Home » ਸੰਸਦ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਪੀਐੱਮ ਮੋਦੀ ਨੇ ਸੀਨੀਅਰ ਨੇਤਾਵਾਂ ਨਾਲ ਕੀਤੀ ਮੀਟਿੰਗ…
Home Page News India India News

ਸੰਸਦ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਪੀਐੱਮ ਮੋਦੀ ਨੇ ਸੀਨੀਅਰ ਨੇਤਾਵਾਂ ਨਾਲ ਕੀਤੀ ਮੀਟਿੰਗ…

Spread the news

 ਸੰਸਦ ਦੇ ਬਜਟ ਸੈਸ਼ਨ ਦਾ ਦੂਜਾ ਪੜਾਅ ਚੱਲ ਰਿਹਾ ਹੈ ਅਤੇ ਅੱਜ ਫਿਰ ਰਾਹੁਲ ਤੋਂ ਮੁਆਫ਼ੀ ਮੰਗਣ ਦੀ ਮੰਗ ਨੂੰ ਲੈ ਕੇ ਦੋਵਾਂ ਸਦਨਾਂ ਵਿੱਚ ਹੰਗਾਮਾ ਹੋਇਆ। ਜਿੱਥੇ ਭਾਜਪਾ ਨੇਤਾਵਾਂ ਨੇ ਲੰਡਨ ਵਿੱਚ ਭਾਰਤ ਦੀ ਤਸਵੀਰ ਨੂੰ ਖਰਾਬ ਕਰਨ ਲਈ ਰਾਹੁਲ ਗਾਂਧੀ ਤੋਂ ਮੁਆਫੀ ਮੰਗਣ ਦੀ ਮੰਗ ਕੀਤੀ, ਉਥੇ ਕਾਂਗਰਸ ਨੇ ਅਡਾਨੀ ਮੁੱਦੇ ‘ਤੇ ਸਰਕਾਰ ਨੂੰ ਘੇਰਨ ਦੀ ਕੋਸ਼ਿਸ਼ ਕੀਤੀ। ਲੋਕ ਸਭਾ ਅਤੇ ਰਾਜ ਸਭਾ ਦੋਵਾਂ ਵਿੱਚ ਰਾਹੁਲ ਤੋਂ ਮੁਆਫ਼ੀ ਦੀ ਮੰਗ ਕੀਤੀ ਗਈ। ਇਸ ਦੌਰਾਨ ਲੋਕ ਸਭਾ ਦੁਪਹਿਰ 2 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸੰਸਦ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਸੀਨੀਅਰ ਆਗੂਆਂ ਨਾਲ ਮੀਟਿੰਗ ਕੀਤੀ। ਮੀਟਿੰਗ ਵਿੱਚ ਕੇਂਦਰੀ ਮੰਤਰੀ ਪ੍ਰਹਿਲਾਦ ਜੋਸ਼ੀ, ਪੀਯੂਸ਼ ਗੋਇਲ, ਨਰਿੰਦਰ ਸਿੰਘ ਤੋਮਰ, ਕਿਰਨ ਰਿਜਿਜੂ, ਅਨੁਰਾਗ ਠਾਕੁਰ ਅਤੇ ਨਿਤਿਨ ਗਡਕਰੀ ਸਮੇਤ ਚੋਟੀ ਦੇ ਮੰਤਰੀ ਮੌਜੂਦ ਸਨ।
ਦੋ ਭਾਰਤੀ ਫਿਲਮਾਂ ਨੂੰ ਆਸਕਰ ਮਿਲਣ ਲਈ ਰਾਜ ਸਭਾ ਵਿੱਚ ਵਧਾਈ ਦਿੱਤੀ ਗਈ ਹੈ। ਰਾਜ ਸਭਾ ‘ਚ ਜਯਾ ਬੱਚਨ ਸਮੇਤ ਵੱਖ-ਵੱਖ ਨੇਤਾਵਾਂ ਨੇ ਕਿਹਾ ਕਿ ਇਸ ਨਾਲ ਭਾਰਤੀ ਫਿਲਮ ਜਗਤ ਦਾ ਨਾਂ ਰੋਸ਼ਨ ਹੋਇਆ ਹੈ।
ਕਾਂਗਰਸ ਨੇਤਾ ਅਧੀਰ ਰੰਜਨ ਚੌਧਰੀ ਨੇ ਅੱਜ ਸਰਕਾਰ ‘ਤੇ ਹਮਲਾ ਬੋਲਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਖੁਦ ਸੈਸ਼ਨ ਨਹੀਂ ਚਲਾਉਣਾ ਚਾਹੁੰਦੀ। ਅਜਿਹਾ ਨਜ਼ਾਰਾ ਕਦੇ ਨਹੀਂ ਦੇਖਿਆ ਕਿ ਸਰਕਾਰ ਦੇ ਮੰਤਰੀਆਂ ਨੇ ਸਦਨ ਨੂੰ ਠੱਪ ਕਰਨ ਲਈ ਹੰਗਾਮਾ ਕੀਤਾ ਹੋਵੇ। ਅਧੀਰ ਨੇ ਕਿਹਾ ਕਿ ਰਾਹੁਲ ਗਾਂਧੀ ਮੁਆਫੀ ਕਿਉਂ ਮੰਗਣਗੇ? ਕੀ ਉਸਨੇ ਕੋਈ ਜੁਰਮ ਕੀਤਾ ਹੈ? ਸਰਕਾਰ ਦੇ ਲੋਕਾਂ ਨੂੰ ਮੁਆਫੀ ਮੰਗਣੀ ਚਾਹੀਦੀ ਹੈ।
ਸਦਨ ‘ਚ ਹੰਗਾਮੇ ਨੂੰ ਲੈ ਕੇ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਕਾਂਗਰਸ ‘ਤੇ ਹਮਲਾ ਬੋਲਿਆ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਰੋਣਾ ਬੰਦ ਕਰੇ ਅਤੇ ਦੇਸ਼ ਤੋਂ ਮੁਆਫੀ ਮੰਗੇ। ਠਾਕੁਰ ਨੇ ਕਿਹਾ ਕਿ ਅੱਜ ਭਾਰਤ ਵਿਸ਼ਵ ਮਹਾਂਸ਼ਕਤੀ ਵਜੋਂ ਉਭਰ ਰਿਹਾ ਹੈ ਅਤੇ ਭਾਰਤ ਜੀ-20 ਦੀ ਪ੍ਰਧਾਨਗੀ ਕਰ ਰਿਹਾ ਹੈ। ਇਹ ਸਾਰੀਆਂ ਗੱਲਾਂ ਭਾਰਤ ਦੀ ਤਰੱਕੀ ਨੂੰ ਦਰਸਾਉਂਦੀਆਂ ਹਨ ਪਰ ਦੂਜੇ ਪਾਸੇ ਰਾਹੁਲ ਗਾਂਧੀ ਵਿਦੇਸ਼ ਜਾ ਕੇ ਭਾਰਤ ਨੂੰ ਜ਼ਲੀਲ ਕਰਨ ਦਾ ਕੋਈ ਮੌਕਾ ਨਹੀਂ ਛੱਡ ਰਹੇ ਹਨ। ਠਾਕੁਰ ਨੇ ਕਿਹਾ ਕਿ ਇਕ ਪਾਸੇ ਸਦਨ ਚੱਲ ਰਿਹਾ ਹੈ ਅਤੇ ਰਾਹੁਲ ਦੁਨੀਆ ਭਰ ਵਿਚ ਕਹਿੰਦੇ ਹਨ ਕਿ ਉਨ੍ਹਾਂ ਨੂੰ ਬੋਲਣ ਦਾ ਮੌਕਾ ਨਹੀਂ ਦਿੱਤਾ ਜਾਂਦਾ ਜਦਕਿ ਸਦਨ ਵਿਚ ਉਨ੍ਹਾਂ ਦੀ ਮੌਜੂਦਗੀ ਬਹੁਤ ਘੱਟ ਹੈ।
ਦੂਜੇ ਪਾਸੇ ਅੱਜ ਦੂਜੇ ਦਿਨ ਸਦਨ ਦੀ ਕਾਰਵਾਈ ਸ਼ੁਰੂ ਹੋਣ ਤੋਂ ਪਹਿਲਾਂ ਤ੍ਰਿਣਮੂਲ ਕਾਂਗਰਸ ਦੇ ਸੰਸਦ ਮੈਂਬਰਾਂ ਨੇ ਅਡਾਨੀ ਮੁੱਦੇ ਨੂੰ ਲੈ ਕੇ ਸੰਸਦ ਵਿੱਚ ਮਹਾਤਮਾ ਗਾਂਧੀ ਦੇ ਬੁੱਤ ਅੱਗੇ ਧਰਨਾ ਦਿੱਤਾ। ਇਸ ਦੇ ਨਾਲ ਹੀ ‘ਆਪ’ ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਵਿਰੋਧੀ ਨੇਤਾਵਾਂ ਦੇ ਖਿਲਾਫ ਕੇਂਦਰੀ ਏਜੰਸੀਆਂ ਦੀ ਦੁਰਵਰਤੋਂ ‘ਤੇ ਜ਼ੀਰੋ ਆਵਰ ਨੋਟਿਸ ਦਿੱਤਾ ਹੈ।