ਨਿਊਜ਼ੀਲੈਂਡ – ਹਰਮੀਕ ਸਿੰਘ – ਆਕਲੈਂਡ ਦੇ ਸੈਂਡਰਿੰਗਮ ਦੇ ਇਲਾਕੇ ਵਿੱਚ 23 ਨਵੰਬਰ ਨੂੰ ਇੱਕ ਡੇਅਰੀ ਸ਼ਾਪ ਚਾਲਕ “ਜਨਕ ਪਟੇਲ” (34)ਦੇ ਦੁਕਾਨ ਲੁੱਟਣ ਆਏ ਲੁਟੇਰੇ ਵੱਲੋ ਕੀਤੇ ਕਤਲ ਤੋ ਬਾਅਦ ਆਮ ਲੋਕਾਂ ਵਿੱਚ ਸਰਕਾਰ ਦੀ ਢਿੱਲੀ ਕਾਰਜ਼ਗੁਜ਼ਾਰੀ ਅਤੇ ਅਪਰਾਧੀਆਂ ਪ੍ਰਤੀ ਨਰਮ ਕਾਨੂੰਨਾਂ ਨੂੰ ਲੈ ਕੇ ਗੁੱਸਾ ਸਿਖਰਾਂ ਤੇ ਹੈ।
ਲੰਮੇ ਸਮੇਂ ਤੋ ਦਿਨ ਦਿਹਾੜੇ ਹੁੰਦੀਆਂ ਲੁੱਟ ਖਸੁੱਟਾਂ ਅਤੇ ਖੱਜਲ ਖੁਆਰੀ ਤੋ ਪਰੇਸ਼ਾਨ ਛੋਟੇ ਅਤੇ ਮਧਿਅਮ ਕਾਰੋਬਾਰੀ ਇਹਨਾਂ ਲੁਟੇਰਿਆਂ ਅਤੇ ਕਾਤਲਾਂ ਅੱਗੇ ਆਪਣੇ ਆਪ ਨੂੰ ਬੇਵੱਸ ਮਹਿਸੂਸ ਕਰ ਰਹੇ ਨੇ ਕਿਉਂਕਿ ਨਿਊਜ਼ੀਲੈਂਡ ਦੀ ਪੁਲਿਸ ਜੇਕਰ ਇਹਨਾਂ ਲੁਟੇਰਿਆਂ ਨੂੰ ਫੜ ਵੀ ਲੈਂਦੀ ਹੈ ਤਾਂ ਦੇਸ਼ ਦਾ ਨਰਮ ਕਾਨੂੰਨ ਇਹਨਾਂ ਲੁਟੇਰਿਆ ਨੂੰ ਕੋਈ ਸਖਤ ਸਜ਼ਾ ਨਹੀ ਦਿੰਦਾ ਜਿਸ ਕਾਰਨ ਇਹ ਜਲਦੀ ਹੀ ਬਾਹਰ ਆ ਮੁੜ ਬੇਖੌਫ ਹੋ ਇਹਨਾਂ ਵਾਰਦਤਾਂ ਨੂੰ ਅੰਜਾਮ ਦੇਣ ਲੱਗ ਜਾਂਦੇ ਨੇ ।
“ਜਨਕ ਪਟੇਲ” ਦੇ ਸੰਸਕਾਰ ਮੌਕੇ ਜਿਥੇ ਹਜ਼ਾਰਾ ਲੋਕਾਂ ਨੇ ਨਮ ਅੱਖਾਂ ਨਾਲ ਪਾਰਥਿਵ ਸ਼ਰੀਰ ਨੂੰ ਵਿਦਾਇਗੀ ਦਿੱਤੀ ਉਥੇ ਹੀ ਪ੍ਰਧਾਨ ਮੰਤਰੀ ਸੰਸਕਾਰ ਮੌਕੇ ਪਹੁੰਚ ਕੇ ਪਰਿਵਾਰ ਨਾਲ ਦੁੱਖ ਸਾਂਝਾਂ ਕੀਤਾ ।
