ਪੰਜਾਬ ‘ਚ ਮੌਸਮ ਮੁੜ ਤੋਂ ਕਰਵਟ ਲੈਣ ਵਾਲਾ ਹੈ। ਮੌਸਮ ਵਿਭਾਗ ਮੁਤਾਬਕ ਹਿਮਾਚਲ ਪ੍ਰਦੇਸ਼, ਉੱਤਰਾਖੰਡ, ਪੰਜਾਬ, ਹਰਿਆਣਾ, ਦਿੱਲੀ ਅਤੇ ਪੱਛਮੀ ਉੱਤਰ ਪ੍ਰਦੇਸ਼ ਵਿਚ ਅੱਜ ਤੇ ਕੱਲ੍ਹ ਮੀਂਹ ਅਤੇ ਗੜੇ ਪੈਣ ਦੀ ਸੰਭਾਵਨਾ ਹੈ। ਆਈਐਮਡੀ ਨੇ ਕਿਹਾ ਹੈ ਕਿ ਮਾਰਚ ਦੇ ਅੰਤ ਤੱਕ ਦਿੱਲੀ ਵਿਚ ਵੱਧ ਤੋਂ ਵੱਧ ਤਾਪਮਾਨ 30 ਡਿਗਰੀ ਸੈਲਸੀਅਸ ਦੇ ਦਾਇਰੇ ਵਿਚ ਰਹਿ ਸਕਦਾ ਹੈ। ਆਈਐਮਡੀ ਦੇ ਅਨੁਸਾਰ 30 ਮਾਰਚ ਨੂੰ ਛੱਤੀਸਗੜ੍ਹ, ਵਿਦਰਭ ਅਤੇ ਮੱਧ ਪ੍ਰਦੇਸ਼ ਦੇ ਕੁਝ ਹਿੱਸਿਆਂ ਵਿਚ ਗੜੇ ਪੈਣ ਦੀ ਸੰਭਾਵਨਾ ਹੈ। 30 ਅਤੇ 31 ਮਾਰਚ ਨੂੰ ਬਿਹਾਰ, ਝਾਰਖੰਡ, ਉੜੀਸਾ, ਪੱਛਮੀ ਬੰਗਾਲ ਅਤੇ ਸਿੱਕਮ ਵਿੱਚ ਵੱਡੇ ਪੱਧਰ ਉਤੇ ਮੀਂਹ ਅਤੇ ਗਰਜ਼-ਤੂਫ਼ਾਨ ਦੀ ਸੰਭਾਵਨਾ ਹੈ।
ਮੌਸਮ ਵਿਭਾਗ ਚੰਡੀਗੜ੍ਹ ਦੇ ਡਾਇਰੈਕਟਰ ਡਾ. ਮਨਮੋਹਨ ਸਿੰਘ ਮੁਤਾਬਕ ਪਾਰਾ 5 ਡਿਗਰੀ ਤੱਕ ਡਿੱਗ ਸਕਦਾ ਹੈ। ਵੀਰਵਾਰ ਨੂੰ ਚੰਡੀਗੜ੍ਹ ‘ਚ ਬੱਦਲ ਛਾਏ ਰਹਿਣਗੇ। 31 ਮਾਰਚ ਅਤੇ 1 ਅਪ੍ਰੈਲ ਨੂੰ ਮੀਂਹ ਪੈਣ ਦੀ ਸੰਭਾਵਨਾ ਹੈ। ਹਿਮਾਚਲ ‘ਚ ਵੀ ਬਰਫਬਾਰੀ ਅਤੇ ਬਾਰਿਸ਼ ਦਾ ਅਲਰਟ ਹੋਵੇਗਾ।ਮੌਸਮ ਵਿਭਾਗ ਨੇ ਜ਼ਿਆਦਾਤਰ ਜ਼ਿਲ੍ਹਿਆਂ ਲਈ ਦੋ ਦਿਨ ਦਾ ਔਰੇਂਜ ਅਲਰਟ ਜਾਰੀ ਕੀਤਾ ਹੈ, ਜਿਨ੍ਹਾਂ ਵਿੱਚ ਪਿਛਲੀ ਬਾਰਿਸ਼-ਗੜੇਮਾਰੀ ਨਾਲ ਫਸਲਾਂ ਨੂੰ ਭਾਰੀ ਨੁਕਸਾਨ ਹੋਇਆ ਹੈ। ਮੌਸਮ ਵਿਭਾਗ ਨੇ ਪੰਜਾਬ ਦੇ 14 ਜ਼ਿਲ੍ਹਿਆਂ ਵਿੱਚ 30 ਮਾਰਚ ਲਈ ਔਰੇਂਜ ਅਲਰਟ ਜਾਰੀ ਕੀਤਾ ਹੈ।