ਹਰਿਆਣਾ ਦੇ ਨੂਹ ‘ਚ ਵਿਸ਼ਵ ਹਿੰਦੂ ਪ੍ਰੀਸ਼ਦ ਦੀ ਬ੍ਰਜ ਮੰਡਲ ਯਾਤਰਾ ਦੌਰਾਨ ਹੋਈ ਹਿੰਸਾ ਅਤੇ ਹੰਗਾਮੇ ਤੋਂ ਬਾਅਦ ਤਣਾਅ ਬਣਿਆ ਹੋਇਆ ਹੈ। ਨੂਹ ਵਿੱਚ ਦੋ ਦਿਨਾਂ ਲਈ ਕਰਫਿਊ ਲਗਾਇਆ ਗਿਆ ਹੈ। ਸਥਿਤੀ ‘ਤੇ ਕਾਬੂ ਪਾਉਣ ਲਈ ਪੂਰੇ ਇਲਾਕੇ ‘ਚ ਅਰਧ ਸੈਨਿਕ ਬਲਾਂ ਦੀਆਂ 20 ਕੰਪਨੀਆਂ ਤਾਇਨਾਤ ਕੀਤੀਆਂ ਗਈਆਂ ਹਨ। ਰੇਵਾੜੀ, ਗੁੜਗਾਓਂ, ਪਲਵਲ, ਫਰੀਦਾਬਾਦ ਸਮੇਤ 5 ਜ਼ਿਲ੍ਹਿਆਂ ਵਿੱਚ ਧਾਰਾ 144 ਲਾਗੂ ਕਰ ਦਿੱਤੀ ਗਈ ਹੈ। ਇੰਟਰਨੈੱਟ ਬੰਦ ਹੈ।
ਨੂਹ, ਫਰੀਦਾਬਾਦ ਅਤੇ ਪਲਵਲ ‘ਚ ਮੰਗਲਵਾਰ ਯਾਨੀ 1 ਅਗਸਤ ਨੂੰ ਸਾਰੇ ਵਿਦਿਅਕ ਅਦਾਰੇ ਅਤੇ ਕੋਚਿੰਗ ਸੈਂਟਰ ਬੰਦ ਰਹਿਣਗੇ। ਨੂਹ ‘ਚ ਬੋਰਡ ਦੀਆਂ 10ਵੀਂ ਅਤੇ 12ਵੀਂ ਦੀਆਂ ਪ੍ਰੀਖਿਆਵਾਂ ਰੱਦ ਕਰ ਦਿੱਤੀਆਂ ਗਈਆਂ ਹਨ।
ਇਹ ਪ੍ਰੀਖਿਆਵਾਂ 1 ਅਤੇ 2 ਅਗਸਤ ਨੂੰ ਹੋਣੀਆਂ ਸਨ। ਡੀਸੀ ਪ੍ਰਸ਼ਾਂਤ ਪੰਵਾਰ ਨੇ ਸ਼ਾਂਤੀ ਬਹਾਲੀ ਨੂੰ ਲੈ ਕੇ ਅੱਜ ਫਿਰ 11 ਵਜੇ ਸਰਵ ਸਮਾਜ ਦੀ ਮੀਟਿੰਗ ਸੱਦੀ ਹੈ।
ਦਰਅਸਲ ਸੋਮਵਾਰ ਨੂੰ ਨੂਹ ‘ਚ ਵਿਸ਼ਵ ਹਿੰਦੂ ਪ੍ਰੀਸ਼ਦ ਦੀ ਬ੍ਰਜ ਮੰਡਲ ਯਾਤਰਾ ‘ਤੇ ਇਕ ਵਿਸ਼ੇਸ਼ ਭਾਈਚਾਰੇ ਦੇ ਲੋਕਾਂ ਨੇ ਪਥਰਾਅ ਕੀਤਾ। ਇਸ ਨੇ ਹਿੰਸਾ ਨੂੰ ਭੜਕਾਇਆ। ਦੋਵਾਂ ਪਾਸਿਆਂ ਤੋਂ ਪੱਥਰਬਾਜ਼ੀ ਅਤੇ ਗੋਲੀਬਾਰੀ ਹੋਈ। ਇਸ ਵਿੱਚ ਗੁੜਗਾਓਂ ਦੇ ਹੋਮਗਾਰਡ ਨੀਰਜ ਅਤੇ ਗੁਰਸੇਵਕ ਸ਼ਹੀਦ ਹੋ ਗਏ ਸਨ। 50 ਤੋਂ ਵੱਧ ਪੁਲਿਸ ਅਧਿਕਾਰੀ, ਕਰਮਚਾਰੀ ਅਤੇ ਹੋਰ ਜ਼ਖਮੀ ਹੋਏ ਹਨ।
ਹਿੰਦੂ ਸੰਗਠਨਾਂ ਵੱਲੋਂ ਵਿਸ਼ਵ ਹਿੰਦੂ ਪ੍ਰੀਸ਼ਦ ਦੀ ਅਗਵਾਈ ‘ਚ ਬ੍ਰਜ ਮੰਡਲ ਯਾਤਰਾ ਕੱਢਣ ਦਾ ਪ੍ਰੋਗਰਾਮ ਸੀ। ਨਲਹਾਰ ਸਥਿਤ ਨਲਹਾਰੇਸ਼ਵਰ ਮੰਦਿਰ ਵਿਖੇ ਜਲਾਭਿਸ਼ੇਕ ਕਰਨ ਉਪਰੰਤ ਬਰਕਾਲੀ ਚੌਂਕ ਤੋਂ ਹੁੰਦੇ ਹੋਏ ਫਿਰੋਜ਼ਪੁਰ-ਝਿਰਕਾ ਦੇ ਪਾਂਡਵ ਕਾਲ ਸ਼ਿਵ ਮੰਦਿਰ ਅਤੇ ਪੁਨਹਾਣਾ ਦੇ ਸਿੰਗਰ ਦੇ ਰਾਧਾ ਕ੍ਰਿਸ਼ਨ ਮੰਦਿਰ ਵਿਖੇ ਪਹੁੰਚਣਾ ਸੀ |
ਪੁਲੀਸ ਅਨੁਸਾਰ ਜਦੋਂ ਇਹ ਯਾਤਰਾ ਦੁਪਹਿਰ 1 ਵਜੇ ਬਡਕਾਲੀ ਚੌਕ ਪੁੱਜੀ ਤਾਂ ਵਿਸ਼ੇਸ਼ ਭਾਈਚਾਰੇ ਦੇ ਲੋਕਾਂ ਨੇ ਨਾਅਰੇਬਾਜ਼ੀ ਕਰਦੇ ਹੋਏ ਪਥਰਾਅ ਕਰ ਦਿੱਤਾ। ਪੱਥਰਬਾਜ਼ੀ ਕਾਰਨ ਯਾਤਰਾ ਵਿੱਚ ਭਗਦੜ ਮੱਚ ