ਤਾਈਵਾਨ ਦੀ ਰਾਸ਼ਟਰਪਤੀ ਸਾਈ ਇੰਗ ਵੇਨ ਦੇ ਪਹਿਲਾਂ ਅਮਰੀਕਾ ਦੌਰੇ ਤੋਂ ਬਾਅਦ ਚੀਨ ਭੜਕਿਆ ਹੈ। ਤਾਈਵਾਨ ਦੇ ਵਿਦੇਸ਼ ਮੰਤਰੀ ਜੋਸੇਫ ਵੂ ਨੇ ਇਕ ਇੰਟਰਵਿਊ ‘ਚ ਚੀਨ ਦੇ ਹਮਲਾਵਰ ਇਰਾਦਿਆਂ ਦਾ ਖੁਲਾਸਾ ਕਰਕੇ ਹੋਏ ਕਿਹਾ ਕਿ ਚੀਨ ਦਾ ਹਮਲਾਵਰ ਫੌਜੀ ਅਭਿਆਸ ਦੇਖ ਕੇ ਲੱਗਦਾ ਹੈ ਕਿ ਚੀਨੀ ਫੌਜ ਤਾਈਵਾਨ ‘ਤੇ ਹਮਲੇ ਦੀ ਤਿਆਰੀ ਕਰ ਰਿਹਾ ਹੈ। ਵੂ ਨੇ ਕਿਹਾ ਕਿ ਫੌਜੀ ਅਭਿਆਸ ਅਤੇ ਉਨ੍ਹਾਂ ਦੀ ਬਿਆਨਬਾਜ਼ੀ ਨੂੰ ਦੇਖੀਏ ਤਾਂ ਅਜਿਹਾ ਲੱਗਦਾ ਹੈ ਕਿ ਉਹ ਤਾਈਵਾਨ ਦੇ ਖ਼ਿਲਾਫ਼ ਯੁੱਧ ਸ਼ੁਰੂ ਕਰਨ ਲਈ ਤਿਆਰ ਹੋਣ ਦੀ ਕੋਸ਼ਿਸ਼ ਕਰ ਰਹੇ ਹਨ। ਵੂ ਮੁਤਾਬਕ ਤਾਈਵਾਨ ਦੀ ਸਰਕਾਰ ਚੀਨੀ ਫੌਜ ਖਤਰੇ ਨੂੰ ਇਕ ਅਜਿਹੀ ਚੀਜ਼ ਦੇ ਤੌਰ ‘ਤੇ ਦੇਖਦੀ ਹੈ ਜਿਸ ਨੂੰ ਸਵੀਕਾਰ ਨਹੀਂ ਕੀਤਾ ਜਾ ਸਕਦਾ ਹੈ ਅਤੇ ਤਾਈਵਾਨ ਇਸ ਦੀ ਨਿੰਦਾ ਕਰਦਾ ਹੈ।
ਦੱਸ ਦੇਈਏ ਕਿ ਪਿਛਲੇ ਦਿਨੀਂ ਤਾਈਵਾਨ ਦੇ ਰਾਸ਼ਟਰਪਤੀ ਸਾਈ ਇੰਗ ਵੇਨ ਨੇ ਅਮਰੀਕੀ ਕਾਂਗਰਸ ਦੇ ਸਪੀਕਰ ਕੇਵਿਨ ਮੈਕਕਾਰਥੀ ਨਾਲ ਮੁਲਾਕਾਤ ਕੀਤੀ, ਜਿਸ ਤੋਂ ਚੀਨ ਨਾਰਾਜ਼ ਹੈ ਅਤੇ ਆਪਣੀ ਨਾਰਾਜ਼ਗੀ ਜ਼ਾਹਰ ਕਰਨ ਲਈ ਤਾਈਵਾਨ ਨੂੰ ਘੇਰਾ ਪਾ ਲਿਆ ਹੈ। ਵੂ ਨੂੰ ਪੁੱਛਿਆ ਗਿਆ ਸੀ ਕਿ ਕੀ ਤਾਇਵਾਨ ਨੂੰ ਸੰਭਾਵਿਤ ਚੀਨੀ ਫੌਜੀ ਕਾਰਵਾਈ ਦੇ ਸਮੇਂ ਦਾ ਕੋਈ ਅਭਿਆਸ ਹੈ? ਇਸ ‘ਤੇ ਵੂ ਨੇ ਅਮਰੀਕੀ ਖੁਫੀਆ ਏਜੰਸੀ ਦੇ ਅਨੁਮਾਨ ਦੇ ਆਧਾਰ ‘ਤੇ ਕਿਹਾ ਕਿ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਆਪਣੀ ਫੌਜ ਨੂੰ ਸਾਲ 2027 ਤੱਕ ਤਿਆਰ ਰਹਿਣ ਦੇ ਨਿਰਦੇਸ਼ ਦਿੱਤੇ ਹਨ। ਇਸ ਦੇ ਨਾਲ ਹੀ ਵੂ ਨੇ ਤਾਇਵਾਨ ਦੀਆਂ ਫੌਜੀ ਤਿਆਰੀਆਂ ‘ਤੇ ਵੀ ਭਰੋਸਾ ਪ੍ਰਗਟਾਇਆ।
