ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮਰੀਕਾ ਅਤੇ ਮਿਸਰ ਦਾ ਦੌਰਾ ਕਰਕੇ ਭਾਰਤ ਪਰਤ ਆਏ ਹਨ। ਜਦੋਂ ਪ੍ਰਧਾਨ ਮੰਤਰੀ ਦਾ ਕਾਫਲਾ ਹਵਾਈ ਅੱਡੇ ਤੋਂ ਬਾਹਰ ਆਇਆ ਤਾਂ ਭਾਜਪਾ ਪ੍ਰਧਾਨ ਜੇਪੀ ਨੱਡਾ ਅਤੇ ਦਿੱਲੀ ਦੇ ਸਾਰੇ ਸੱਤ ਭਾਜਪਾ ਸੰਸਦ ਮੈਂਬਰਾਂ ਨੇ ਉਨ੍ਹਾਂ ਦਾ ਸਵਾਗਤ ਕੀਤਾ। ਇਸ ਤੋਂ ਬਾਅਦ ਪੀਐਮ ਏਅਰਪੋਰਟ ਤੋਂ ਆਪਣੇ ਘਰ ਲਈ ਰਵਾਨਾ ਹੋ ਗਏ। ਮੀਡੀਆ ਰਿਪੋਰਟਾਂ ਮੁਤਾਬਕ ਅੱਜ ਪੀਐਮ ਮੋਦੀ ਕਈ ਅਹਿਮ ਮੀਟਿੰਗਾਂ ਕਰ ਸਕਦੇ ਹਨ।
ਪੀਐਮ ਮੋਦੀ 20 ਜੂਨ ਨੂੰ ਅਮਰੀਕਾ ਪਹੁੰਚੇ ਸਨ। ਉਨ੍ਹਾਂ ਨੇ 21 ਜੂਨ ਨੂੰ ਅੰਤਰਰਾਸ਼ਟਰੀ ਯੋਗਾ ਦਿਵਸ ‘ਤੇ ਸੰਯੁਕਤ ਰਾਸ਼ਟਰ ਦੇ ਮੁੱਖ ਦਫਤਰ ਵਿਖੇ ਲਗਭਗ 135 ਦੇਸ਼ਾਂ ਦੇ ਪ੍ਰਤੀਨਿਧੀਆਂ ਨਾਲ ਯੋਗਾ ਕੀਤਾ। 25 ਜੂਨ ਨੂੰ ਪ੍ਰਧਾਨ ਮੰਤਰੀ ਮੋਦੀ ਨੇ 11ਵੀਂ ਸਦੀ ਦੀ ਅਲ-ਹਕੀਮ ਮਸਜਿਦ ਦਾ ਦੌਰਾ ਕੀਤਾ। ਇਸ ਨੂੰ ਭਾਰਤ ਦੇ ਬੋਹਰਾ ਭਾਈਚਾਰੇ ਦੀ ਮਦਦ ਨਾਲ ਦੁਬਾਰਾ ਬਣਾਇਆ ਗਿਆ ਹੈ। ਪ੍ਰਧਾਨ ਮੰਤਰੀ ਨੇ ਹੈਲੀਓਪੋਲਿਸ ਸਮਾਰਕ ਦਾ ਵੀ ਦੌਰਾ ਕੀਤਾ। ਇੱਥੇ ਉਨ੍ਹਾਂ ਨੇ ਪਹਿਲੇ ਵਿਸ਼ਵ ਯੁੱਧ ਵਿੱਚ ਸ਼ਹੀਦ ਹੋਏ ਭਾਰਤੀ ਸੈਨਿਕਾਂ ਨੂੰ ਸ਼ਰਧਾਂਜਲੀ ਦਿੱਤੀ। ਇਹ ਸਮਾਰਕ ਰਾਸ਼ਟਰਮੰਡਲ ਵੱਲੋਂ ਬਣਾਇਆ ਗਿਆ ਹੈ। ਇਹ 3,799 ਭਾਰਤੀ ਸੈਨਿਕਾਂ ਨੂੰ ਸਮਰਪਿਤ ਹੈ ਜਿਨ੍ਹਾਂ ਨੇ ਮਿਸਰ ਵਿੱਚ ਪਹਿਲੇ ਵਿਸ਼ਵ ਯੁੱਧ ਵਿੱਚ ਆਪਣੀਆਂ ਜਾਨਾਂ ਗੁਆ ਦਿੱਤੀਆਂ ਸਨ।