ਕਰਨਾਟਕ ਵਿਧਾਨ ਸਭਾ ਚੋਣਾਂ ‘ਚ ਜਿੱਤ ਤੋਂ ਬਾਅਦ ਕਾਂਗਰਸ ਨੇਤਾ ਰਾਹੁਲ ਗਾਂਧੀ ਨੂੰ ਟਰੱਕ ਦੀ ਸਵਾਰੀ ਕਰਦੇ ਦੇਖਿਆ ਗਿਆ। ਰਾਹੁਲ ਗਾਂਧੀ ਦਿੱਲੀ ਤੋਂ ਸ਼ਿਮਲਾ ਲਈ ਰਵਾਨਾ ਹੋਏ। ਰਸਤੇ ਵਿੱਚ ਉਹ ਅੰਬਾਲਾ ਤੋਂ ਚੰਡੀਗੜ੍ਹ ਲਈ ਟਰੱਕ ਵਿੱਚ ਸਫ਼ਰ ਕੀਤਾ। ਕਾਂਗਰਸੀ ਵਰਕਰਾਂ ਅਤੇ ਨੇਤਾਵਾਂ ਨੇ ਰਾਹੁਲ ਦੇ ਟਰੱਕ ‘ਚ ਸਫਰ ਕਰਨ ਦਾ ਵੀਡੀਓ ਸ਼ੇਅਰ ਕੀਤਾ ਹੈ।
ਦੱਸਿਆ ਜਾ ਰਿਹਾ ਹੈ ਕਿ ਵੀਡੀਓ ਸੋਮਵਾਰ ਰਾਤ ਦਾ ਹੈ। ਕਾਂਗਰਸੀ ਵਰਕਰਾਂ ਮੁਤਾਬਕ ਰਾਹੁਲ ਨੇ ਅੰਬਾਲਾ ਵਿੱਚ ਟਰੱਕ ਡਰਾਈਵਰਾਂ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਡਰਾਈਵਰਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਉਨ੍ਹਾਂ ਦੀਆਂ ਮੁਸ਼ਕਲਾਂ ਨੂੰ ਸਮਝਣ ਦੀ ਕੋਸ਼ਿਸ਼ ਵੀ ਕੀਤੀ। ਰਾਹੁਲ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਹੈ।
ਕਾਂਗਰਸ ਨੇਤਾ ਸੁਪ੍ਰਿਆ ਸ਼੍ਰੀਨਾਤੇ ਨੇ ਰਾਹੁਲ ਦਾ ਵੀਡੀਓ ਸ਼ੇਅਰ ਕੀਤਾ ਹੈ। ਉਨ੍ਹਾਂ ਲਿਖਿਆ, ਰਾਹੁਲ ਗਾਂਧੀ ਯੂਨੀਵਰਸਿਟੀ ਦੇ ਵਿਦਿਆਰਥੀਆਂ, ਖਿਡਾਰੀਆਂ, ਸਿਵਲ ਸੇਵਾਵਾਂ ਦੀ ਤਿਆਰੀ ਕਰ ਰਹੇ ਨੌਜਵਾਨਾਂ, ਕਿਸਾਨਾਂ, ਡਿਲੀਵਰੀ ਪਾਰਟਨਰ, ਬੱਸਾਂ ਵਿੱਚ ਆਮ ਨਾਗਰਿਕਾਂ ਅਤੇ ਹੁਣ ਅੱਧੀ ਰਾਤ ਨੂੰ ਟਰੱਕ ਡਰਾਈਵਰਾਂ ਨੂੰ ਮਿਲ ਰਹੇ ਹਨ ? ਕਿਉਂਕਿ ਉਹ ਇਸ ਦੇਸ਼ ਦੇ ਲੋਕਾਂ ਦੀ ਗੱਲ ਸੁਣਨਾ ਚਾਹੁੰਦੇ ਹਨ, ਉਨ੍ਹਾਂ ਦੀਆਂ ਚੁਣੌਤੀਆਂ ਅਤੇ ਸਮੱਸਿਆਵਾਂ ਨੂੰ ਸਮਝਣਾ ਚਾਹੁੰਦੇ ਹਨ। ਉਹਨਾਂ ਨੂੰ ਅਜਿਹਾ ਕਰਦੇ ਦੇਖ ਕੇ ਇੱਕ ਵਿਸ਼ਵਾਸ਼ ਪੈਦਾ ਹੁੰਦਾ ਹੈ, ਕੋਈ ਹੈ ਜੋ ਲੋਕਾਂ ਦੇ ਨਾਲ ਖੜਾ ਹੈ, ਕੋਈ ਹੈ ਜੋ ਉਹਨਾਂ ਦੇ ਚੰਗੇ ਕੱਲ੍ਹ ਲਈ ਕਿਸੇ ਵੀ ਤਰ੍ਹਾਂ ਦੀ ਕੁਰਬਾਨੀ ਦੇਣ ਲਈ ਤਿਆਰ ਹੈ। ਕੋਈ ਹੈ ਜੋ ਨਫ਼ਰਤ ਦੇ ਬਾਜ਼ਾਰ ਵਿੱਚ ਪਿਆਰ ਦੀ ਦੁਕਾਨ ਖੋਲ੍ਹ ਰਿਹਾ ਹੈ। ਅਤੇ ਹੌਲੀ-ਹੌਲੀ ਇਹ ਅਹਿਸਾਸ ਹੋ ਰਿਹਾ ਹੈ ਕਿ ਇਹ ਦੇਸ਼ ਪਿਆਰ ਅਤੇ ਸ਼ਾਂਤੀ ਦੇ ਰਾਹ ‘ਤੇ ਪਰਤਣਾ ਚਾਹੁੰਦਾ ਹੈ, ਹੌਲੀ-ਹੌਲੀ ਇਹ ਦੇਸ਼ ਰਾਹੁਲ ਗਾਂਧੀ ਦੇ ਨਾਲ ਚੱਲਣ ਲੱਗਾ ਹੈ।