ਵੂ ਦੇ ਸ਼ਬਦਾਂ ‘ਚ, ‘ਤਾਈਵਾਨ ਦੇ ਖ਼ਿਲਾਫ਼ ਤਾਕਤ ਦੀ ਵਰਤੋਂ ਕਰਨ ਦਾ ਫ਼ੈਸਲਾ ਕਰਨ ਤੋਂ ਪਹਿਲਾਂ ਚੀਨੀ ਨੇਤਾ ਦੋ ਵਾਰ ਸੋਚਣਗੇ। ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਇਹ 2025 ਜਾਂ 2027 ਜਾਂ ਇਸ ਤੋਂ ਵੀ ਅੱਗੇ ਹੈ, ਤਾਇਵਾਨ ਨੂੰ ਸਿਰਫ਼ ਤਿਆਰ ਰਹਿਣ ਦੀ ਲੋੜ ਹੈ।’ ਅਜਿਹਾ ਲੱਗਦਾ ਹੈ ਕਿ ਪਹਿਲੀ ਵਾਰ ਚੀਨੀ ਜਲ ਸੈਨਾ ਨੇ ਲੜਾਕੂ ਜਹਾਜ਼ਾਂ ਨਾਲ ਏਅਰਕ੍ਰਾਫਟ ਕੈਰੀਅਰਜ਼ ਰਾਹੀਂ ਤਾਇਵਾਨ ‘ਤੇ ਹਮਲਾ ਕੀਤਾ ਹੈ। ਤਾਇਵਾਨ ਦੇ ਰਾਸ਼ਟਰਪਤੀ ਸਾਈ ਇੰਗ ਵੇਨ ਪਿਛਲੇ ਸ਼ੁੱਕਰਵਾਰ ਨੂੰ ਮੱਧ ਅਮਰੀਕਾ ਅਤੇ ਅਮਰੀਕਾ ਦੀ 10 ਦਿਨਾਂ ਦੀ ਯਾਤਰਾ ਤੋਂ ਵਾਪਸ ਪਰਤੇ ਹਨ। ਉਸ ਦੀ ਵਾਪਸੀ ਤੋਂ ਇਕ ਦਿਨ ਬਾਅਦ ਚੀਨ ਨੇ ਅਭਿਆਸ ਸ਼ੁਰੂ ਕੀਤਾ।
ਜ਼ਿਕਰਯੋਗ ਹੈ ਕਿ ਚੀਨ, ਤਾਇਵਾਨੀ ਰਾਸ਼ਟਰਪਤੀ ਨੂੰ ਵੱਖਵਾਦੀ ਨੇਤਾ ਮੰਨਦਾ ਹੈ ਜਿਨ੍ਹਾਂ ਨੂੰ ਪੱਛਮੀ ਦੇਸ਼ਾਂ ਦਾ ਸਮਰਥਨ ਹਾਸਲ ਹੈ। ਚੀਨ ਦਾ ਮੰਨਣਾ ਹੈ ਕਿ ਵੇਨ ਬਾਹਰੀ ਤਾਕਤਾਂ ਦੇ ਨਾਲ ਮਿਲ ਕੇ ਸਾਜ਼ਿਸ਼ ਰੱਚ ਰਹੀ ਹੈ। ਇਹ ਪੁੱਛੇ ਜਾਣ ‘ਤੇ ਕਿ ਇਸ ਤਰ੍ਹਾਂ ਦੌਰਾ ਤਾਇਵਾਨ ਨੂੰ ਮਹਿੰਗਾ ਪੈ ਰਿਹਾ ਹੈ, ਵੂ ਨੇ ਜਵਾਬ ਦਿੱਤਾ, ਚੀਨ ਇਹ ਤੈਅ ਨਹੀਂ ਕਰ ਸਕਦਾ ਕਿ ਤਾਈਵਾਨ ਕਿਸ ਤਰ੍ਹਾਂ ਦੋਸਤ ਬਣਾਉਂਦਾ ਹੈ। ਚੀਨ ਇਹ ਵੀ ਤੈਅ ਨਹੀਂ ਕਰ ਸਕਦਾ ਕਿ ਸਾਡੇ ਦੋਸਤ ਤਾਈਵਾਨ ਨੂੰ ਕਿਸ ਤਰ੍ਹਾਂ ਨਾਲ ਸਮਰਥਨ ਦੇਣਾ ਚਾਹੁੰਦੇ ਹਨ। ਅਗਸਤ 2022 ਤੋਂ ਹੀ ਦੋਵਾਂ ਦੇਸ਼ਾਂ ਦੇ ਵਿਚਕਾਰ ਤਣਾਅ ਚੱਲ ਰਿਹਾ ਹੈ। ਉਸ ਸਮੇਂ ਉਸੇ ਵੇਲੇ ਦੇ ਅਮਰੀਕੀ ਸਪੀਕਰ ਨੈਂਸੀ ਪੇਲੋਸੀ ਤਾਈਵਾਨ ਦੀ ਯਾਤਰਾ ‘ਤੇ ਗਈ ਸੀ।