Home » ਮਨੀਸ਼ ਸਿਸੋਦੀਆ ਤੋਂ ਬਾਅਦ ਹੁਣ KCR ਦੀ ਬੇਟੀ ਕਵਿਤਾ ਹੋਵੇਗੀ ਗ੍ਰਿਫ਼ਤਾਰ, ਭਾਜਪਾ ਨੇਤਾ ਦਾ ਦਾਅਵਾ…
Home Page News India India News

ਮਨੀਸ਼ ਸਿਸੋਦੀਆ ਤੋਂ ਬਾਅਦ ਹੁਣ KCR ਦੀ ਬੇਟੀ ਕਵਿਤਾ ਹੋਵੇਗੀ ਗ੍ਰਿਫ਼ਤਾਰ, ਭਾਜਪਾ ਨੇਤਾ ਦਾ ਦਾਅਵਾ…

Spread the news

ਸੀਬੀਆਈ ਵੱਲੋਂ ਦਿੱਲੀ ਆਬਕਾਰੀ ਨੀਤੀ ਮਾਮਲੇ ਵਿੱਚ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ ਗ੍ਰਿਫ਼ਤਾਰ ਕਰਨ ਤੋਂ ਇੱਕ ਦਿਨ ਬਾਅਦ, ਤੇਲੰਗਾਨਾ ਭਾਜਪਾ ਆਗੂ ਵਿਵੇਕ ਨੇ ਸੋਮਵਾਰ ਨੂੰ ਦਾਅਵਾ ਕੀਤਾ ਕਿ ਭਾਰਤ ਰਾਸ਼ਟਰ ਸਮਿਤੀ (ਬੀਆਰਐਸ) ਦੇ ਐਮਐਲਸੀ ਅਤੇ ਤੇਲੰਗਾਨਾ ਦੇ ਮੁੱਖ ਮੰਤਰੀ KCR ਦੀ ਧੀ ਕਵਿਤਾ ਨੂੰ ਵੀ ਜਾਂਚ ਏਜੰਸੀ ਦੁਆਰਾ ਜਲਦੀ ਹੀ ਗ੍ਰਿਫਤਾਰ ਕੀਤਾ ਜਾਵੇਗਾ। ਭਾਜਪਾ ਆਗੂ ਵਿਵੇਕ ਨੇ ਕਿਹਾ ਕਿ ਸ਼ਰਾਬ ਘੁਟਾਲੇ ਵਿੱਚ ਕੁਝ ਹੋਰ ਗ੍ਰਿਫ਼ਤਾਰੀਆਂ ਹੋਣ ਦੀ ਸੰਭਾਵਨਾ ਹੈ। ਕਵਿਤਾ ਨੂੰ ਵੀ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ। ਵਿਵੇਕ ਨੇ ਦੋਸ਼ ਲਾਇਆ ਕਿ ਕਵਿਤਾ ਨੇ ਪੰਜਾਬ ਅਤੇ ਗੁਜਰਾਤ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਨੂੰ 150 ਕਰੋੜ ਰੁਪਏ ਦਿੱਤੇ ਸਨ। ਇਸ ਤੋਂ ਪਹਿਲਾਂ, ਐਨਫੋਰਸਮੈਂਟ ਡਾਇਰੈਕਟੋਰੇਟ ਨੇ ਦਿੱਲੀ ਆਬਕਾਰੀ ਨੀਤੀ ਮਾਮਲੇ ਵਿੱਚ ਆਪਣੀ ਚਾਰਜਸ਼ੀਟ ਵਿੱਚ ਕੇਸੀਆਰ ਦੀ ਧੀ ਕਵਿਤਾ ਦਾ ਨਾਮ ਲਿਆ ਸੀ, ਉਸ ਉੱਤੇ ਇੱਕ ਸ਼ਰਾਬ ਕੰਪਨੀ ਵਿੱਚ 65 ਪ੍ਰਤੀਸ਼ਤ ਹਿੱਸੇਦਾਰੀ ਰੱਖਣ ਦਾ ਦੋਸ਼ ਲਗਾਇਆ ਸੀ। KCR ਦੀ ਅਗਵਾਈ ਵਾਲੀ ਬੀਆਰਐਸ ਸਰਕਾਰ ਵਿੱਚ ਭ੍ਰਿਸ਼ਟਾਚਾਰ ਦਾ ਦੋਸ਼ ਲਗਾਉਂਦੇ ਹੋਏ ਵਿਵੇਕ ਨੇ ਕਿਹਾ ਕਿ ਸੱਤਾਧਾਰੀ ਪਾਰਟੀ ਤੇਲੰਗਾਨਾ ਵਿੱਚ ਆਪਣੀ ਹੋਂਦ ਗੁਆ ਦੇਵੇਗੀ। ਵਿਵੇਕ ਨੇ ਕਿਹਾ ਕਿ ਜਦੋਂ ਤੇਲੰਗਾਨਾ ਰਾਸ਼ਟਰ ਸਮਿਤੀ (ਟੀਆਰਐੱਸ) ਪਾਰਟੀ ਦੀ ਸ਼ੁਰੂਆਤ ਹੋਈ ਸੀ ਤਾਂ ਉਸ ਕੋਲ ਕੋਈ ਫੰਡ ਨਹੀਂ ਸੀ। ਵਿਵੇਕ ਨੇ ਅੱਗੇ ਕਿਹਾ ਕਿ ਹੁਣ ਪਾਰਟੀ ਕੋਲ ਦੇਸ਼ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਨਾਲੋਂ ਵੱਧ ਪੂੰਜੀ ਹੈ। ਭਾਜਪਾ ਨੇਤਾ ਨੇ ਪੁੱਛਿਆ ਕਿ ਟੀਆਰਐਸ ਨੂੰ ਇਹ ਪੈਸਾ ਕਿੱਥੋਂ ਮਿਲਿਆ? ਉਨ੍ਹਾਂ ਕਿਹਾ ਕਿ ਕੇਸੀਆਰ ਨੇ ਚੋਣਾਂ ਦੌਰਾਨ ਕੀਤਾ ਇਕ ਵੀ ਵਾਅਦਾ ਪੂਰਾ ਨਹੀਂ ਕੀਤਾ। ਦੱਸ ਦੇਈਏ ਕਿ ਸਿਸੋਦੀਆ ਨੂੰ ਸੀਬੀਆਈ ਨੇ ਆਬਕਾਰੀ ਨੀਤੀ ਬਣਾਉਣ ਅਤੇ ਲਾਗੂ ਕਰਨ ਵਿੱਚ ਕਥਿਤ ਬੇਨਿਯਮੀਆਂ ਨਾਲ ਸਬੰਧਤ ਇੱਕ ਮਾਮਲੇ ਦੀ ਚੱਲ ਰਹੀ ਜਾਂਚ ਵਿੱਚ ਐਤਵਾਰ ਨੂੰ ਗ੍ਰਿਫਤਾਰ ਕੀਤਾ ਸੀ। ਹਾਲਾਂਕਿ ‘ਆਪ’ ਦਾ ਕਹਿਣਾ ਹੈ ਕਿ ਇਹ ਸਭ ਕੇਂਦਰ ‘ਚ ਬੈਠੀ ਭਾਜਪਾ ਦੀ ਸਾਜ਼ਿਸ਼ ਹੈ ਅਤੇ ਸਿਸੋਦੀਆ ਨੂੰ ਝੂਠੇ ਕੇਸ ‘ਚ ਗ੍ਰਿਫਤਾਰ ਕੀਤਾ ਗਿਆ ਹੈ।