ਫਾਈਨੈਂਸ਼ੀਅਲ ਐਕਸ਼ਨ ਟਾਸਕ ਫੋਰਸ (FATF) ਨੇ ਰੂਸ ਦੇ “ਗੈਰ-ਕਾਨੂੰਨੀ ਅਤੇ ਬਿਨਾਂ ਭੜਕਾਹਟ ਵਾਲੇ” ਫੌਜੀ ਹਮਲੇ ਲਈ ਇਸ ਦੇਸ਼ ਦੀ ਮੈਂਬਰਸ਼ਿਪ ਨੂੰ ਮੁਅੱਤਲ ਕਰ ਦਿੱਤਾ। ਇਹ ਜਾਣਕਾਰੀ ਇਕ ਅਧਿਕਾਰਤ ਬਿਆਨ ਵਿੱਚ ਦਿੱਤੀ ਗਈ। ਟਾਸਕ ਫੋਰਸ ਨੇ ਕਿਹਾ ਕਿ ਰੂਸੀ ਫੌਜੀ ਕਾਰਵਾਈ FATF ਦੇ ਮੂਲ ਸਿਧਾਂਤਾਂ ਦੇ ਉਲਟ ਹੈ, ਜਿਸ ਦਾ ਉਦੇਸ਼ ਵਿਸ਼ਵ ਵਿੱਤੀ ਪ੍ਰਣਾਲੀ ਦੀ ਸੁਰੱਖਿਆ ਅਤੇ ਅਖੰਡਤਾ ਨੂੰ ਉਤਸ਼ਾਹਿਤ ਕਰਨਾ ਹੈ।
ਪੈਰਿਸ ਵਿੱਚ ਐੱਫਏਟੀਐੱਫ ਸੰਮੇਲਨ ਤੋਂ ਬਾਅਦ ਜਾਰੀ ਇਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਰੂਸ ਦੇ ਯੂਕ੍ਰੇਨ ਉੱਤੇ “ਗੈਰ-ਕਾਨੂੰਨੀ ਅਤੇ ਬਿਨਾਂ ਭੜਕਾਹਟ ਵਾਲੇ ਹਮਲੇ” ਦੇ ਇਕ ਸਾਲ ਬਾਅਦ ਐੱਫਏਟੀਐੱਫ ਯੂਕ੍ਰੇਨ ਦੇ ਲੋਕਾਂ ਪ੍ਰਤੀ ਆਪਣੀ ਡੂੰਘੀ ਹਮਦਰਦੀ ਪ੍ਰਗਟ ਕਰਦਾ ਹੈ। ਅੱਤਵਾਦ ਦੇ ਵਿੱਤ ਪੋਸ਼ਣ ਲਈ ਗਲੋਬਲ ਵਾਚਡੌਗ ਨੇ ਕਿਹਾ ਕਿ ਉਸ ਨੇ ਯੂਕ੍ਰੇਨ ਦੇ ਖ਼ਿਲਾਫ਼ ਰੂਸੀ ਹਮਲੇ ਦੀ ਸਖਤ ਨਿੰਦਾ ਕੀਤੀ ਹੈ। ਬਿਆਨ ‘ਚ ਕਿਹਾ ਗਿਆ ਹੈ ਕਿ ਰੂਸ ਦੁਆਰਾ ਪਿਛਲੇ ਇਕ ਸਾਲ ‘ਚ “ਬਰਬਰ ਅਤੇ ਮਨੁੱਖਤਾਵਾਦੀ ਹਮਲੇ” ਤੇਜ਼ ਹੋ ਗਏ ਹਨ ਅਤੇ ਮਹੱਤਵਪੂਰਨ ਜਨਤਕ ਬੁਨਿਆਦੀ ਢਾਂਚੇ ਨੂੰ ਨਿਸ਼ਾਨਾ ਬਣਾਇਆ ਗਿਆ ਹੈ।
ਅਮਰੀਕਾ ਨੇ ਰੂਸ ‘ਤੇ ਲਗਾਈਆ ਹੋਰ ਪਾਬੰਦੀਆਂ
