ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਨਸ਼ਿਆਂ ਦੀ ਅਲਾਮਤ ਨੂੰ ਜੜ੍ਹੋਂ ਪੁੱਟਣ ਲਈ ਵਿੱਢੀ ਫੈਸਲਾਕੁੰਨ ਜੰਗ ਨੌਵੇਂ ਮਹੀਨੇ ‘ਚ ਦਾਖ਼ਲ ਹੋ ਗਈ ਹੈ, ਪੰਜਾਬ ਪੁਲਿਸ ਨੇ 5 ਜੁਲਾਈ, 2022 ਤੋਂ ਹੁਣ ਤੱਕ 962 ਵਪਾਰਕ ਮਾਮਲਿਆਂ ਸਮੇਤ 8458 ਐਫਆਈਆਰਜ਼ ਦਰਜ ਕਰਕੇ 1628 ਵੱਡੀਆਂ ਮੱਛੀਆਂ ਸਮੇਤ 11360 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਇੰਸਪੈਕਟਰ ਜਨਰਲ ਆਫ਼ ਪੁਲਿਸ (ਹੈਡਕੁਆਰਟਰ) ਸੁਖਚੈਨ ਸਿੰਘ ਗਿੱਲ ਨੇ ਅੱਜ ਇੱਥੇ ਆਪਣੀ ਹਫ਼ਤਾਵਾਰੀ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਪੁਲਿਸ ਟੀਮਾਂ ਨੇ ਸੂਬੇ ਭਰ ਤੋਂ ਨਸ਼ਾ ਪ੍ਰਭਾਵਿਤ ਇਲਾਕਿਆਂ ਅਤੇ ਸੰਵੇਦਨਸ਼ੀਲ ਰੂਟਾਂ ‘ਤੇ ਨਾਕਾਬੰਦੀ ਅਤੇ ਤਲਾਸ਼ੀ ਮੁਹਿੰਮ ਚਲਾ ਕੇ 612.78 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਇਸ ਤੋਂ ਇਲਾਵਾ, ਪੰਜਾਬ ਪੁਲਿਸ ਦੀਆਂ ਟੀਮਾਂ ਦੁਆਰਾ ਗੁਜਰਾਤ ਅਤੇ ਮਹਾਰਾਸ਼ਟਰ ਦੀਆਂ ਬੰਦਰਗਾਹਾਂ ਤੋਂ 147.5 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ, ਜਿਸ ਨਾਲ ਸਿਰਫ਼ ਅੱਠ ਮਹੀਨਿਆਂ ਵਿੱਚ ਹੈਰੋਇਨ ਦੀ ਕੁੱਲ ਬਰਾਮਦਗੀ 760.28 ਕਿਲੋ ਹੋ ਗਈ ਹੈ।
ਹੈਰੋਇਨ ਦੀ ਵੱਡੀ ਖੇਪ ਬਰਾਮਦ ਕਰਨ ਤੋਂ ਇਲਾਵਾ, ਆਈ.ਜੀ.ਪੀ. ਨੇ ਦੱਸਿਆ ਕਿ ਪੁਲਿਸ ਨੇ ਸੂਬੇ ਭਰ ਵਿੱਚੋਂ 464.18 ਕਿਲੋ ਅਫੀਮ, 586 ਕਿਲੋ ਗਾਂਜਾ, 270 ਕੁਇੰਟਲ ਭੁੱਕੀ ਅਤੇ 53.73 ਲੱਖ ਗੋਲੀਆਂ/ਕੈਪਸੂਲ/ਟੀਕੇ/ ਫਾਰਮਾ ਓਪੀਓਡਜ਼ ਦੀਆਂ ਸ਼ੀਸ਼ੀਆਂ ਵੀ ਬਰਾਮਦ ਕੀਤੀਆਂ ਹਨ। ਪੁਲੀਸ ਨੇ ਇਨ੍ਹਾਂ ਅੱਠ ਮਹੀਨਿਆਂ ਵਿੱਚ ਗ੍ਰਿਫ਼ਤਾਰ ਕੀਤੇ ਗਏ ਨਸ਼ਾ ਤਸਕਰਾਂ ਦੇ ਕਬਜ਼ੇ ਵਿੱਚੋਂ 10.36 ਕਰੋੜ ਰੁਪਏ ਦੀ ਡਰੱਗ ਮਨੀ ਵੀ ਬਰਾਮਦ ਕੀਤੀ ਹੈ।
ਹਫ਼ਤਾਵਾਰੀ ਅਪਡੇਟ ਦਿੰਦਿਆਂ ਆਈਜੀਪੀ ਨੇ ਕਿਹਾ ਕਿ ਪਿਛਲੇ ਇੱਕ ਹਫ਼ਤੇ ਵਿੱਚ ਪੁਲਿਸ ਨੇ 22 ਵਪਾਰਕ ਮਾਮਲਿਆਂ ਸਮੇਤ 189 ਐਫਆਈਆਰਜ਼ ਦਰਜ ਕਰਕੇ 234 ਨਸ਼ਾ ਤਸਕਰਾਂ/ਸਪਲਾਇਰਾਂ ਨੂੰ ਗ੍ਰਿਫਤਾਰ ਕੀਤਾ ਅਤੇ ਉਹਨਾਂ ਦੇ ਕਬਜ਼ੇ ਵਿੱਚੋਂ 7.60 ਕਿਲੋਗ੍ਰਾਮ ਹੈਰੋਇਨ, 10.30 ਕਿਲੋ ਅਫੀਮ, 13.87 ਕਿਲੋ ਗਾਂਜਾ, 2.80 ਕੁਇੰਟਲ ਭੁੱਕੀ, 59271 ਗੋਲੀਆਂ/ਕੈਪਸੂਲ/ਟੀਕੇ/ਫਾਰਮਾ ਓਪੀਓਡਜ਼ ਦੀਆਂ ਸ਼ੀਸ਼ੀਆਂ ਸਮੇਤ 1.47 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ।