Home » ਗਾਂ ਨੂੰ ਗਲ ਲਾਉਣ ਤੋਂ ਪਹਿਲਾਂ ਸਾਡਾ ਬੀਮਾ ਕਰਵਾਓ-ਮੁੱਖ ਮੰਤਰੀ ਮਮਤਾ ਬੈਨਰਜੀ…
Home Page News India India News

ਗਾਂ ਨੂੰ ਗਲ ਲਾਉਣ ਤੋਂ ਪਹਿਲਾਂ ਸਾਡਾ ਬੀਮਾ ਕਰਵਾਓ-ਮੁੱਖ ਮੰਤਰੀ ਮਮਤਾ ਬੈਨਰਜੀ…

Spread the news

ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ‘ਕਾਓ ਹਗ ਡੇ’ ਦੇ ਸੱਦੇ ’ਤੇ ਭਾਜਪਾ ’ਤੇ ਚੁਟਕੀ ਲਈ ਅਤੇ ਉਨ੍ਹਾਂ ਨੂੰ ਗਊਆਂ ਨੂੰ ਗਲੇ ਲਗਾਉਣ ਤੋਂ ਪਹਿਲਾਂ ਉਨ੍ਹਾਂ ਦਾ ਬੀਮਾ ਕਰਨ ਲਈ ਕਿਹਾ। ਸੋਮਵਾਰ ਨੂੰ ਵਿਧਾਨ ਸਭਾ ’ਚ ਆਪਣੇ ਸੰਬੋਧਨ ’ਚ ਮੁੱਖ ਮੰਤਰੀ ਨੇ ਕਿਹਾ, ‘ਭਾਜਪਾ ਸਾਨੂੰ ਵੈਲੇਨਟਾਈਨਜ਼ ਡੇ ’ਤੇ ਗਾਵਾਂ ਨੂੰ ਗਲੇ ਲਗਾਉਣ ਲਈ ਕਹਿ ਰਹੀ ਹੈ। ਮੈਨੂੰ ਅਜਿਹਾ ਕਰਨ ’ਚ ਕੋਈ ਇਤਰਾਜ਼ ਨਹੀਂ ਹੈ, ਪਰ ਜੇ ਗਾਂ ਨੇ ਸਾਨੂੰ ਸਿੰਙ ਮਾਰ ਦਿੱਤੇ ਤਾਂ ਕੀ ਹੋਵੇਗਾ? ਭਾਜਪਾ ਨੂੰ ਇਸ ਸਾਹਸ ਲਈ ਸਾਡੇ ਤੋਂ ਪੁੱਛਣ ਤੋਂ ਪਹਿਲਾਂ 10 ਲੱਖ ਰੁਪਏ ਦਾ ਬੀਮਾ ਲੈਣਾ ਚਾਹੀਦਾ ਹੈ। ਗਾਂ ਨੂੰ ਜੱਫੀ ਪਾਉਣ ਲਈ 20 ਲੱਖ ਰੁਪਏ ਦਾ ਬੀਮਾ ਹੋਣਾ ਚਾਹੀਦਾ ਹੈ। ਮਮਤਾ ਨੇ ਅੱਗੇ ਕਿਹਾ ਕਿ ਭਾਜਪਾ ਇੰਨੀ ਹੇਠਾਂ ਝੁਕ ਗਈ ਹੈ ਕਿ ਉਸ ਨੇ ਨੋਬਲ ਪੁਰਸਕਾਰ ਜੇਤੂ (ਅਮਰਤਿਆ ਸੇਨ) ਦਾ ਅਪਮਾਨ ਕੀਤਾ ਹੈ। ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਮਮਤਾ ਖੁਦ ਬੋਲਪੁਰ ਸਥਿਤ ਅਮਰਤਿਆ ਸੇਨ ਦੇ ਘਰ ਗਈ ਸੀ ਅਤੇ ਵਿਸ਼ਵਭਾਰਤੀ ਯੂਨੀਵਰਸਿਟੀ ਨਾਲ ਜ਼ਮੀਨੀ ਵਿਵਾਦ ’ਚ ਉਨ੍ਹਾਂ ਦਾ ਸਮਰਥਨ ਕੀਤਾ ਸੀ। ਅਮਰਤਿਆ ਸੇਨ ਨੂੰ ਉਨ੍ਹਾਂ ਦੀ ਸਰਕਾਰ ਵੱਲੋਂ ‘ਜ਼ੈੱਡ ਪਲੱਸ’ ਸ਼੍ਰੇਣੀ ਦੀ ਸੁਰੱਖਿਆ ਵੀ ਦਿੱਤੀ ਗਈ ਹੈ। ਮਮਤਾ ਨੇ ਦਾਅਵਾ ਕੀਤਾ ਕਿ ਬੰਗਾਲ ’ਚ ਕਾਨੂੰਨ ਵਿਵਸਥਾ ਦੇਸ਼ ਦੇ ਬਾਕੀ ਹਿੱਸਿਆਂ ਨਾਲੋਂ ਬਿਹਤਰ ਹੈ। ਜ਼ਿਕਰਯੋਗ ਹੈ ਕਿ ਬੰਗਾਲ ਦੇ ਦੌਰੇ ’ਤੇ ਆਏ ਭਾਜਪਾ ਪ੍ਰਧਾਨ ਜੇਪੀ ਨੱਡਾ ਨੇ ਇਕ ਵਾਰ ਫਿਰ ਇੱਥੋਂ ਦੀ ਕਾਨੂੰਨ ਵਿਵਸਥਾ ’ਤੇ ਸਵਾਲ ਚੁੱਕੇ ਸਨ। ਬੰਗਾਲ ਦੇ ਭਾਜਪਾ ਨੇਤਾ ਵੀ ਇਸ ਨੂੰ ਲੈ ਕੇ ਮਮਤਾ ਸਰਕਾਰ ’ਤੇ ਨਿਸ਼ਾਨਾ ਲਾਉਂਦੇ ਰਹਿੰਦੇ ਹਨ। ਮਮਤਾ ਨੇ ਦੋਸ਼ ਲਾਇਆ ਕਿ ਬੀਐੱਸਐੱਫ ਬੰਗਾਲ ਦੇ ਸਰਹੱਦੀ ਇਲਾਕਿਆਂ ’ਚ ਦਹਿਸ਼ਤ ਫੈਲਾ ਰਹੀ ਹੈ। ਉਥੇ ਬੇਕਸੂਰ ਲੋਕ ਮਾਰੇ ਜਾ ਰਹੇ ਹਨ। ਕੇਂਦਰ ਇਨ੍ਹਾਂ ਕਤਲਾਂ ਦੀ ਜਾਂਚ ਲਈ ਟੀਮਾਂ ਭੇਜਣ ਦੀ ਖੇਚਲ ਨਹੀਂ ਕਰਦਾ। 2024 ਦੀਆਂ ਲੋਕ ਸਭਾ ਚੋਣਾਂ ’ਚ ਭਾਜਪਾ ਨੂੰ ਹਰਾਉਣ ਦੇ ਆਪਣੇ ਐਲਾਨ ਨੂੰ ਦੁਹਰਾਉਂਦੇ ਹੋਏ ਮਮਤਾ ਨੇ ਕਿਹਾ ਕਿ ਦੇਸ਼ ’ਚ ਅਰਾਜਕਤਾ ਨੂੰ ਖਤਮ ਕਰਨ ਲਈ ਲੋਕਾਂ ਦੀ ਸਰਕਾਰ ਬਣਾਉਣ ਲਈ ਯਤਨ ਕੀਤੇ ਜਾਣੇ ਚਾਹੀਦੇ ਹਨ।