Home » ਬ੍ਰਿਟੇਨ ਵਿਚ ਕਰਾਂਗਾ ਰਾਹੁਲ ਗਾਂਧੀ ਤੇ ਮੁਕੱਦਮਾ : ਲਲਿਤ ਮੋਦੀ…
Home Page News India India News

ਬ੍ਰਿਟੇਨ ਵਿਚ ਕਰਾਂਗਾ ਰਾਹੁਲ ਗਾਂਧੀ ਤੇ ਮੁਕੱਦਮਾ : ਲਲਿਤ ਮੋਦੀ…

Spread the news

ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ਦੇ ਸਾਬਕਾ ਚੇਅਰਮੈਨ ਲਲਿਤ ਮੋਦੀ ਨੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ। ਉਨ੍ਹਾਂ ਰਾਹੁਲ ਤੇ ਕਾਂਗਰਸੀ ਆਗੂਆਂ ਵੱਲੋਂ ਉਨ੍ਹਾਂ ਨੂੰ ਭਗੌੜਾ ਕਹੇ ਜਾਣ ’ਤੇ ਵੀ ਇਤਰਾਜ਼ ਪ੍ਰਗਟਾਇਆ ਹੈ। ਲਲਿਤ ਮੋਦੀ ਨੇ ਐਲਾਨ ਕੀਤਾ ਹੈ ਕਿ ਉਹ ਰਾਹੁਲ ’ਤੇ ਉਨ੍ਹਾਂ ਦੀਆਂ ਟਿੱਪਣੀਆਂ ਲਈ ਬਿ੍ਰਟੇਨ ਦੀ ਅਦਾਲਤ ’ਚ ਮੁਕੱਦਮਾ ਦਾਇਰ ਕਰਨਗੇ। ਇਨ੍ਹਾਂ ’ਚ ਰਾਹੁਲ ਨੇ ਉਨ੍ਹਾਂ ਦਾ ਨਾਂ ਭ੍ਰਿਸ਼ਟਾਚਾਰ ਤੇ ਮਨੀ ਲਾਂਡਿ੍ਰੰਗ ਨਾਲ ਜੋੜਿਆ ਸੀ। ਆਈਪੀਐੱਲ ’ਚ ਵਿੱਤੀ ਬੇਨਿਯਮੀਆਂ ਦੇ ਦੋਸ਼ਾਂ ’ਚ ਘਿਰਨ ਪਿੱਛੋਂ ਸਾਲ 2010 ਤੋਂ ਲੰਡਨ ’ਚ ਹੀ ਵਸੇ ਲਲਿਤ ਮੋਦੀ ਨੇ ਮਾਈਕ੍ਰੋ-ਬਲਾਗਿੰਗ ਵੈੱਬਸਾਈਟ ਟਵਿੱਟਰ ’ਤੇ ਰਾਹੁਲ ਗਾਂਧੀ ’ਤੇ ਵਰ੍ਹਦਿਆਂ ਕਿਹਾ, ‘ਮੈਂ ਉਨ੍ਹਾਂ (ਰਾਹੁਲ ਗਾਂਧੀ) ਨੂੰ ਖ਼ੁਦ ਨੂੰ ਅਦਾਲਤ ’ਚ ਪੂਰੀ ਤਰ੍ਹਾਂ ਮੂਰਖ ਸਾਬਿਤ ਹੁੰਦੇ ਦੇਖਣ ਲਈ ਕਾਹਲਾ ਹਾਂ…।’ ਲਲਿਤ ਮੋਦੀ ਨੇ ਰਾਹੁਲ ਵੱਲੋਂ ਉਨ੍ਹਾਂ ਨੂੰ ‘ਇਨਸਾਫ਼ ਦਾ ਭਗੌੜਾ’ ਕਹਿਣ ਦੇ ਆਧਾਰ ’ਤੇ ਸਵਾਲ ਚੁੱਕਦਿਆਂ ਕਿਹਾ ਕਿ ਉਨ੍ਹਾਂ ਨੂੰ ਕਦੀ ਵੀ ਕਿਸੇ ਵੀ ਅਪਰਾਧ ਲਈ ਦੋਸ਼ੀ ਕਰਾਰ ਨਹੀਂ ਦਿੱਤਾ ਗਿਆ। ਪਿਛਲੇ 15 ਸਾਲਾਂ ’ਚ ਉਨ੍ਹਾਂ ਖ਼ਿਲਾਫ਼ ਇਕ ਪੈਸੇ ਦਾ ਘੁਟਾਲਾ ਵੀ ਸਾਬਿਤ ਨਹੀਂ ਹੋਇਆ। ਮੋਦੀ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੇ ‘ਦੁਨੀਆ ਦਾ ਸਭ ਤੋਂ ਵੱਡਾ ਖੇਡ ਪ੍ਰੋਗਰਾਮ’ ਕਰਵਾਇਆ ਜਿਸ ਨੇ 100 ਅਰਬ ਡਾਲਰ (ਕਰੀਬ 82.10 ਖ਼ਰਬ ਰੁਪਏ) ਤੱਕ ਕਮਾਏ ਤੇ ਲਲਿਤ ਮੋਦੀ ਦੇ ਪਰਿਵਾਰ ਨੇ ਗਾਂਧੀ ਪਰਿਵਾਰ ਦੇ ਮੁਕਾਬਲੇ ਭਾਰਤ ਲਈ ਜ਼ਿਆਦਾ ਕੰਮ ਕੀਤਾ ਹੈ। ਉਨ੍ਹਾਂ ਰਾਹੁਲ ਨੂੰ ਪੱਪੂ ਦੱਸਦਿਆਂ ਦੋਸ਼ ਸਾਬਿਤ ਕਰਨ ਦੀ ਚੁਣੌਤੀ ਦਿੱਤੀ। ਨਾਲ ਹੀ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਉਹ ਮੇਰੇ ਖ਼ਿਲਾਫ਼ ਕੋਈ ਤਾਂ ਸਬੂਤ ਲਿਆ ਸਕਣਗੇ। ਆਈਪੀਐੱਲ ਦੇ ਸਾਬਕਾ ਚੇਅਰਮੈਨ ਨੇ ਇਕ ਹੋਰ ਟਵੀਟ ’ਚ ਕਾਂਗਰਸ ਦੇ ਕਈ ਆਗੂਆਂ ’ਤੇ ਵਿਦੇਸ਼ਾਂ ’ਚ ਜਾਇਦਾਦ ਹੋਣ ਦਾ ਦੋਸ਼ ਵੀ ਲਗਾਇਆ ਤੇ ਕਿਹਾ ਕਿ ਉਹ ਉਨ੍ਹਾਂ ਦੀਆਂ ਜਾਇਦਾਦਾਂ ਦੇ ਪਤੇ ਤੇ ਤਸਵੀਰਾਂ ਮੁਹੱਈਆ ਕਰਵਾ ਸਕਦੇ ਹਨ। ਉਨ੍ਹਾਂ ਗਾਂਧੀ ਪਰਿਵਾਰ ਦੇ ਨਾਜਾਇਜ਼ ਲੈਣ-ਦੇਣ ’ਚ ਸ਼ਾਮਲ ਕਾਂਗਰਸੀ ਆਗੂਆਂ ’ਚ ਆਰਕੇ ਧਵਨ, ਸੀਤਾਰਾਮ ਯੇਚੁਰੀ, ਮੋਤੀ ਲਾਲ ਵੋਹਰਾ, ਸਤੀਸ਼ ਸ਼ਰਮਾ ਆਦਿ ਦਾ ਨਾਂ ਹੋਣ ਦਾ ਦੋਸ਼ ਲਗਾਇਆ। ਲਲਿਤ ਮੋਦੀ ਨੇ ਕਿਹਾ ਕਿ ਜਿਉਂ ਹੀ ਭਾਰਤ ’ਚ ਮਾਣਹਾਨੀ ਦੇ ਸਖ਼ਤ ਕਾਨੂੰਨ ਪਾਸ ਹੋਣਗੇ, ਉਹ ਭਾਰਤ ਪਰਤ ਆਉਣਗੇ। ਲਲਿਤ ਮੋਦੀ ਦੇ ਰਾਹੁਲ ਗਾਂਧੀ ਖ਼ਿਲਾਫ਼ ਕਾਨੂੰਨੀ ਕਾਰਵਾਈ ਦੇ ਐਲਾਨ ਤੋਂ ਕੁਝ ਹੀ ਦਿਨ ਪਹਿਲਾਂ ‘ਮੋਦੀ ਸਰਨੇਮ’ ਨੂੰ ਲੈ ਕੇ ਕੀਤੀਆਂ ਗਈਆਂ ਟਿੱਪਣੀਆਂ ਲਈ ਮਾਣਹਾਨੀ ਦੇ ਮਾਮਲੇ ’ਚ ਸੂਰਤ ਦੀ ਇਕ ਅਦਾਲਤ ਨੇ ਰਾਹੁਲ ਗਾਂਧੀ ਨੂੰ ਦੋਸ਼ੀ ਕਰਾਰ ਦਿੱਤਾ ਸੀ ਤੇ ਦੋ ਸਾਲ ਕੈਦ ਦੀ ਸਜ਼ਾ ਸੁਣਾਈ ਸੀ। ਦਰਅਸਲ ਰਾਹੁਲ ਨੇ ਸਾਲ 2019 ’ਚ ਕਰਨਾਟਕ ਦੇ ਕੋਲਾਰ ’ਚ ਇਕ ਚੋਣ ਰੈਲੀ ਦੌਰਾਨ ਲਲਿਤ ਮੋਦੀ ਤੇ ਭਗੌੜੇ ਹੀਰਾ ਕਾਰੋਬਾਰੀ ਨੀਰਵ ਮੋਦੀ ਦੇ ਨਾਲ ਜੋੜ ਕੇ ‘ਸਾਰੇ ਚੋਰਾਂ ਦਾ ਸਰਨੇਮ ਮੋਦੀ ਕਿਵੇਂ ਹੋ ਸਕਦਾ ਹੈ?’ ਟਿੱਪਣੀ ਕੀਤੀ ਸੀ। ਅਦਾਲਤ ’ਚ ਇਹ ਦੋਸ਼ ਸਾਬਿਤ ਹੋਣ ਦੇ ਸਿੱਟੇ ਵਜੋਂ ਸੰਸਦ ਮੈਂਬਰ ਵਜੋਂ ਵੀ ਰਾਹੁਲ ਨੂੰ ਅਯੋਗ ਐਲਾਨ ਦਿੱਤਾ ਗਿਆ। ਰਾਹੁਲ ਗਾਂਧੀ ਨੇ ਹੁਣ ਤੱਕ ਲਲਿਤ ਮੋਦੀ ਦੇ ਟਵੀਟ ਜਾਂ ਉਨ੍ਹਾਂ ਦੀ ਕਾਨੂੰਨੀ ਧਮਕੀ ਦਾ ਜਵਾਬ ਨਹੀਂ ਦਿੱਤਾ।