Home » ਈਰਾਨ ਸਰਕਾਰ ਨੇ ਆਸਕਰ ਪੁਰਸਕਾਰ ਜੇਤੂ ਫਿਲਮ ਦੀ ਅਭਿਨੇਤਰੀ ਤਾਰਾਨੇਹ ਅਲੀਦੂਸਤੀ ਨੂੰ ਕੀਤਾ ਗ੍ਰਿਫ਼ਤਾਰ…
Home Page News India World World News

ਈਰਾਨ ਸਰਕਾਰ ਨੇ ਆਸਕਰ ਪੁਰਸਕਾਰ ਜੇਤੂ ਫਿਲਮ ਦੀ ਅਭਿਨੇਤਰੀ ਤਾਰਾਨੇਹ ਅਲੀਦੂਸਤੀ ਨੂੰ ਕੀਤਾ ਗ੍ਰਿਫ਼ਤਾਰ…

Spread the news

ਈਰਾਨ ਵਿਚ ਹਿਜਾਬ ਵਿਰੋਧੀ ਅੰਦੋਲਨ ਰੁਕਦਾ ਨਜ਼ਰ ਨਹੀਂ ਆ ਰਿਹਾ ਹੈ, ਇਹ ਕਿਸੇ ਨਾ ਕਿਸੇ ਘਟਨਾ ਦੇ ਕਾਰਨ ਲਗਾਤਾਰ ਸੁਰਖੀਆਂ ਵਿਚ ਬਣਿਆ ਹੋਇਆ ਹੈ। ਹੁਣ ਈਰਾਨ ਸਰਕਾਰ ਨੇ ਆਸਕਰ ਪੁਰਸਕਾਰ ਜੇਤੂ ਫਿਲਮ ‘ਦਿ ਸੇਲਜ਼ਮੈਨ’ ਦੀ ਸਟਾਰ ਤੇ ਈਰਾਨ ਦੀ ਪ੍ਰਸਿੱਧ ਅਭਿਨੇਤਰੀ ਤਾਰਾਨੇਹ ਅਲੀਦੂਸਤੀ ਨੂੰ ਰਾਸ਼ਟਰ ਪੱਧਰੀ ਵਿਰੋਧ ਪ੍ਰਦਰਸ਼ਨਾਂ ਬਾਰੇ ਝੂਠ ਫੈਲਾਉਣ ਦੇ ਦੋਸ਼ ਵਿਚ ਗਿ੍ਫ਼ਤਾਰ ਕੀਤਾ ਹੈ। ਤਾਰਾਨੇਹ ਨੇ ਇਕ ਪ੍ਰਦਰਸ਼ਨਕਾਰੀ ਦੀ ਫਾਂਸੀ ਦੀ ਆਲੋਚਨਾ ਕੀਤੀ ਸੀ। ਸੀਐੱਨਐੱਨ ਨੇ ਫਾਰਸ ਨਿਊਜ਼ ਏਜੰਸੀ ਦੇ ਹਵਾਲੇ ਨਾਲ ਕਿਹਾ ਹੈ ਕਿ ਪ੍ਰਸਿੱਧ ਅਭਿਨੇਤਰੀ ਤਾਰਾਨੇਹ ਅਲੀਦੂਸਤੀ ’ਤੇ ਦੋਸ਼ ਹੈ ਕਿ ਉਨ੍ਹਾਂ ਨੇ ਹਾਲ ਹੀ ਵਿਚ ਫਾਂਸੀ ’ਤੇ ਲਟਕਾਏ ਗਏ ਪ੍ਰਦਰਸ਼ਨਕਾਰੀ ਮੋਹਸਿਨ ਸ਼ੇਖਰੀ ਦੇ ਨਾਲ ਇਕਜੁਟਤਾ ਪ੍ਰਗਟ ਕੀਤੀ ਸੀ। ਤਾਰਾਨੇਹ ਨੂੰ ਉਨ੍ਹਾਂ ਦੇ ਦਾਅਵਿਆਂ ਲਈ ਸਬੂਤਾਂ ਦੀ ਘਾਟ ਦੇ ਕਾਰਨ ਗਿ੍ਰਫ਼ਤਾਰ ਕੀਤਾ ਗਿਆ। ਨਵੰਬਰ ਵਿਚ ਅਲੀਦੂਸਤੀ ਨੇ ਇਸਲਾਮਿਕ ਹਿਜਾਬ ਦੇ ਬਿਨਾਂ ਇੰਸਟਾਗ੍ਰਾਮ ’ਤੇ ਖ਼ੁਦ ਦੀ ਇਕ ਤਸਵੀਰ ਸਾਂਝੀ ਕੀਤੀ ਸੀ ਅਤੇ ਅੰਦੋਲਨ ਦੇ ਸਮਰਥਨ ਵਿਚ ਮਹਿਲਾ, ਜੀਵਨ, ਆਜ਼ਾਦੀ ਦੀ ਗੱਲ ਕਰਦੇ ਹੋਏ ਇਕ ਚਿੱਠੀ ਪੜ੍ਹੀ। ਮੋਹਸਿਨ ਸ਼ੇਖਰੀ ਦੀ ਫਾਂਸੀ ਤੋਂ ਬਾਅਦ ਤਾਰਾਨੇਹ ਨੇ ਇਕ ਹੋਰ ਪੋਸਟ ਵਿਚ ਕਿਹਾ ਸੀ ਕਿ ਹਰ ਕੌਮਾਂਤਰੀ ਸੰਗਠਨ ਜਿਹੜਾ ਇਸ ਖ਼ੂਨ-ਖਰਾਬੇ ਨੂੰ ਦੇਖ ਰਿਹਾ ਹੈ ਅਤੇ ਕਾਰਵਾਈ ਨਹੀਂ ਕਰ ਰਿਹਾ ਹੈ, ਇਹ ਮਨੁੱਖਤਾ ਲਈ ਸ਼ਰਮ ਦੀ ਗੱਲ ਹੈ। ਜ਼ਿਕਰਯੋਗ ਹੈ ਕਿ ਤਹਿਰਾਨ ਵਿਚ ਕੁਰਦਿਸ਼ ਕੁੜੀ ਮਹਿਸਾ ਅਮੀਨੀ ਦੀ ਡਰੈੱਸ ਕੋਡ ਦੇ ਉਲੰਘਣ ਵਿਚ ਗਿ੍ਰਫ਼ਤਾਰੀ ਅਤੇ ਪੁਲਿਸ ਹਿਰਾਸਤ ਵਿਚ ਮੌਤ ਤੋਂ ਬਾਅਦ ਤੋਂ ਈਰਾਨ ’ਚ ਹਿੰਸਕ ਵਿਰੋਧ ਪ੍ਰਦਰਸ਼ਨ ਜਾਰੀ ਹਨ। ਅੰਦੋਲਨ ਦੇ ਸਮਰਥਨ ਵਿਚ ਈਰਾਨੀ ਵਿਦਿਆਰਥੀਆਂ, ਔਰਤਾਂ ਤੇ ਨੌਜਵਾਨਾਂ ਨੇ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਹਿੱਸਾ ਲਿਆ।