Home » ਪਹਿਲਵਾਨਾਂ ਨੇ 15 ਜੂਨ ਤੱਕ ਮੁਲਤਵੀ ਕੀਤਾ ਅੰਦੋਲਨ, ਖੇਡ ਮੰਤਰੀ ਨਾਲ ਹੋਈ ਲੰਬੀ ਮੀਟਿੰਗ…
Home Page News India India News

ਪਹਿਲਵਾਨਾਂ ਨੇ 15 ਜੂਨ ਤੱਕ ਮੁਲਤਵੀ ਕੀਤਾ ਅੰਦੋਲਨ, ਖੇਡ ਮੰਤਰੀ ਨਾਲ ਹੋਈ ਲੰਬੀ ਮੀਟਿੰਗ…

Spread the news

ਬ੍ਰਿਜ ਭੂਸ਼ਣ ਸਿੰਘ ਖ਼ਿਲਾਫ਼ ਅੰਦੋਲਨ ਕਰ ਰਹੇ ਪਹਿਲਵਾਨਾਂ ਨੇ ਆਪਣਾ ਅੰਦੋਲਨ 15 ਜੂਨ ਤੱਕ ਮੁਲਤਵੀ ਕਰਨ ਦਾ ਫ਼ੈਸਲਾ ਕੀਤਾ ਹੈ। ਖੇਡ ਮੰਤਰੀ ਨਾਲ ਮੀਟਿੰਗ ਮਗਰੋਂ ਪਹਿਲਵਾਨ ਬਜਰੰਗ ਪੂਨੀਆ ਨੇ ਕਿਹਾ ਕਿ ਸਰਕਾਰ ਨੇ 15 ਜੂਨ ਤੱਕ ਪੁਲਿਸ ਕਾਰਵਾਈ ਮੁਕੰਮਲ ਕਰਨ ਦਾ ਵਾਅਦਾ ਕੀਤਾ ਹੈ। ਅਸੀਂ ਪ੍ਰਦਰਸ਼ਨ ਵਿੱਚ ਹਿੱਸਾ ਲੈਣ ਵਾਲੇ ਮਹਿਲਾ ਅਤੇ ਪੁਰਸ਼ ਖਿਡਾਰੀਆਂ ਦੀ ਸੁਰੱਖਿਆ ਬਾਰੇ ਵੀ ਗੱਲ ਕੀਤੀ ਹੈ ਅਤੇ 28 ਮਈ ਦੀ ਰਾਤ ਨੂੰ ਸਾਡੇ ਵਿਰੁੱਧ ਦਰਜ ਕੀਤੇ ਗਏ ਸਾਰੇ ਕੇਸ ਵਾਪਸ ਲੈਣ ਦੀ ਗੱਲ ਵੀ ਕੀਤੀ ਹੈ। ਵੈਸੇ ਸਾਡਾ ਪ੍ਰਦਰਸ਼ਨ ਖਤਮ ਨਹੀਂ ਹੋਇਆ ਹੈ। ਜੇਕਰ 15 ਤਰੀਕ ਤੱਕ ਸਾਡੀਆਂ ਸਾਰੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਅਸੀਂ ਦੁਬਾਰਾ ਅੰਦੋਲਨ ਕਰਾਂਗੇ। ਇਸ ਬਾਰੇ ਜਾਣਕਾਰੀ ਦਿੰਦਿਆਂ ਕੇਂਦਰੀ ਖੇਡ ਮੰਤਰੀ ਅਨੁਰਾਗ ਠਾਕੁਰ ਨੇ ਦੱਸਿਆ ਕਿ ਪਹਿਲਵਾਨਾਂ ਨਾਲ ਬਹੁਤ ਹੀ ਸੰਵੇਦਨਸ਼ੀਲ ਮੁੱਦਿਆਂ ‘ਤੇ ਸਕਾਰਾਤਮਕ ਗੱਲਬਾਤ ਹੋਈ ਹੈ। ਕਰੀਬ 6 ਘੰਟੇ ਚੱਲੀ ਇਸ ਮੀਟਿੰਗ ਵਿੱਚ ਪਹਿਲਵਾਨਾਂ ਵੱਲੋਂ ਜੋ ਮੁੱਖ ਮੁੱਦੇ ਉਠਾਏ ਗਏ ਉਹ ਸਨ- ਲਾਏ ਗਏ ਦੋਸ਼ਾਂ ਦੀ ਜਾਂਚ ਮੁਕੰਮਲ ਕਰਕੇ 15 ਜੂਨ ਤੱਕ ਚਾਰਜਸ਼ੀਟ ਦਾਖ਼ਲ ਕੀਤੀ ਜਾਵੇ ਅਤੇ 30 ਜੂਨ ਤੱਕ ਕੁਸ਼ਤੀ ਫੈਡਰੇਸ਼ਨ ਦੀ ਚੋਣ ਕਰਵਾਈ ਜਾਵੇ। ਕੁਸ਼ਤੀ ਫੈਡਰੇਸ਼ਨ ਦੀ ਅੰਦਰੂਨੀ ਸ਼ਿਕਾਇਤ ਕਮੇਟੀ ਬਣਾਈ ਜਾਣੀ ਚਾਹੀਦੀ ਹੈ ਅਤੇ ਇਸ ਦੀ ਅਗਵਾਈ ਇੱਕ ਔਰਤ ਹੋਣੀ ਚਾਹੀਦੀ ਹੈ। ਨਾਲ ਹੀ ਪਹਿਲਵਾਨਾਂ ਨੇ ਬੇਨਤੀ ਕੀਤੀ ਕਿ ਬ੍ਰਿਜ ਭੂਸ਼ਨ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਜੋ 3 ਵਾਰ ਪੂਰੇ ਕਰ ਚੁੱਕੇ ਹਨ, ਨੂੰ ਦੁਬਾਰਾ ਚੁਣਿਆ ਨਾ ਜਾਵੇ। ਨਾਲ ਹੀ ਪਹਿਲਵਾਨਾਂ ਵਿਰੁੱਧ ਦਰਜ ਸਾਰੀਆਂ ਐੱਫਆਈਆਰ ਵਾਪਸ ਲਈਆਂ ਜਾਣ। ਇਸ ਤੋਂ ਪਹਿਲਾਂ ਹਰਿਆਣਾ ਦੇ ਚਰਖੀ ਦਾਦਰੀ ਦੇ ਪਿੰਡ ਬਲਾਲੀ ਵਿੱਚ ਹੋ ਰਹੀ ਸਰਵ ਸਮਾਜ ਖਾਪ ਮਹਾਪੰਚਾਇਤ ਵਿੱਚ ਕਰੀਬ 40 ਖਾਪਾਂ ਦੇ ਨੁਮਾਇੰਦਿਆਂ ਦੇ ਸੁਝਾਅ ਸੁਣ ਕੇ ਕੁਸ਼ਤੀ ਦੇ ਖਿਡਾਰੀਆਂ ਦੇ ਹੱਕ ਵਿੱਚ 21 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਸੀ। ਪਹਿਲਵਾਨਾਂ ਦੀ ਹੜਤਾਲ ਨੂੰ ਲੈ ਕੇ 21 ਮੈਂਬਰੀ ਕਮੇਟੀ ਨੇ ਫੈਸਲਾ ਕੀਤਾ ਕਿ ਬ੍ਰਿਜ ਭੂਸ਼ਣ ਨੂੰ ਤੁਰੰਤ ਗ੍ਰਿਫਤਾਰ ਕਰਨ ਦੀ ਪੂਰੇ ਦੇਸ਼ ਅਤੇ ਪਹਿਲਵਾਨਾਂ ਦੀ ਮੰਗ ਹੈ। ਇਸ ਦੇ ਨਾਲ ਹੀ ਦੇਸ਼ ਦੀਆਂ ਸਾਰੀਆਂ ਫੈਡਰੇਸ਼ਨਾਂ ਨੂੰ ਸਿਆਸਤ ਤੋਂ ਮੁਕਤ ਕੀਤਾ ਜਾਵੇ।