Home » ਬ੍ਰਾਜ਼ੀਲ ਵਿਚ ਹਿੰਸਾ ਦੇ ਵਿਰੋਧ ’ਚ ਸੜਕਾਂ ’ਤੇ ਉਤਰੇ ਲੋਕ, ਸਖ਼ਤ ਕਾਰਵਾਈ ਦੀ ਮੰਗ, 1500 ਦੰਗਾਕਾਰੀ ਗਿ੍ਫ਼ਤਾਰ…
Home Page News World World News

ਬ੍ਰਾਜ਼ੀਲ ਵਿਚ ਹਿੰਸਾ ਦੇ ਵਿਰੋਧ ’ਚ ਸੜਕਾਂ ’ਤੇ ਉਤਰੇ ਲੋਕ, ਸਖ਼ਤ ਕਾਰਵਾਈ ਦੀ ਮੰਗ, 1500 ਦੰਗਾਕਾਰੀ ਗਿ੍ਫ਼ਤਾਰ…

Spread the news

ਬ੍ਰਾਜ਼ੀਲ ਦੀ ਸੰਸਦ, ਸੁਪਰੀਮ ਕੋਰਟ ਅਤੇ ਰਾਸ਼ਟਰਪਤੀ ਭਵਨ ਵਿਚ ਭੰਨਤੋੜ ਦੇ ਦੂਜੇ ਦਿਨ ਸੋਮਵਾਰ ਨੂੰ ਹਿੰਸਾ ਦੇ ਵਿਰੋਧ ਵਿਚ ਹਜ਼ਾਰਾਂ ਲੋਕ ਸੜਕਾਂ ’ਤੇ ਉਤਰ ਆਏ। ਸੜਕਾਂ ‘ਦੰਗਾਕਾਰੀਆਂ ਨੂੰ ਕੋਈ ਮਾਫ਼ੀ ਨਹੀਂ, ਕੋਈ ਮਾਫ਼ੀ ਨਹੀਂ, ਕੋਈ ਮਾਫ਼ੀ ਨਹੀਂ’ ਦੇ ਨਾਅਰਿਆਂ ਨਾਲ ਗੂੰਜ ਉੱਠੀਆਂ। ਉੱਥੇ, ਬ੍ਰਾਜ਼ੀਲੀ ਅਧਿਕਾਰੀਆਂ ਨੇ ਕਿਹਾ ਹੈ ਕਿ ਉਹ ਇਸ ਗੱਲ ਦੀ ਜਾਂਚ ਕਰ ਰਹੇ ਹਨ ਕਿ ਇਸ ਅਚਾਨਕ ਹੋਈ ਹੁੱਲੜਬਾਜ਼ੀ ਦੇ ਪਿੱਛੇ ਕੌਣ ਹੋ ਸਕਦਾ ਹੈ, ਜਿਸ ਨੇ ਅਮਰੀਕੀ ਕੈਪੀਟਲ ਹਿੰਸਾ ਵਰਗੀ ਘਟਨਾ ਨੂੰ ਜਨਮ ਦਿੱਤਾ। ਹੁਣ ਤਕ ਘਟਨਾ ਵਿਚ ਸ਼ਾਮਲ 1500 ਦੰਗਾਕਾਰੀਆਂ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ। ਹਿੰਸਾ ਦੇ ਵਿਰੋਧ ਵਿਚ ਸੋਮਵਾਰ ਦੁਪਹਿਰ (ਸਥਾਨਕ ਸਮੇਂ ਮੁਤਾਬਕ) ਸਾਓ ਪਾਉਲੋ ਯੂਨੀਵਰਸਿਟੀ ਦੇ ਲਾਅ ਕਾਲਜ ਦੇ ਹਾਲ ਵਿਚ ਇਕੱਠੇ ਹੋਣ ਤੋਂ ਬਾਅਦ ਪ੍ਰਦਰਸ਼ਨਕਾਰੀ ਰੈਲੀ ਦੀ ਸ਼ਕਲ ਵਿਚ ਸੜਕ ਤੇ ਉਤਰੇ। ਉਨ੍ਹਾਂ ਆਪਣੇ ਹੱਥਾਂ ਵਿਚ ਵਿਰੋਧ ਦੇ ਪੋਸਟਰ ਤੇ ਬੈਨਰ ਚੁੱਕੇ ਹੋਏ ਸਨ। ਸਾਓ ਪਾਉਲੋ ਦੇ ਮੁੱਖ ਬੁਲੇਵਾਰਡ ’ਤੇ ਰੈਲੀ ਵਿਚ ਸ਼ਾਮਲ 61 ਸਾਲਾ ਡਾਕਟਰ ਬੇਟੀ ਅਮੀਨ ਨੇ ਕਿਹਾ, ਇਨ੍ਹਾਂ ਲੋਕਾਂ ਨੂੰ ਸਜ਼ਾ ਦੇਣ ਦੀ ਲੋੜ ਹੈ, ਜਿਨ੍ਹਾਂ ਨੇ ਸੰਵਿਧਾਨਕ ਸੰਸਥਾਵਾਂ ਵਿਚ ਹਿੰਸਾ ਦੀ ਸਾਜ਼ਿਸ਼ ਰਚੀ ਸੀ। ਅਮੀਨ ਦੀ ਸ਼ਰਟ ਦੇ ਪਿੱਛੇ ‘ਲੋਕਤੰਤਰ’ ਲਿਖਿਆ ਹੋਇਆ ਸੀ। ਉੱਥੇ, ਸੀਐੱਨਐੱਨ ਦੀ ਰਿਪੋਰਟ ਮੁਤਾਬਕ, ਬ੍ਰਾਜ਼ੀਲ ਦੇ ਰਾਸ਼ਟਰਪਤੀ ਲੁਈਜ਼ ਲੂਲਾ ਡਿਸਲਵਾ ਨੇ ਸੋਮਵਾਰ ਨੂੰ ਗਵਰਨਰਾਂ ਨਾਲ ਮੀਟਿੰਗ ਵਿਚ ਪ੍ਰਦਰਸ਼ਨਕਾਰੀਆਂ ਵੱਲੋਂ ਸਰਕਾਰੀ ਭਵਨਾਂ, ਰਾਸ਼ਟਰਪਤੀ ਮਹਿਲ, ਕਾਂਗਰਸ ਅਤੇ ਰਾਜਧਾਨੀ ਬ੍ਰਾਜ਼ੀਲੀਆ ਵਿਚ ਸੁਪਰੀਮ ਕੋਰਟ ਵਿਚ ਭੰਨਤੋੜ ’ਤੇ ਪੁਲਿਸ ਦੀ ਆਲੋਚਨਾ ਕੀਤੀ। ਉਨ੍ਹਾਂ ਕਿਹਾ, ਬ੍ਰਾਜ਼ੀਲੀਆ ਪੁਲਿਸ ਨੇ ਹਮਲੇ ਦੀ ਧਮਕੀ ਨੂੰ ਅਣਦਿੱਖ ਕੀਤਾ। ਉਸ ਦੀ ਖ਼ੁਫੀਆ ਇਕਾਈ ਫੇਲ੍ਹ ਸੀ। ਜ਼ਿਕਰਯੋਗ ਹੈ ਕਿ ਰਾਸ਼ਟਰਪਤੀ ਚੋਣ ਵਿਚ ਲੂਲਾ ਦੀ ਜਿੱਤ ਨੂੰ ਸਵੀਕਾਰ ਨਾ ਕਰਨ ਵਾਲੇ ਬੋਲਸੋਨਾਰੋ ਸਮਰਥਕ ਲੂਲਾ ਦੇ ਸਹੁੰ ਚੁੱਕ ਸਮਾਗਮ ਤੋਂ ਅੱਗ-ਬਬੂਲਾ ਹੋ ਗਏ। ਉਨ੍ਹਾਂ ਐਤਵਾਰ ਨੂੰ ਬ੍ਰਾਜ਼ੀਲ ਦੇ ਸੰਸਦ ਭਵਨ, ਸੁਪਰੀਮ ਕੋਰਟ ਅਤੇ ਰਾਸ਼ਟਰਪਤੀ ਭਵਨ ਵਿਚ ਵੜ ਕੇ ਭੰਨਤੋੜ ਕੇ ਵਿਆਪਕ ਹੁੱਲੜਬਾਜ਼ੀ ਕੀਤੀ ਸੀ। ਇਟਲੀ ਦੇ ਵਿਦੇਸ਼ ਮੰਤਰੀ ਐਂਟਨੀਓ ਤਾਜਨੀ ਨੇ ਇਸ ਗੱਲ ਤੋਂ ਇਨਕਾਰ ਕੀਤਾ ਹੈ ਕਿ ਬੋਲਸੋਨਾਰੋ ਨੇ ਇਟਲੀ ਦੀ ਨਾਗਰਿਕਤਾ ਦੀ ਮੰਗ ਕੀਤੀ ਹੈ। ਉੱਧਰ, ਵ੍ਹਾਈਟ ਹਾਊਸ ਨੇ ਵੀ ਕਿਹਾ ਹੈ ਕਿ ਉਸ ਨੂੰ ਬ੍ਰਾਜ਼ੀਲ ਸਰਕਾਰ ਵੱਲੋਂ ਬੋਲਸੋਨਾਰੋ ਨੂੰ ਲੈ ਕੇ ਕੋਈ ਅਪੀਲ ਨਹੀਂ ਮਿਲੀ ਹੈ। ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ’ਤੇ ਬੋਲਸੋਨਾਰੋ ਨੂੰ ਬ੍ਰਾਜ਼ੀਲ ਵਾਪਸ ਭੇਜਣ ਦਾ ਦਬਾਅ ਵੱਧ ਰਿਹਾ ਹੈ।