Amrit Vele da mukhwakh shri Harmandar sahib amritsar sahib ji, Ang-624, 08-09-2022
ਸੋਰਠਿ ਮਹਲਾ ੫ ॥ ਗਈ ਬਹੋੜੁ ਬੰਦੀ ਛੋੜੁ ਨਿਰੰਕਾਰੁ ਦੁਖਦਾਰੀ ॥ ਕਰਮੁ ਨ ਜਾਣਾ ਧਰਮੁ ਨ ਜਾਣਾ ਲੋਭੀ ਮਾਇਆਧਾਰੀ ॥ ਨਾਮੁ ਪਰਿਓ ਭਗਤੁ ਗੋਵਿੰਦ ਕਾ ਇਹ ਰਾਖਹੁ ਪੈਜ ਤੁਮਾਰੀ ॥੧॥ ਹਰਿ ਜੀਉ ਨਿਮਾਣਿਆ ਤੂ ਮਾਣੁ ॥ ਨਿਚੀਜਿਆ ਚੀਜ ਕਰੇ ਮੇਰਾ ਗੋਵਿੰਦੁ ਤੇਰੀ ਕੁਦਰਤਿ ਕਉ ਕੁਰਬਾਣੁ ॥ ਰਹਾਉ ॥ ਜੈਸਾ ਬਾਲਕੁ ਭਾਇ ਸੁਭਾਈ ਲਖ ਅਪਰਾਧ ਕਮਾਵੈ ॥ ਕਰਿ ਉਪਦੇਸੁ ਝਿੜਕੇ ਬਹੁ ਭਾਤੀ ਬਹੁੜਿ ਪਿਤਾ ਗਲਿ ਲਾਵੈ ॥ ਪਿਛਲੇ ਅਉਗੁਣ ਬਖਸਿ ਲਏ ਪ੍ਰਭੁ ਆਗੈ ਮਾਰਗਿ ਪਾਵੈ ॥੨॥ ਹਰਿ ਅੰਤਰਜਾਮੀ ਸਭ ਬਿਧਿ ਜਾਣੈ ਤਾ ਕਿਸੁ ਪਹਿ ਆਖਿ ਸੁਣਾਈਐ ॥ ਕਹਣੈ ਕਥਨਿ ਨ ਭੀਜੈ ਗੋਬਿੰਦੁ ਹਰਿ ਭਾਵੈ ਪੈਜ ਰਖਾਈਐ ॥ ਅਵਰ ਓਟ ਮੈ ਸਗਲੀ ਦੇਖੀ ਇਕ ਤੇਰੀ ਓਟ ਰਹਾਈਐ ॥੩॥ ਹੋਇ ਦਇਆਲੁ ਕਿਰਪਾਲੁ ਪ੍ਰਭੁ ਠਾਕੁਰੁ ਆਪੇ ਸੁਣੈ ਬੇਨੰਤੀ ॥ ਪੂਰਾ ਸਤਗੁਰੁ ਮੇਲਿ ਮਿਲਾਵੈ ਸਭ ਚੂਕੈ ਮਨ ਕੀ ਚਿੰਤੀ ॥ ਹਰਿ ਹਰਿ ਨਾਮੁ ਅਵਖਦੁ ਮੁਖਿ ਪਾਇਆ ਜਨ ਨਾਨਕ ਸੁਖਿ ਵਸੰਤੀ ॥੪॥੧੨॥੬੨॥
ਵਿਆਖਿਆ: ਹੇ ਪ੍ਰਭੂ! ਤੂੰ (ਆਤਮਕ ਜੀਵਨ ਦੀ) ਗਵਾਚੀ ਹੋਈ (ਰਾਸਿ-ਪੂੰਜੀ) ਨੂੰ ਵਾਪਸ ਦਿਵਾਣ ਵਾਲਾ ਹੈਂ, ਤੂੰ (ਵਿਕਾਰਾਂ ਦੀ) ਕੈਦ ਵਿਚੋਂ ਛੁਡਾਣ ਵਾਲਾ ਹੈਂ, ਤੇਰਾ ਕੋਈ ਖ਼ਾਸ ਸਰੂਪ ਨਹੀਂ ਦੱਸਿਆ ਜਾ ਸਕਦਾ, ਤੂੰ (ਜੀਵਾਂ ਨੂੰ) ਦੁੱਖਾਂ ਵਿਚ ਢਾਰਸ ਦੇਣ ਵਾਲਾ ਹੈਂ। ਹੇ ਪ੍ਰਭੂ! ਮੈਂ ਕੋਈ ਚੰਗਾ ਕਰਮ ਕੋਈ ਚੰਗਾ ਧਰਮ ਕਰਨਾ ਨਹੀਂ ਜਾਣਦਾ, ਮੈਂ ਲੋਭ ਵਿਚ ਫਸਿਆ ਰਹਿੰਦਾ ਹਾਂ, ਮੈਂ ਮਾਇਆ ਦੇ ਮੋਹ ਵਿਚ ਗ੍ਰਸਿਆ ਰਹਿੰਦਾ ਹਾਂ। ਪਰ ਹੇ ਪ੍ਰਭੂ! ਮੇਰਾ ਨਾਮ ‘ਗੋਬਿੰਦ ਦਾ ਭਗਤ’ ਪੈ ਗਿਆ ਹੈ। ਸੋ, ਹੁਣ ਤੂੰ ਆਪਣੇ ਨਾਮ ਦੀ ਆਪ ਲਾਜ ਰੱਖ ॥