ਕੌਮੀ ਇੰਨਸਾਫ਼ ਮੋਰਚਾ ਵਲੋਂ ਚੰਡੀਗੜ੍ਹ ਦੀਆਂ ਬਰੂਹਾਂ ’ਤੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਲੱਗੇ ਇਸ ਮੋਰਚੇ ਨੂੰ ਇਕ ਮਹੀਨੇ ਤੋਂ ਉਪੱਰ ਸਮਾਂ ਬੀਤ ਚੁੱਕਾ ਹੈ ਪਰ ਸਮੇਂ ਦੀ ਸਰਕਾਰ ਦੋਗਲੀ ਨੀਤੀ ਖੇਡ ਕੇ ਸ਼ਰੇਆਮ ਕਾਨੂੰਨ ਦੀਆਂ ਧੱਜੀਆਂ ਉਡਾ ਰਹੀ ਹੈ ਅਤੇ ਮਨੁੱਖੀ ਅਧਿਕਾਰਾਂ ਦਾ ਘਾਣ ਕਰ ਰਹੀ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੱਤਰਕਾਰਾਂ ਨਾਲ ਗੱਲ ਕਰਦਿਆਂ ਜਥੇਦਾਰ ਜਗਤਾਰ ਸਿੰਘ ਹਵਾਰਾ ਦੇ ਧਰਮੀ ਬਾਪੂ ਗੁਰਚਰਨ ਸਿੰਘ ਨੇ ਕੀਤਾ । ਉਨ੍ਹਾਂ ਕਿਹਾ ਕਿ ਇਹ ਮੋਰਚਾ ਕਿਸੇ ਇਕ ਵਿਅਕਤੀ ਵਿਸ਼ੇਸ਼ ਜਾਂ ਜੱਥੇਬੰਦੀ ਦਾ ਨਹੀਂ ਸਗੋਂ ਹਰ ਇਕ ਉਸ ਇੰਨਸਾਫ਼ ਪਸੰਦ ਵਿਅਕਤੀ ਦਾ ਹੈ ਜੋ ਮਨੁੱਖੀ ਅਧਿਕਾਰਾਂ ਦੀ ਗੱਲ ਕਰਦਾ ਤੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਆਪਣੀ ਜਿੰਮੇਂਵਾਰੀ ਨਿਭਾ ਰਿਹਾ ਹੈ ਨਾ ਕਿ ਕਿਸੇ ਉੱਪਰ ਅਹਿਸਾਨ ਕਰ ਰਿਹਾ ਹੈ ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜਾਗਦੀ ਜੋਤ ਹਨ ਅਤੇ ਬੰਦੀ ਸਿੰਘਾਂ ਨੇ ਕੌਮ ਦੀ ਲੱਥੀ ਪੱਗ ਸਿਰ ’ਤੇ ਰੱਖੀ। ਇਹ ਮੋਰਚਾ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਚੱਲ ਰਿਹਾ ਹੈ। ਜਿਸ ਵਿਚ ਹਰ ਰੋਜ਼ ਸੰਗਤਾਂ ਦਾ ਠਾਠਾ ਮਾਰਦਾ ਹੱੜ੍ਹ ਆ ਰਿਹਾ ਹੈ ਜਿਸ ਕਾਰਨ ਪੰਜਾਬ ਸਰਕਾਰ ਅਤੇ ਚੰਡੀਗੜ੍ਹ ਪ੍ਰਸਾਸ਼ਨ ਨੂੰ ਹੱਥਾਂ ਪੈਰਾਂ ਦੀਆਂ ਪਈਆਂ ਹੋਈਆਂ ਹਨ। ਜੋ ਦਿਨੋਂ ਦਿਨ ਵੱਖ ਵੱਖ ਫੋਰਸ ਵਧਾ ਕੇ ਮੋਰਚੇ ’ਦੀ ਘੇਰਾ ਬੰਦੀ ਕਰ ਕੇ ਸਾਡੇ ਹੌਂਸਲੇ ਨਹੀਂ ਡੁਲਾ ਸਕਦੀ।
ਅੱਜ ਸਾਰਾ ਦਿਨ ਚੱਲੇ ਸਮਾਗਮ ਵਿਚ ਪੰਥਕ ਬੁਲਾਰਿਆਂ ਨੇ ਹਾਜ਼ਰੀ ਭਰੀ ਤੇ ਵੱਖ ਵੱਖ ਰਾਗੀ ਜੱਥਿਆਂ, ਢਾਡੀ ਜੱਥਿਆਂ ਤੇ ਕਵੀਸ਼ਰੀ ਜੱਥਿਆਂ ਨੇ ਜੋਸ਼ੀਲੀਆਂ ਵਾਰਾਂ ਸੁਣਾ ਕੇ ਸੰਗਤ ਵਿਚ ਆਪਣੀ ਭਰਵੀਂ ਹਾਜ਼ਰੀ ਲੁਵਾਈ। ਰੋਜ਼ ਦੀ ਤਰਾਂ 31 ਮੈਂਬਰੀ ਜੱਥਾ ਭਾਈ ਰਾਜਵਿੰਦਰ ਸਿੰਘ ਰਾਜੂ ਅਤੇ ਸਰਬਜੀਤ ਸਿੰਘ ਦੀ ਅਗਵਾਈ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁੱਖ ਅਰਦਾਸ ਕਰਨ ਉਪਰੰਤ ਚੰਡੀਗੜ੍ਹ ਵੱਲ ਨੂੰ ਵੱਧਿਆ। ਪੁਲਿਸ ਵਲੋਂ ਸਖਤ ਸੁਰਖਿਆ ਦੇ ਨਾਂ ’ਤੇ ਮੋਰਚੇ ਦਾ ਆਲਾ ਦੁਆਲਾ ਅਤੇ 31 ਮੈਂਬਰੀ ਜੱਥੇ ਦੇ ਚੰਡਗੜ੍ਹ ਜਾਂਦੇ ਰਸਤੇ ’ਤੇ ਵੀ ਪੂਰੀ ਤਰਾਂ ਪੁਲਿਸ ਛਾਊਣੀ ਬਣੀ ਰਹਿੰਦੀ ਹੈ ਜਿਸ ਵਿਚ ਬਖ਼ਤਰਬੰਦ(ਬੁਲਟ ਪਰੂਫ) ਟ੍ਰੈਕਟਰ, ਵਾਟਰ ਕੈਨਨ, ਘੋੜ ਪੁਲਿਸ ਆਦਿ ਪੂਰੀ ਤਰਾਂ ਹÇੱਥਆਰਬੰਦ ਰਹਿੰਦੀ ਹੈ। ਇਹ 31 ਮੈਂਬਰੀ ਜੱਥਾ ਸ਼ਾਂਤੀ ਕਾਇਮ ਰਖਦਾ ਹੋਇਆ ਜਿੱਥੇ ਪੁਲਿਸ ਰੋਕਦੀ ਹੈ ਉੱਥੇ ਨਾਮ ਸਿਮਰਨ ਕਰਨ ਉਪਰੰਤ ਮੁੱਖ ਮੰਤਰੀ ਪੰਜਾਬ ਨੂੰ ਸੁਮਤ ਬਖਸ਼ਣ ਦੀ ਅਰਦਾਸ ਕਰਕੇ ਵਾਪਸ ਮੋਰਚੇ ’ਤੇ ਪਹੁੰਚ ਜਾਂਦਾ ਹੈ।
ਅੱਜ ਭਾਈ ਸੁਰਜੀਤ ਸਿੰਘ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ, ਹਰਦੇਵ ਸਿੰਘ ਨੰਡਿਆਲੀ ਨੇ ਆਪਣੀ ਹਾਜ਼ਰੀ ਲੁਵਾਈ। ਇਸ ਮੌਕੇ ਬੀਬੀ ਹਰਬੰਸ ਕੌਰ ਖਾਲਸਾ, ਮਾਤਾ ਸਾਹਿਬ ਕੌਰ ਜੱਥਾ ਨੇ ਕਵੀਸ਼ਰੀ ਰਾਂਹੀ, ਢਾਡੀ ਜੱਥਾ ਜਗਬੀਰ ਸਿੰਘ ਜੋਗਾ, ਠੀਕਰੀ ਵਾਲੇ ਅਤੇ ਗਿਆਨੀ ਅਮਰੀਕ ਸਿੰਘ ਦਮਦਮੀ ਟਕਸਾਲ ਨੇ ਕਥਾ ਰਾਂਹੀ ਚੜ੍ਹਦੀ ਕਲਾ ਵਿਚ ਰਹਿਣ ਲਈ ਗੁਰੂ ਪੰਥ ਨੂੰ ਪ੍ਰੇਰਿਆ। ਵੱਖ ਵੱਖ ਬੁਲਾਰਿਆਂ ਵਿਚ ਭਾਈ ਗੁਰਿੰਦਰ ਸਿੰਘ ਬਾਜਵਾ, ਭਾਈ ਹਰਕੀਰਤ ਸਿੰਘ ਮੁਹਾਲੀ, ਚਮਕੌਰ ਸਿੰਘ, ਬਲਦੇਵ ਸਿੰਘ ਸਿਰਸਾ ਅਤੇ ਮਨਜਿੰਦਰ ਸਿੰਘ ਬਟਾਲਾ ਆਦਿ ਨੇ ਸੰਗਤਾਂ ਨਾਲ ਵੀਚਾਰਾਂ ਸਾਂਝੀਆਂ ਕੀਤੀਆਂ। ਇਸ ਮੌਕੇ ਸਟੇਜ਼ ਦੀ ਸੇਵਾ ਮਾਸਟਰ ਦਵਿੰਦਰ ਸਿੰਘ ਨੇ ਨਿਭਾਈ।
ਇਸ ਮੌਕੇ ਬਾਪੂ ਗੁਰਚਰਨ ਸਿੰਘ, ਐਡਵੋਕੇਟ ਅਮਰ ਸਿੰਘ ਚਾਹਲ, ਬਲਬੀਰ ਸਿੰਘ ਹਿਸਾਰ, ਬਲਦੇਵ ਸਿੰਘ ਸਿਰਸਾ, ਦਿਲਸ਼ੇਰ ਸਿੰਘ, ਜਸਵਿੰਦਰ ਸਿੰਘ ਰਾਜਪੁਰਾ, ਬਲਜੀਤ ਸਿੰਘ ਭਾਊ, ਨਿਹੰਗ ਜਥੇਦਾਰ ਰਾਜਾ ਰਾਜ ਸਿੰਘ, ਪਵਨਦੀਪ ਸਿੰਘ, ਗੁਰਸ਼ਰਨ ਸਿੰਘ, ਐਡਵੋਕੇਟ ਰਵਿੰਦਰ ਸਿੰਘ ਜੋਲੀ, ਬਾਸੀ, ਭਾਈ ਸੰਤਬੀਰ ਸਿੰਘ, ਭਾਈ ਧਨਵੰਤ ਸਿੰਘ, ਭਾਈ ਗੁਰਿੰਦਰ ਸਿੰਘ ਬਾਜਵਾ, ਸਤਵੀਰ ਸਿੰਘ, ਭਾਈ ਕਰਮ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਸੰਗਤਾਂ ਨੇ ਮੋਰਚੇ ਅਤੇ ਪੰਡਾਲ ਵਿਚ ਹਾਜ਼ਰੀ ਭਰੀ।