ਆਕਲੈਂਡ(ਬਲਜਿੰਦਰ ਸਿੰਘ ਰੰਧਾਵਾ)ਪਿਛਲੇ ਮਹੀਨੇ ਆਕਲੈਂਡ ‘ਚ ਇੱਕ ਸੂਟਕੇਸ ਵਿੱਚੋਂ ਦੋ ਛੋਟੇ ਬੱਚਿਆਂ ਦੀਆਂ ਲਾਸ਼ਾਂ ਮਿਲਣ ਦੇ ਮਾਮਲੇ ਵਿੱਚ ਦੱਖਣੀ ਕੋਰੀਆ ‘ਚ ਇੱਕ ਔਰਤ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਦੱਖਣੀ ਕੋਰੀਆ ਦੇ ਅਧਿਕਾਰੀਆਂ ਨੇ ਅੱਜ 42 ਸਾਲਾ ਔਰਤ ਨੂੰ ਦੋ ਨੌਜਵਾਨ ਪੀੜਤਾਂ ਨਾਲ ਸਬੰਧਤ ਕਤਲ ਦੇ ਦੋ ਦੋਸ਼ਾਂ ਦੇ ਤਹਿਤ ਕੋਰੀਅਨ ਗ੍ਰਿਫਤਾਰੀ ਵਾਰੰਟ ‘ਤੇ ਗ੍ਰਿਫਤਾਰ ਕੀਤਾ।ਪੁਲਿਸ ਨੇ ਕਿਹਾ ਕਿ ਉਸਨੇ ਦੋਸ਼ਾਂ ਦਾ ਸਾਹਮਣਾ ਕਰਨ ਲਈ ਔਰਤ ਨੂੰ ਵਾਪਸ ਨਿਊਜ਼ੀਲੈਂਡ ਹਵਾਲੇ ਕਰਨ ਲਈ ਅਰਜ਼ੀ ਦਿੱਤੀ ਹੈ ਅਤੇ ਬੇਨਤੀ ਕੀਤੀ ਹੈ ਕਿ ਹਵਾਲਗੀ ਦੀ ਪ੍ਰਕਿਰਿਆ ਪੂਰੀ ਹੋਣ ਤੱਕ ਉਸਨੂੰ ਹਿਰਾਸਤ ਵਿੱਚ ਰੱਖਿਆ ਜਾਵੇ। ਨਿਊਜ਼ੀਲੈਂਡ ਅਤੇ ਕੋਰੀਆ ਗਣਰਾਜ (ਦੱਖਣੀ ਕੋਰੀਆ) ਵਿਚਕਾਰ ਹਵਾਲਗੀ ਸੰਧੀ ਦੇ ਤਹਿਤ ਨਿਊਜ਼ੀਲੈਂਡ ਪੁਲਿਸ ਦੁਆਰਾ ਗ੍ਰਿਫਤਾਰੀ ਵਾਰੰਟ ਦੀ ਬੇਨਤੀ ਤੋਂ ਬਾਅਦ ਕੋਰੀਆ ਦੀਆਂ ਅਦਾਲਤਾਂ ਦੁਆਰਾ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਗਿਆ ਸੀ।
ਦੱਸ ਦਈਏ ਕਿ ਦੋ ਲਾਸ਼ਾਂ, ਪ੍ਰਾਇਮਰੀ ਸਕੂਲ ਦੀ ਉਮਰ ਦੇ ਬੱਚਿਆਂ ਦੀਆਂ, 11 ਅਗਸਤ ਨੂੰ ਆਕਲੈਂਡ ਦੇ ਕਲੈਂਡਨ ਪਾਰਕ ਵਿੱਚ ਸੂਟਕੇਸ ਵਿੱਚ ਮਿਲੀਆਂ ਸਨ।ਇਹ ਸੂਟਕੇਸ ਸਟੋਰੇਜ ਯੂਨਿਟ ਵਿੱਚ ਛੱਡੇ ਗਏ ਸਮਾਨ ਲਈ ਇੱਕ ਨਿਲਾਮੀ ਵਿਚੋਂ ਖਰੀਦਿਆਂ ਗਿਆਂ ਸੀ। ਸੂਟਕੇਸ ਖਰੀਦਣ ਵਾਲੇ ਪਰਿਵਾਰ ਦਾ ਮੌਤਾਂ ਨਾਲ ਕੋਈ ਲੈਣਾ-ਦੇਣਾ ਨਹੀਂ ਸੀ।