ਪਾਕਿਸਤਾਨ ਦੇ ਪਿਸ਼ਾਵਰ ਵਿੱਚ ਪੁਲਿਸ ਲਾਈਨ ਇਲਾਕੇ ਵਿੱਚ ਸਥਿਤ ਮਸਜਿਦ ਵਿੱਚ ਹੋਏ ਧਮਾਕੇ ਵਿੱਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 100 ਹੋ ਗਈ ਹੈ। ਇਸ ਦੌਰਾਨ ਬਚਾਅ ਅਧਿਕਾਰੀਆਂ ਨੇ ਆਤਮਘਾਤੀ ਹਮਲੇ ਨੂੰ ਅੰਜਾਮ ਦੇਣ ਵਾਲੇ ਸ਼ੱਕੀ ਦਾ ਕੱਟਿਆ ਹੋਇਆ ਸਿਰ ਬਰਾਮਦ ਕਰ ਲਿਆ ਹੈ। ਅਧਿਕਾਰੀਆਂ ਦਾ ਮੰਨਣਾ ਹੈ ਕਿ ਉਸੇ ਵਿਅਕਤੀ ਨੇ ਮਸਜਿਦ ਵਿਚ ਜ਼ੁਹਰ ਦੀ ਨਮਾਜ਼ ਦੌਰਾਨ ਆਪਣੇ ਆਪ ਨੂੰ ਉਡਾ ਲਿਆ ਸੀ। ਪੁਲਿਸ ਅਧਿਕਾਰੀ ਮੁਹੰਮਦ ਏਜਾਜ਼ ਖਾਨ ਨੇ ਜੀਓ ਟੀਵੀ ਨੂੰ ਦੱਸਿਆ ਕਿ ਧਮਾਕਾ ਆਤਮਘਾਤੀ ਹਮਲਾ ਜਾਪਦਾ ਹੈ ਅਤੇ ਖੈਬਰ ਪਖਤੂਨਖਵਾ ਸੂਬੇ ਦੀ ਰਾਜਧਾਨੀ ਪਿਸ਼ਾਵਰ ਵਿੱਚ ਘਟਨਾ ਸਥਾਨ ਤੋਂ ਸ਼ੱਕੀ ਹਮਲਾਵਰ ਦਾ ਸਿਰ ਬਰਾਮਦ ਕੀਤਾ ਗਿਆ ਹੈ। ਜੀਓ ਟੀਵੀ ਨੇ ਉਨ੍ਹਾਂ ਦੇ ਹਵਾਲੇ ਨਾਲ ਕਿਹਾ ਕਿ ਇਹ ਸੰਭਵ ਹੈ ਕਿ ਹਮਲਾਵਰ ਧਮਾਕੇ ਤੋਂ ਪਹਿਲਾਂ ਹੀ ਪੁਲਿਸ ਲਾਈਨ ਵਿੱਚ ਮੌਜੂਦ ਸੀ ਅਤੇ ਹੋ ਸਕਦਾ ਹੈ ਕਿ ਉਸਨੇ ਅੰਦਰ ਜਾਣ ਲਈ ਕਿਸੇ ਸਰਕਾਰੀ ਵਾਹਨ ਦੀ ਵਰਤੋਂ ਕੀਤੀ ਹੋਵੇ। ਖਾਨ ਨੇ ਕਿਹਾ ਕਿ ਧਮਾਕੇ ਦੇ ਸਹੀ ਕਾਰਨਾਂ ਦਾ ਪਤਾ ਬਚਾਅ ਕਾਰਜ ਖਤਮ ਹੋਣ ਤੋਂ ਬਾਅਦ ਹੀ ਲੱਗੇਗਾ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਬੰਬ ਧਮਾਕੇ ‘ਚ ਮਰਨ ਵਾਲਿਆਂ ਦੀ ਗਿਣਤੀ 100 ਹੋ ਗਈ ਹੈ, ਜਦਕਿ 221 ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋਏ ਹਨ। ਇਸ ਤੋਂ ਇਲਾਵਾ ਮਲਬੇ ‘ਚ ਫਸੀਆਂ ਬਾਕੀ ਲਾਸ਼ਾਂ ਨੂੰ ਕੱਢਣ ਲਈ ਬਚਾਅ ਕਾਰਜ ਵੀ ਜਾਰੀ ਹਨ।
ਦੱਸ ਦੇਈਏ ਕਿ ਪਿਸ਼ਾਵਰ ਦੇ ਪੁਲਿਸ ਲਾਈਨ ਇਲਾਕੇ ਵਿੱਚ ਸਥਿਤ ਮਸਜਿਦ ਦੇ ਅੰਦਰ ਦੁਪਹਿਰ ਕਰੀਬ 1:40 ਵਜੇ ਨਮਾਜ਼ ਦੌਰਾਨ ਜ਼ਬਰਦਸਤ ਧਮਾਕਾ ਹੋਇਆ। ਜਿਸ ਵਿੱਚ ਪੁਲਿਸ, ਫੌਜ ਅਤੇ ਬੰਬ ਨਿਰੋਧਕ ਦਸਤੇ ਦੇ ਜਵਾਨ ਸ਼ਾਮਲ ਸਨ। ਇਹ ਸਾਰੇ ਲੋਕ ਜ਼ੁਹਰ ਦੀ ਨਮਾਜ਼ ਅਦਾ ਕਰਨ ਲਈ ਮਸਜਿਦ ਆਏ ਸਨ। ਅਧਿਕਾਰੀਆਂ ਨੇ ਦੱਸਿਆ ਕਿ ਪਹਿਲੀ ਲਾਈਨ ਵਿੱਚ ਇੱਕ ਆਤਮਘਾਤੀ ਹਮਲਾਵਰ ਨੇ ਆਪਣੇ ਆਪ ਨੂੰ ਉਡਾ ਲਿਆ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਮਸਜਿਦ ਦੀ ਮੂਹਰਲੀ ਕੰਧ ਢਹਿ ਗਈ ਅਤੇ ਛੱਤ ਨਮਾਜ਼ਾਂ ‘ਤੇ ਡਿੱਗ ਗਈ।