ਬੀਤੇ ਕੱਲ੍ਹ ਸਰਕਾਰ ਤੇ ਸਖਤ ਕਾਨੂੰਨ ਬਣਾਉਣ ਨੂੰ ਲੈ ਕੇ ਪ੍ਰਧਾਨ ਮੰਤਰੀ ਦੇ ਆਪਣੇ ਐਮ ਪੀ ਹਲਕੇ ਦੇ ਦਫਤਰ ਨੂੰ ਘੇਰ ਕੇ ਸੈਂਕੜੇ ਲੋਕਾਂ ਨੇ ਨਾਅਰੇਬਾਜੀ ਕੀਤੀ ਅਤੇ ਚੱਕਾ ਜ਼ਾਮ ਕੀਤਾ । ਜਦੋ ਕਈ ਘੰਟੇ ਉਡੀਕਣ ਅਤੇ ਨਾਅਰੇਬਾਜੀ ਤੋ ਬਾਅਦ ਵੀ ਪੀ ਐਮ ਦੇ ਦਫਤਰ ਤੋ ਕੋਈ ਵੀ ਨੁਮਾਇੰਦਾ ਆਏ ਹੋਏ ਲੋਕਾਂ ਦੀ ਸਾਰ ਲੈਣ ਨਹੀ ਆਇਆ ਤਾਂ ਗੁੱਸੇ ਵਿੱਚ ਲੋਕਾਂ ਨੇ ਦਫਤਰ ਦੀਆਂ ਕੰਧਾਂ ਤੇ ” Enough is Enough” ਅਤੇ ” We want justice” ਦੇ ਪੋਸਟਰ ਚਿਪਕਾ ਦਿੱਤੇ । ਆਪ ਮੁਹਾਰੇ ਇਕੱਠੇ ਹੋਏ ਨੇ ਇਸ ਜੱਦੋ ਜਹਿਦ ਨੂੰ ਅੱਗੇ ਜਾਰੀ ਰੱਖਣ ਲਈ 4 ਦਸੰਬਰ ਨੂੰ ਆਕਲੈਂਡ ਸ਼ਹਿਰ ਦਾ ਦਿਲ ਕਹੇ ਜਾਣ ਵਾਲੇ ਔਟੇਆ ਸਕੇੁਅਰ ਵਿੱਚ ਬਾਅਦ ਦੁਪਿਹਰ 2 ਵਜੇ ਇੱਕ ਦੇਸ਼ ਵਿਆਪੀ ਇਕੱਠ ਦਾ ਸੱਦਾ ਦਿੱਤਾ ਗਿਆ ਹੈ ਜਿਸ ਵਿੱਚ ਹਜ਼ਾਰਾ ਲੋਕਾਂ ਦੇ ਪਹੁੰਚਣ ਦੀ ਆਸ ਹੈ।
ਕੱਲ੍ਹ ਵੀ ਇਸ ਰੋਸ ਮੁਜਾਹਰੇ ਨੂੰ ਸਪੋਰਟ ਕਰਨ ਲਈ ਦੇਸ਼ ਭਰ ਦੇ ਭਾਰਤੀ ਕਾਰੋਬਾਰੀਆਂ ਨੇ ਆਪਣੇ ਕਾਰੋਬਾਰ ਦੁਪਿਹਰ 12.30 ਤੋ 2.30 ਬੰਦ ਰੱਖੇ । ਜ਼ਿਕਰਯੋਗ ਹੈ ਕਿ ਜਨਕ ਪਟੇਲ , ਅਜੇ ਸਿਰਫ 34 ਸਾਲ ਦੀ ਉਮਰ ਦਾ ਸੀ ਅਤੇ ਭਾਰਤ ਦੇ ਸੂਬੇ ਗੁਜਰਾਤ ਤੋ ਸੀ ਅਤੇ ਉਸਦਾ ਇੱਕ ਮਹੀਨਾ ਪਹਿਲਾ ਹੀ ਉਸਦਾ ਵਿਆਹ ਹੋਇਆ ਸੀ ਅਤੇ ਕੁਝ ਦੇ ਪਹਿਲਾਂ ਹੀ ਭਾਰਤ ਤੋ ਨਿਊਜ਼ੀਲੈਂਡ ਆਇਆ ਸੀ।