Home » ਮੁੱਖ ਮੰਤਰੀ ਨੇ ਖੁਦ ਵਾਲੀਬਾਲ ਖੇਡ ਕੇ ‘ਖੇਡਾਂ ਵਤਨ ਪੰਜਾਬ ਦੀਆਂ’ ਦੇ ਖੇਡ ਮੁਕਾਬਲਿਆਂ ਦਾ ਸ਼ਾਨਦਾਰ ਆਗਾਜ਼ ਕੀਤਾ…
Home Page News India India News India Sports Sports Sports

ਮੁੱਖ ਮੰਤਰੀ ਨੇ ਖੁਦ ਵਾਲੀਬਾਲ ਖੇਡ ਕੇ ‘ਖੇਡਾਂ ਵਤਨ ਪੰਜਾਬ ਦੀਆਂ’ ਦੇ ਖੇਡ ਮੁਕਾਬਲਿਆਂ ਦਾ ਸ਼ਾਨਦਾਰ ਆਗਾਜ਼ ਕੀਤਾ…

Spread the news

ਸਥਾਨਕ ਗੁਰੂ ਗੋਬਿੰਦ ਸਿੰਘ ਸਟੇਡੀਅਮ ਉਸ ਵੇਲੇ ਖੇਡਾਂ ਦੇ ਰੰਗ ਵਿੱਚ ਪੂਰੀ ਤਰ੍ਹਾਂ ਰੰਗਿਆ ਗਿਆ ਜਦੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਵਾਲੀਬਾਲ ਮੈਚ ‘ਚ ਹਿੱਸਾ ਲੈ ਕੇ ‘ਖੇਡਾਂ ਵਤਨ ਪੰਜਾਬ ਦੀਆਂ’ ਦੇ ਖੇਡ ਮੁਕਾਬਲਿਆਂ ਦਾ ਸ਼ਾਨਦਾਰ ਆਗਾਜ਼ ਕੀਤਾ।

ਜਿਵੇਂ ਹੀ ਮੁੱਖ ਮੰਤਰੀ ਨੇ ਖਚਾਖਚ ਭਰੇ ਸਟੇਡੀਅਮ ਵਿੱਚ ਆਪਣਾ ਭਾਸ਼ਣ ਖਤਮ ਕੀਤਾ ਤਾਂ ਵਾਲੀਬਾਲ ਮੈਚ ਸ਼ੁਰੂ ਕਰਨ ਦਾ ਐਲਾਨ ਕਰ ਦਿੱਤਾ ਗਿਆ। ਮੁੱਖ ਮੰਤਰੀ ਦੀ ਵਾਲੀਬਾਲ ਵਿੱਚ ਡੂੰਘੀ ਦਿਲਚਸਪੀ ਨੂੰ ਮੰਚ ਸੰਚਾਲਕ ਚੰਗੀ ਤਰ੍ਹਾਂ ਸਮਝਦਾ ਸੀ ਜਿਸ ਕਰਕੇ ਉਸ ਨੇ ਓਸੇ ਵੇਲੇ ਉਨ੍ਹਾਂ ਨੂੰ ਸਟੇਡੀਅਮ ਵਿੱਚ ਮੈਚ ਖੇਡਣ ਦੀ ਅਪੀਲ ਕੀਤੀ। ਮੁੱਖ ਮੰਤਰੀ ਨੇ ਵੀ ਹਾਮੀ ਭਰਨ ਵਿਚ ਦੇਰ ਨਾ ਲਾਈ ਅਤੇ ਮੈਚ ਵਿੱਚ ਹਿੱਸਾ ਲੈਣ ਲਈ ਤੁਰੰਤ ਮੈਦਾਨ ਵਿੱਚ ਕੁੱਦ ਪਏ। ਮੈਚ ਵਿਚ ਸ਼ਿਰਕਤ ਕਰਨ ਲਈ ਸਟੇਡੀਅਮ ਵਿੱਚ ਹਜ਼ਾਰਾਂ ਦਰਸ਼ਕ ਮੁੱਖ ਮੰਤਰੀ ਦੀ ਖੇਡ ਭਾਵਨਾ ਦੇ ਕਾਇਲ ਹੋ ਗਏ। ਮੈਚ ਦੌਰਾਨ ਉਨ੍ਹਾਂ ਨੇ ਵਾਲੀਬਾਲ ਦੇ ਮੈਦਾਨ ਵਿੱਚ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ।

ਭਗਵੰਤ ਮਾਨ ਨੇ ਸ਼ਾਨਦਾਰ ਖੇਡ ਭਾਵਨਾ ਦਾ ਮੁਜ਼ਾਹਰਾ ਕਰਦਿਆਂ ਆਪਣੀ ਟੀਮ ਦੀ ਜਿੱਤ ਯਕੀਨੀ ਬਣਾਈ। ਮੈਦਾਨ ਵਿਚ ਮੁੱਖ ਮੰਤਰੀ ਦੀ ਸਰਗਰਮ ਮੌਜੂਦਗੀ ਨੇ ਖਿਡਾਰੀਆਂ ਅਤੇ ਦਰਸ਼ਕਾਂ ਨੂੰ ਜੋਸ਼ ਅਤੇ ਉਤਸ਼ਾਹ ਨਾਲ ਲਬੋ-ਲਬ ਕਰ ਦਿੱਤਾ।

ਇਸ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਇਹ ਉਨ੍ਹਾਂ ਦੇ ਜੀਵਨ ਦਾ ਸ਼ਾਨਦਾਰ ਤੇ ਯਾਦਗਾਰੀ ਦਿਨ ਹੈ ਕਿਉਂਕਿ ਉਨ੍ਹਾਂ ਦੇ ਜਵਾਨੀ ਦੇ ਦਿਨਾਂ ਦੀਆਂ ਯਾਦਾਂ ਤਰੋ-ਤਾਜ਼ਾ ਹੋ ਗਈਆਂ ਹਨ। ਉਨ੍ਹਾਂ ਕਿਹਾ ਕਿ ਖੇਡਾਂ ਹੀ ਇੱਕ ਅਜਿਹਾ ਜ਼ਰੀਆ ਹਨ ਜਿਸ ਰਾਹੀਂ ਨੌਜਵਾਨਾਂ ਦੀ ਬੇਅੰਤ ਊਰਜਾ ਨੂੰ ਸਕਾਰਾਤਮਕ ਦਿਸ਼ਾ ਵਿਚ ਲਿਜਾਇਆ ਜਾ ਸਕਦਾ ਹੈ। ਭਗਵੰਤ ਮਾਨ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਸੂਬੇ ਵਿੱਚ ਖੇਡ ਗਤੀਵਿਧੀਆਂ ਨੂੰ ਪ੍ਰਫੁੱਲਤ ਕਰਨ ਲਈ ਪੂਰਨ ਤੌਰ ਉੱਤੇ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਖਿਡਾਰੀਆਂ ਵੱਲੋਂ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਉੱਤੇ ਮੱਲਾਂ ਮਾਰਨ ਨੂੰ ਯਕੀਨੀ ਬਣਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।