ਹਲਕਾ ਲਹਿਰਾ ਦੇ ਕਸਬਾ ਖਨੌਰੀ ’ਚੋਂ ਗੁਜ਼ਰਦੀ ਭਾਖੜਾ ਨਹਿਰ ’ਚ ਇਕ ਟਰੈਕਟਰ-ਟਰਾਲੀ ਦੇ ਡਿੱਗਣ ਦੇ ਕਾਰਨ ਤਿੰਨ ਮਜ਼ਦੂਰ ਔਰਤਾਂ ਪਾਣੀ ਦੇ ਤੇਜ਼ ਵਹਾਅ ’ਚ ਰੁੜ ਗਈਆਂ। ਜਦ ਕਿ ਟਰੈਕਟਰ ਡਰਾਈਵਰ ਸਣੇ ਕੁਝ ਔਰਤਾਂ ਨੂੰ ਬਚਾਅ ਲਿਆ ਗਿਆ।
ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਮਨਿਆਣਾ ਦੀਆਂ ਮਜ਼ਦੂਰ ਔਰਤਾਂ ਝੋਨੇ ਦੇ ਚੱਲ ਰਹੇ ਸੀਜ਼ਨ ਦੇ ਚਲਦੇ ਇਕ ਵਿਅਕਤੀ ਦੇ ਖੇਤਾਂ ’ਚ ਝੋਨਾ ਲਾਉਣ ਲਈ ਟਰੈਕਟਰ-ਟਰਾਲੀ ’ਚ ਝੋਨੇ ਦੀ ਪਨੀਰੀ ਲੈ ਕੇ ਜਾ ਰਹੀਆਂ ਸਨ। ਕੁਝ ਦੂਰੀ ’ਤੇ ਜਾ ਕੇ ਇੱਕ ਮੋੜ ਆ ਜਾਣ ਦੇ ਕਾਰਨ ਟਰੈਕਟਰ ਦਾ ਸੰਤੁਲਨ ਵਿਗੜ ਗਿਆ ਅਤੇ ਟਰੈਕਟਰ-ਟਰਾਲੀ ਭਾਖੜਾ ’ਚ ਡਿੱਗ ਗਿਆ।
ਪਿੰਡ ਦੇ ਲੋਕਾਂ ਨੇ 5 ਔਰਤਾਂ ਅਤੇ ਟਰੈਕਟਰ ਦੇ ਡਰਾਈਵਰ ਨੂੰ ਤਾਂ ਬਚਾਅ ਲਿਆ ਗਿਆ ਪਰ 3 ਔਰਤਾਂ ਪਾਣੀ ਦੇ ਤੇਜ਼ ਵਹਾਅ ਵਿਚ ਰੁੜ੍ਹ ਗਈਆਂ। ਘਟਨਾ ਦੀ ਸੂਚਨਾ ਮਿਲਦੇ ਹੀ ਡੀ. ਐੱਸ. ਪੀ ਅਤੇ ਹੋਰ ਪ੍ਰਸ਼ਾਸ਼ਨਿਕ ਅਧਿਕਾਰੀ ਮੌਕੇ ’ਤੇ ਪਹੁੰਚ ਕੇ ਬਚਾਅ ਕਾਰਜਾਂ ’ਚ ਜੁਟ ਗਏ ਅਤੇ ਭਾਖੜਾ ਦੇ ਤੇਜ਼ ਵਹਾਅ ’ਚ ਰੁੜੀਆਂ ਔਰਤਾਂ ਨੂੰ ਲੱਭਣ ਦੀਆਂ ਕੋਸ਼ਿਸ਼ਾਂ ਤੇਜ਼ ਕਰ ਦਿੱਤੀਆਂ ਗਈਆਂ। ਗੋਤਾਖੋਰਾਂ ਦੇ ਨਾਲ-ਨਾਲ ਹੋਰ ਸਭ ਜ਼ਰੂਰੀ ਪ੍ਰਬੰਧ ਵੀ ਕੀਤੇ ਗਏ ਤਾਂ ਜੋ ਬਚਾਅ ਕਾਰਜਾਂ ’ਚ ਕੋਈ ਕਮੀ ਨਾ ਰਹੇ।