Home » ਭਾਰਤ ਤੇ ਜਰਮਨੀ ਵਿਚਾਲੇ ਇਮੀਗ੍ਰੇਸ਼ਨ ਤੇ ਮੋਬੀਲਿਟੀ ਸਮਝੌਤੇ ਤੇ ਹੋਏ ਦਸਤਖ਼ਤ…
Home Page News India India News World World News

ਭਾਰਤ ਤੇ ਜਰਮਨੀ ਵਿਚਾਲੇ ਇਮੀਗ੍ਰੇਸ਼ਨ ਤੇ ਮੋਬੀਲਿਟੀ ਸਮਝੌਤੇ ਤੇ ਹੋਏ ਦਸਤਖ਼ਤ…

Spread the news

ਜਰਮਨੀ ’ਚ ਪੜ੍ਹਾਈ ਕਰਨ ਜਾਂ ਰੋਜ਼ਗਾਰ ਦੇ ਮੌਕੇ ਤਲਾਸ਼ਣ ਵਾਲੇ ਨੌਜਵਾਨਾਂ ਤੇ ਪੇਸ਼ੇਵਰਾਂ ਲਈ ਚੰਗੀ ਖਬਰ ਹੈ। ਭਾਰਤ ਤੇ ਜਰਮਨੀ ਵਿਚਾਲੇ ਸੋਮਵਾਰ ਨੂੰ ਇਕ ਬਰਾਬਰ ਇਮੀਗ੍ਰੇਸ਼ਨ ਤੇ ਮੋਬੀਲਿਟੀ ਸਮਝੌਤੇ ’ਤੇ ਦਸਤਖ਼ਤ ਕੀਤੇ ਗਏ। ਇਹ ਸਮਝੌਤਾ ਉਦੋਂ ਹੋਇਆ ਹੈ ਜਦੋਂ ਜਰਮਨੀ ਨੇ ਅਗਲੇ ਸਾਲ ਆਪਣੇ ਦੇਸ਼ ’ਚ ਗੈਰ ਯੂਰਪੀਨ ਪੇਸ਼ੇਵਰ ਤੇ ਹੁਨਰਮੰਦ ਕਾਰੀਗਰਾਂ ਲਈ ਆਪਣੇ ਦਰਵਾਜ਼ੇ ਖੋਲ੍ਹਣ ਦਾ ਐਲਾਨ ਕੀਤਾ ਹੈ। ਬਿ੍ਰਟੇਨ ਤੋਂ ਬਾਅਦ ਜਰਮਨੀ ਦੂਜਾ ਦੇਸ਼ ਹੈ, ਜਿਸ ਨਾਲ ਭਾਰਤ ਨੇ ਹਾਲ ਹੀ ਵਿਚ ਇਸ ਤਰ੍ਹਾਂ ਦਾ ਸਮਝੌਤਾ ਕੀਤਾ ਹੈ। ਸਮਝੌਤੇ ’ਤੇ ਭਾਰਤ ਦੇ ਦੌਰੇ ’ਤੇ ਆਈ ਜਰਮਨੀ ਦੀ ਵਿਦੇਸ਼ ਮੰਤਰੀ ਐਨਾਲੇਨਾ ਬੇਰਬਾਕ ਤੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਦਸਤਖਤ ਕੀਤੇ। ਦੋਵਾਂ ਵਿਦੇਸ਼ ਮੰਤਰੀਆਂ ਵਿਚਾਲੇ ਲੰਬੀ ਦੁਵੱਲੀ ਗੱਲਬਾਤ ਹੋਈ, ਜਿਸ ਵਿਚ ਦੁਵੱਲੇ, ਖੇਤਰੀ ਤੇ ਬਹੁਪੱਖੀ ਮੁੱਦਿਆਂ ’ਤੇ ਚਰਚਾ ਕੀਤੀ ਗਈ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਮੋਬੀਲਿਟੀ ਸਮਝੌਤਾ ਦੋਵਾਂ ਦੇਸ਼ਾਂ ਵਿਚਾਲੇ ਡੂੰਘੇ ਹੁੰਦੇ ਰਣਨੀਤਕ ਰਿਸ਼ਤਿਆਂ ਦਾ ਸੰਕੇਤ ਹੈ। ਜਰਮਨੀ ਅਗਲੇ ਸਾਲ ਦੀ ਸ਼ੁਰੂਆਤ ਤੋਂ ਵਿਦੇਸ਼ੀ ਲੋਕਾਂ ਲਈ ਆਪਣੇ ਦੇਸ਼ ’ਚ ਦਾਖਲ ਹੋਣ ਲਈ ਨਵੇਂ ਆਸਾਨ ਨਿਯਮਾਂ ਨੂੰ ਲਾਗੂ ਕਰ ਰਿਹਾ ਹੈ। ਸਮਝੌਤੇ ਮੁਤਾਬਕ ਦੋਵੇਂ ਦੇਸ਼ ਇਕ ਦੂਜੇ ਦੇ ਸਿੱਖਿਅਤ ਨਾਗਰਿਕਾਂ ਅਤੇ ਪੇਸ਼ੇਵਰਾਂ ਨੂੰ ਆਸਾਨ ਵੀਜ਼ਾ ਦੇਣਗੇ ਅਤੇ ਉਨ੍ਹਾਂ ਨੂੰ ਕੰਮ ਕਰਨ ਦਾ ਮੌਕਾ ਦੇਣਗੇ। ਇਸ ਤਹਿਤ ਭਾਰਤੀ ਵਿਦਿਆਰਥੀਆਂ ਨੂੰ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਜਰਮਨੀ ਵਿਚ 18 ਮਹੀਨੇ ਰਹਿਣ ਲਈ ਵੀਜ਼ਾ, ਹਰ ਸਾਲ ਤਿੰਨ ਹਜ਼ਾਰ ਕਾਮਿਆਂ ਲਈ ਵੀਜ਼ਾ, ਆਸਾਨ ਆਵਾਜਾਈ ਲਈ ਮਲਟੀ-ਐਂਟਰੀ ਵੀਜ਼ਾ ਵਰਗੀਆਂ ਸਹੂਲਤਾਂ ਦਿੱਤੀਆਂ ਜਾਣਗੀਆਂ। ਜਰਮਨੀ ਦੇ ਵਿਦੇਸ਼ ਮੰਤਰੀ ਨੇ ਕਿਹਾ, ‘ਇਸ ’ਚ ਕੋਈ ਸ਼ੱਕ ਨਹੀਂ ਹੋਣਾ ਚਾਹੀਦਾ ਕਿ ਭਾਰਤ 21ਵੀਂ ਸਦੀ ’ਚ ਭਾਰਤ-ਪ੍ਰਸ਼ਾਂਤ ਖੇਤਰ ਅਤੇ ਹੋਰ ਖੇਤਰਾਂ ਨੂੰ ਦਿਸ਼ਾ ਦੇਣ ’ਚ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਏਗਾ। ਜਿਸ ਤਰ੍ਹਾਂ ਭਾਰਤ ਨੇ ਪਿਛਲੇ 15 ਸਾਲਾਂ ਵਿਚ 40 ਕਰੋੜ ਲੋਕਾਂ ਨੂੰ ਗਰੀਬੀ ਤੋਂ ਬਾਹਰ ਕੱਢਿਆ ਹੈ, ਉਹ ਇਸਦੀ ਸਮਰੱਥਾ ਨੂੰ ਦਰਸਾਉਂਦਾ ਹੈ। ਕਈ ਤਰੀਕਿਆਂ ਨਾਲ ਭਾਰਤ ਦੁਨੀਆ ਦੇ ਕਈ ਦੇਸ਼ਾਂ ਲਈ ਆਦਰਸ਼ ਹੈ। ਉਨ੍ਹਾਂ ਨੇ ਭਾਰਤ ਨੂੰ ਜਰਮਨੀ ਦਾ ਕੁਦਰਤੀ ਭਾਈਵਾਲ ਦੱਸਦਿਆਂ ਕਿਹਾ ਕਿ ਰੱਖਿਆ ਖੇਤਰ ’ਚ ਸਹਿਯੋਗ ਦੀਆਂ ਬੇਹਿਸਾਬ ਸੰਭਾਵਨਾਵਾਂ ਹਨ ਅਤੇ ਇਸ ਸਬੰਧ ’ਚ ਦੋਵਾਂ ਦੇਸ਼ਾਂ ਦਰਮਿਆਨ ਗੱਲਬਾਤ ਚੱਲ ਰਹੀ ਹੈ। ਜਰਮਨੀ ਭਾਰਤ ਨਾਲ ਆਪਣੇ ਸੁਰੱਖਿਆ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਲਈ ਉਤਸੁਕ ਹੈ। ਵਿਦੇਸ਼ ਮੰਤਰੀ ਜੈਸ਼ੰਕਰ ਨੇ ਕਿਹਾ ਕਿ ਉਨ੍ਹਾਂ ਨੇ ਬੇਰਬਾਕ ਨਾਲ ਗੱਲਬਾਤ ’ਚ ਅਫਗਾਨਿਸਤਾਨ, ਪਾਕਿਸਤਾਨ ’ਚ ਪੈਦਾ ਹੋ ਰਹੇ ਅੱਤਵਾਦ, ਭਾਰਤ-ਪ੍ਰਸ਼ਾਂਤ ਖੇਤਰ ਦੀ ਸਥਿਤੀ, ਯੂਕਰੇਨ-ਰੂਸ ਤਣਾਅ ਅਤੇ ਹੋਰ ਸਾਰੇ ਮੁੱਦਿਆਂ ’ਤੇ ਚਰਚਾ ਕੀਤੀ। ਜੈਸ਼ੰਕਰ ਨੇ ਦੋਹਰਾਇਆ ਕਿ ਪਾਕਿਸਤਾਨ ਨਾਲ ਉਦੋਂ ਤੱਕ ਗੱਲਬਾਤ ਕਰਨ ਦਾ ਕੋਈ ਮਤਲਬ ਨਹੀਂ ਹੈ ਜਦੋਂ ਤੱਕ ਉਹ ਅੱਤਵਾਦ ਨੂੰ ਸਮਰਥਨ ਦੇਣਾ ਬੰਦ ਨਹੀਂ ਕਰਦਾ।