AMRIT VELE DA HUKAMNAMA SRI DARBAR SAHIB SRI AMRITSAR, ANG 537, 02-03-23
ਰਾਗੁ ਬਿਹਾਗੜਾ ਛੰਤ ਮਹਲਾ ੪ ਘਰੁ ੧ ੴ ਸਤਿਗੁਰ ਪ੍ਰਸਾਦਿ ॥ ਹਰਿ ਹਰਿ ਨਾਮੁ ਧਿਆਈਐ ਮੇਰੀ ਜਿੰਦੁੜੀਏ ਗੁਰਮੁਖਿ ਨਾਮੁ ਅਮੋਲੇ ਰਾਮ ॥ ਹਰਿ ਰਸਿ ਬੀਧਾ ਹਰਿ ਮਨੁ ਪਿਆਰਾ ਮਨੁ ਹਰਿ ਰਸਿ ਨਾਮਿ ਝਕੋਲੇ ਰਾਮ ॥ ਗੁਰਮਤਿ ਮਨੁ ਠਹਰਾਈਐ ਮੇਰੀ ਜਿੰਦੁੜੀਏ ਅਨਤ ਨ ਕਾਹੂ ਡੋਲੇ ਰਾਮ ॥ ਮਨ ਚਿੰਦਿਅੜਾ ਫਲੁ ਪਾਇਆ ਹਰਿ ਪ੍ਰਭੁ ਗੁਣ ਨਾਨਕ ਬਾਣੀ ਬੋਲੇ ਰਾਮ ॥੧॥
ਧਿਆਈਐ = ਧਿਆਉਣਾ ਚਾਹੀਦਾ ਹੈ। ਜਿੰਦੁੜੀਏ = ਹੇ ਸੋਹਣੀ ਜਿੰਦੇ! ਗੁਰਮੁਖਿ = ਗੁਰੂ ਦੀ ਸਰਨ ਪਿਆਂ। ਅਮੋਲੇ = ਜੇਹੜਾ ਕਿਸੇ ਮੁੱਲ ਤੋਂ ਨਾਹ ਮਿਲ ਸਕੇ। ਰਸਿ = ਰਸ ਵਿਚ, ਆਨੰਦ ਵਿਚ। ਬੀਧਾ = ਵਿੱਝਾ ਹੋਇਆ। ਨਾਮਿ = ਨਾਮ ਵਿਚ। ਝਕੋਲੇ = ਚੁੱਭੀ ਲਾਂਦਾ ਹੈ। ਠਹਰਾਈਐ = ਟਿਕਾਣਾ ਚਾਹੀਦਾ ਹੈ। ਅਨਤ = {अन्यत्र} ਹੋਰ ਪਾਸੇ। ਕਾਹੂ ਅਨਤ = ਕਿਸੇ ਹੋਰ ਪਾਸੇ। ਚਿੰਦਿਅੜਾ = ਚਿਤਵਿਆ।੧।
ਰਾਗ ਬੇਹਾਗੜਾ, ਘਰ ੧ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ ‘ਛੰਤ’। ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਹੇ ਮੇਰੀ ਸੋਹਣੀ ਜਿੰਦੇ! ਸਦਾ ਪਰਮਾਤਮਾ ਦਾ ਨਾਮ ਸਿਮਰਨਾ ਚਾਹੀਦਾ ਹੈ ਪਰਮਾਤਮਾ ਦਾ ਅਮੋਲਕ ਨਾਮ ਗੁਰੂ ਦੀ ਰਾਹੀਂ (ਹੀ) ਮਿਲਦਾ ਹੈ। ਜੇਹੜਾ ਮਨ ਪਰਮਾਤਮਾ ਦੇ ਨਾਮ-ਰਸ ਵਿਚ ਵਿੱਝ ਜਾਂਦਾ ਹੈ, ਉਹ ਮਨ ਪਰਮਾਤਮਾ ਨੂੰ ਪਿਆਰਾ ਲੱਗਦਾ ਹੈ, ਉਹ ਮਨ ਆਨੰਦ ਨਾਲ ਪ੍ਰਭੂ ਦੇ ਨਾਮ ਵਿਚ ਚੁੱਭੀ ਲਾਈ ਰੱਖਦਾ ਹੈ। ਹੇ ਮੇਰੀ ਸੋਹਣੀ ਜਿੰਦੇ! ਗੁਰੂ ਦੀ ਮਤਿ ਉਤੇ ਤੁਰ ਕੇ ਇਸ ਮਨ ਨੂੰ (ਪ੍ਰਭੂ-ਚਰਨਾਂ ਵਿਚ) ਟਿਕਾਣਾ ਚਾਹੀਦਾ ਹੈ (ਗੁਰੂ ਦੀ ਮਤਿ ਦੀ ਬਰਕਤਿ ਨਾਲ ਮਨ) ਕਿਸੇ ਹੋਰ ਪਾਸੇ ਨਹੀਂ ਡੋਲਦਾ। ਹੇ ਨਾਨਕ! ਜੇਹੜਾ ਮਨੁੱਖ (ਗੁਰਮਤਿ ਤੇ ਤੁਰ ਕੇ) ਪ੍ਰਭੂ ਦੇ ਗੁਣਾਂ ਵਾਲੀ ਬਾਣੀ ਉਚਾਰਦਾ ਰਹਿੰਦਾ ਹੈ, ਉਹ ਮਨ-ਇੱਛਤ ਫਲ ਪਾ ਲੈਂਦਾ ਹੈ।੧।