ ਵਿੱਚ ਇਸ ਬਿਮਾਰੀ ਦਾ ਦੁਨੀਆ ਵਿੱਚ ਹੋਟਸਪੋਟ ਬਣ ਸਕਦਾ ਹੈ।
ਸਪੇਨ ਵਿੱਚ ਹੁਣ ਤੱਕ ਇਸ ਦੇ ਸਭ ਤੋਂ ਵੱਧ ਕੇਸ ਸਾਹਮਣੇ ਆਏ ਹਨ। ਇੱਥੇ ਇਸ ਦੇ ਮਾਮਲਿਆਂ ਦੀ ਗਿਣਤੀ 3738 ਤੱਕ ਪਹੁੰਚ ਗਈ ਹੈ। ਜਰਮਨੀ ਅਤੇ ਬਰਤਾਨੀਆ ਵਿੱਚ ਵੀ ਇਸ ਦੇ 2400 ਤੋਂ ਵੱਧ ਮਾਮਲੇ ਸਾਹਮਣੇ ਆ ਚੁੱਕੇ ਹਨ। ਫਿਲਹਾਲ ਯੂਰਪ ‘ਤੇ ਇਸ ਦਾ ਸਭ ਤੋਂ ਮਾੜਾ ਅਸਰ ਦੇਖਣ ਨੂੰ ਮਿਲ ਰਿਹਾ ਹੈ। ਉੱਧਰ ਅਮਰੀਕਾ ਦੇ ਪਬਲਿਕ ਹੈਲਥ ਅਧਿਕਾਰੀ ਦਾ ਕਹਿਣਾ ਹੈ ਕਿ ਦੇਸ਼ ਵਿੱਚ ਜਿੰਨੇ ਮਾਮਲੇ ਮੰਕੀਪਕਸ ਦੇ ਸਾਹਮਣੇ ਆਏ ਹਨ, ਉਨ੍ਹਾਂ ਤੋਂ ਕਿਤੇ ਜ਼ਿਆਦਾ ਮਾਮਲੇ ਦੇਸ਼ ਵਿੱਚ ਹੋ ਸਕਦੇ ਹਨ। ਆਉਣ ਵਾਲੇ ਦਿਨਾਂ ਵਿੱਚ ਟੈਸਟਿੰਗ ਤੋਂ ਬਾਅਦ ਇਨ੍ਹਾਂ ਦਾ ਖੁਲਾਸਾ ਵੀ ਹੋ ਜਾਵੇਗਾ। ਸੀਡੀਸੀ ਦੇ ਡਾਇਰੈਕਟਰ ਰੋਸ਼ੇਲ ਵੈਲੇਂਸਕੀ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਸ਼ੱਕ ਪ੍ਰਗਟ ਕੀਤਾ ਕਿ ਆਉਣ ਵਾਲੇ ਦਿਨਾਂ ਵਿੱਚ ਅਮਰੀਕਾ ‘ਚ ਤੇਜ਼ੀ ਨਾਲ ਮੰਕੀਪਾਕਸ ਦੇ ਮਾਮਲੇ ਵਧ ਸਕਦੇ ਹਨ। ਉਨ੍ਹਾਂ ਕਿਹਾ ਕਿ ਇਸ ਦੇ ਲੱਛਣ ਬਿਮਾਰੀ ਦੀ ਲਪੇਟ ‘ਚ ਆਉਣ ਤੋਂ ਲਗਭਗ 3 ਹਫ਼ਤੇ ਬਾਅਦ ਦਿਖਾਈ ਦਿੰਦੇ ਹਨ। ਇਸ ਲਈ ਇਸ ਮਹੀਨੇ ਦੇਸ਼ ਵਿੱਚ ਜ਼ਿਆਦਾ ਮਾਮਲੇ ਸਾਹਮਣੇ ਆ ਸਕਦੇ ਹਨ।