੧॥ ਹੇ ਪ੍ਰਭੂ ਜੀ! ਤੂੰ ਉਹਨਾਂ ਬੰਦਿਆਂ ਨੂੰ ਮਾਣ ਦੇਂਦਾ ਹੈਂ, ਜਿਨ੍ਹਾਂ ਦਾ ਹੋਰ ਕੋਈ ਮਾਣ ਨਹੀਂ ਕਰਦਾ। ਮੈਂ ਤੇਰੀ ਤਾਕਤ ਤੋਂ ਸਦਕੇ ਜਾਂਦਾ ਹਾਂ। ਹੇ ਭਾਈ! ਮੇਰਾ ਗੋਬਿੰਦ ਨਕਾਰਿਆਂ ਨੂੰ ਭੀ ਆਦਰ-ਜੋਗ ਬਣਾ ਦੇਂਦਾ ਹੈ ॥ ਰਹਾਉ ॥ ਹੇ ਭਾਈ! ਜਿਵੇਂ ਕੋਈ ਬੱਚਾ ਆਪਣੀ ਲਗਨ ਅਨੁਸਾਰ ਸੁਭਾਵ ਅਨੁਸਾਰ ਲੱਖਾਂ ਗ਼ਲਤੀਆਂ ਕਰਦਾ ਹੈ, ਉਸ ਦਾ ਪਿਉ ਉਸ ਨੂੰ ਸਿੱਖਿਆ ਦੇ ਦੇ ਕੇ ਕਈ ਤਰੀਕਿਆਂ ਨਾਲ ਝਿੜਕਦਾ ਭੀ ਹੈ, ਪਰ ਫਿਰ ਆਪਣੇ ਗਲ ਨਾਲ (ਉਸ ਨੂੰ) ਲਾ ਲੈਂਦਾ ਹੈ, ਇਸੇ ਤਰ੍ਹਾਂ ਪ੍ਰਭੂ-ਪਿਤਾ ਭੀ ਜੀਵਾਂ ਦੇ ਪਿਛਲੇ ਗੁਨਾਹ ਬਖ਼ਸ਼ ਲੈਂਦਾ ਹੈ, ਤੇ ਅਗਾਂਹ ਵਾਸਤੇ (ਜੀਵਨ ਦੇ) ਠੀਕ ਰਸਤੇ ਉਤੇ ਪਾ ਦੇਂਦਾ ਹੈ ॥੨॥ ਹੇ ਭਾਈ! ਪਰਮਾਤਮਾ ਹਰੇਕ ਦੇ ਦਿਲ ਦੀ ਜਾਣਨ ਵਾਲਾ ਹੈ, (ਜੀਵਾਂ ਦੀ) ਹਰੇਕ (ਆਤਮਕ) ਹਾਲਤ ਨੂੰ ਜਾਣਦਾ ਹੈ। (ਉਸ ਨੂੰ ਛੱਡ ਕੇ) ਹੋਰ ਕਿਸ ਪਾਸ (ਆਪਣੀ ਬਿਰਥਾ) ਆਖ ਕੇ ਸੁਣਾਈ ਜਾ ਸਕਦੀ ਹੈ ? ਹੇ ਭਾਈ! ਪਰਮਾਤਮਾ ਨਿਰੀਆਂ ਜ਼ਬਾਨੀ ਗੱਲਾਂ ਨਾਲ ਖ਼ੁਸ਼ ਨਹੀਂ ਹੁੰਦਾ। (ਕਰਣੀ ਕਰ ਕੇ ਜੇਹੜਾ ਮਨੁੱਖ) ਪਰਮਾਤਮਾ ਨੂੰ ਚੰਗਾ ਲੱਗ ਪੈਂਦਾ ਹੈ, ਉਸ ਦੀ ਉਹ ਇੱਜ਼ਤ ਰੱਖ ਲੈਂਦਾ ਹੈ। ਹੇ ਪ੍ਰਭੂ! ਮੈਂ ਹੋਰ ਸਾਰੇ ਆਸਰੇ ਵੇਖ ਲਏ ਹਨ, ਮੈਂ ਇਕ ਤੇਰਾ ਆਸਰਾ ਹੀ ਰੱਖਿਆ ਹੋਇਆ ਹੈ ॥੩॥ ਹੇ ਭਾਈ! ਮਾਲਕ-ਪ੍ਰਭੂ ਦਇਆਵਾਨ ਹੋ ਕੇ ਕਿਰਪਾਲ ਹੋ ਕੇ ਆਪ ਹੀ (ਜਿਸ ਮਨੁੱਖ ਦੀ) ਬੇਨਤੀ ਸੁਣ ਲੈਂਦਾ ਹੈ, ਉਸ ਨੂੰ ਪੂਰਾ ਗੁਰੂ ਮਿਲਾ ਦੇਂਦਾ ਹੈ (ਇਸ ਤਰ੍ਹਾਂ, ਉਸ ਮਨੁੱਖ ਦੇ) ਮਨ ਦੀ ਹਰੇਕ ਚਿੰਤਾ ਮੁੱਕ ਜਾਂਦੀ ਹੈ। ਦਾਸ ਨਾਨਕ ਜੀ! (ਆਖੋ – ਗੁਰੂ ਜਿਸ ਮਨੁੱਖ ਦੇ) ਮੂੰਹ ਵਿਚ ਪਰਮਾਤਮਾ ਦਾ ਨਾਮ-ਦਵਾਈ ਪਾ ਦੇਂਦਾ ਹੈ, ਉਹ ਮਨੁੱਖ ਆਤਮਕ ਆਨੰਦ ਵਿਚ ਜੀਵਨ ਬਿਤੀਤ ਕਰਦਾ ਹੈ ॥੪॥੧੨॥੬੨॥