Amrit Wele Da Mukhwak Sachkhand Sri Harmandir Sahib Amritsar 24-07-23, Ang 531
ਦੇਵਗੰਧਾਰੀ ੫ ॥ ਮਾਈ ਜੋ ਪ੍ਰਭ ਕੇ ਗੁਨ ਗਾਵੈ ॥ ਸਫਲ ਆਇਆ ਜੀਵਨ ਫਲੁ ਤਾ ਕੋ ਪਾਰਬ੍ਰਹਮ ਲਿਵ ਲਾਵੈ ॥੧॥ ਰਹਾਉ ॥ ਸੁੰਦਰੁ ਸੁਘੜੁ ਸੂਰੁ ਸੋ ਬੇਤਾ ਜੋ ਸਾਧੂ ਸੰਗੁ ਪਾਵੈ ॥ ਨਾਮੁ ਉਚਾਰੁ ਕਰੇ ਹਰਿ ਰਸਨਾ ਬਹੁੜਿ ਨ ਜੋਨੀ ਧਾਵੈ ॥੧॥ ਪੂਰਨ ਬ੍ਰਹਮੁ ਰਵਿਆ ਮਨ ਤਨ ਮਹਿ ਆਨ ਨ ਦ੍ਰਿਸਟੀ ਆਵੈ ॥ ਨਰਕ ਰੋਗ ਨਹੀ ਹੋਵਤ ਜਨ ਸੰਗਿ ਨਾਨਕ ਜਿਸੁ ਲੜਿ ਲਾਵੈ ॥੨॥੧੪॥
ਅਰਥ: ਹੇ ਮਾਂ! ਜੇਹੜਾ ਮਨੁੱਖ ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹੈ, ਪਰਮਾਤਮਾ ਦੇ ਚਰਨਾਂ ਵਿਚ ਪ੍ਰੇਮ ਬਣਾਈ ਰੱਖਦਾ ਹੈ, ਉਸ ਦਾ ਜਗਤ ਵਿਚ ਆਉਣਾ ਕਾਮਯਾਬ ਹੋ ਜਾਂਦਾ ਹੈ, ਉਸ ਨੂੰ ਜ਼ਿੰਦਗੀ ਦਾ ਫਲ ਮਿਲ ਜਾਂਦਾ ਹੈ।੧।ਰਹਾਉ। ਹੇ ਮਾਂ! ਜੇਹੜਾ ਮਨੁੱਖ ਗੁਰੂ ਦਾ ਸਾਥ ਪ੍ਰਾਪਤ ਕਰ ਲੈਂਦਾ ਹੈ, ਉਹ ਮਨੁੱਖ ਸੋਹਣੇ ਜੀਵਨ ਵਾਲਾ ਸੁਚੱਜਾ ਸੂਰਮਾ ਬਣ ਜਾਂਦਾ ਹੈ, ਉਹ ਆਪਣੀ ਜੀਭ ਨਾਲ ਪਰਮਾਤਮਾ ਦਾ ਨਾਮ ਉਚਾਰਦਾ ਰਹਿੰਦਾ ਹੈ, ਤੇ, ਮੁੜ ਮੁੜ ਜੂਨਾਂ ਵਿਚ ਨਹੀਂ ਭਟਕਦਾ।੧। ਹੇ ਨਾਨਕ! ਆਖ-) ਜਿਸ ਮਨੁੱਖ ਨੂੰ ਪਰਮਾਤਮਾ ਸੰਤ ਜਨਾਂ ਦੇ ਲੜ ਲਾ ਦੇਂਦਾ ਹੈ, ਉਸ ਨੂੰ ਸੰਤ ਜਨਾਂ ਦੀ ਸੰਗਤਿ ਵਿਚ ਨਰਕ ਤੇ ਰੋਗ ਨਹੀਂ ਵਿਆਪਦੇ, ਸਰਬ-ਵਿਆਪਕ ਪ੍ਰਭੂ ਹਰ ਵੇਲੇ ਉਸ ਦੇ ਮਨ ਵਿਚ ਉਸ ਦੇ ਹਿਰਦੇ ਵਿਚ ਵੱਸਿਆ ਰਹਿੰਦਾ ਹੈ, ਪ੍ਰਭੂ ਤੋਂ ਬਿਨਾ ਉਸ ਨੂੰ (ਕਿਤੇ ਭੀ) ਕੋਈ ਹੋਰ ਨਹੀਂ ਦਿੱਸਦਾ।੨।੧੪।