ਰੂਸ-ਯੂਕ੍ਰੇਨ ਯੁੱਧ ਦੇ ਇਕ ਸਾਲ ਪੂਰਾ ਹੋਣ ‘ਤੇ ਸ਼ੁੱਕਰਵਾਰ ਨੂੰ ਅਮਰੀਕਾ ਨੇ ਰੂਸੀ ਬੈਂਕਾਂ, ਕੰਪਨੀਆਂ ਅਤੇ ਨਾਗਰਿਕਾਂ ‘ਤੇ ਹੋਰ ਨਵੀਆਂ ਪਾਬੰਦੀਆਂ ਲਗਾ ਦਿੱਤੀਆਂ ਹਨ। ਇੱਥੇ ਜਾਰੀ ਇਕ ਬਿਆਨ ਅਨੁਸਾਰ ਯੂਐੱਸ ਦੇ ਵਿੱਤ ਵਿਭਾਗ ਦੁਆਰਾ “ਸਭ ਤੋਂ ਮਹੱਤਵਪੂਰਨ ਪਾਬੰਦੀਆਂ ਦੀ ਕਾਰਵਾਈ” ਵਿੱਚ ਰੂਸ ਦੇ ਧਾਤੂ ਅਤੇ ਮਾਈਨਿੰਗ ਸੈਕਟਰ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਹੈ। ਜੀ-7 ਸਹਿਯੋਗੀ ਦੇਸ਼ਾਂ ਨਾਲ ਤਾਲਮੇਲ ਕਰਕੇ ਲਏ ਗਏ ਇਸ ਫ਼ੈਸਲੇ ਦਾ ਮਕਸਦ 250 ਲੋਕਾਂ ਅਤੇ ਕੰਪਨੀਆਂ, ਹਥਿਆਰ ਡੀਲਰਾਂ ‘ਤੇ ਕਾਰਵਾਈ ਕਰਨ ਦੇ ਨਾਲ-ਨਾਲ ਬੈਂਕਾਂ ‘ਤੇ ਆਰਥਿਕ ਪਾਬੰਦੀਆਂ ਲਗਾਉਣਾ ਹੈ।
ਵਿੱਤ ਸਕੱਤਰ ਜੈਨੇਟ ਯੇਲੇਨ ਨੇ ਇਕ ਬਿਆਨ ਵਿੱਚ ਕਿਹਾ, “ਸਾਡੀਆਂ ਪਾਬੰਦੀਆਂ ਦੇ ਥੋੜ੍ਹੇ ਸਮੇਂ ਅਤੇ ਲੰਬੇ ਸਮੇਂ ਦੇ ਪ੍ਰਭਾਵ ਹਨ, ਜਿਸ ਨਾਲ ਰੂਸ ਨੂੰ ਆਪਣੇ ਹਥਿਆਰਾਂ ਦੀ ਬਰਾਮਦ ਅਤੇ ਇਕ ਅਲੱਗ-ਥਲੱਗ ਆਰਥਿਕਤਾ ਨੂੰ ਮੁੜ ਪ੍ਰਾਪਤ ਕਰਨ ਲਈ ਸੰਘਰਸ਼ ਕਰਨਾ ਪੈ ਰਿਹਾ ਹੈ।” ਇਸ ਵਿੱਚ ਕਿਹਾ ਗਿਆ, “ਜੀ-7 ਸਹਿਯੋਗੀਆਂ ਨਾਲ ਮਿਲ ਕੇ ਅੱਜ ਕੀਤੀਆਂ ਗਈਆਂ ਕਾਰਵਾਈਆਂ ਦਰਸਾਉਂਦੀਆਂ ਹਨ ਕਿ ਜਦੋਂ ਤੱਕ ਜ਼ਰੂਰਤ ਪਏਗੀ, ਅਸੀਂ ਯੂਕ੍ਰੇਨ ਦੇ ਨਾਲ ਖੜ੍ਹੇ ਰਹਾਂਗੇ।”
ਫਾਈਨੈਂਸ਼ੀਅਲ ਐਕਸ਼ਨ ਟਾਸਕ ਫੋਰਸ ਦੇ ਮੈਂਬਰ ਦੇਸ਼ਾਂ ਦੀ ਸੂਚੀ ‘ਚੋਂ ਬਾਹਰ ਹੋਇਆ ਰੂਸ, ਅਮਰੀਕਾ ਨੇ ਲਾਈਆਂ ਹੋਰ ਪਾਬੰਦੀਆਂ…
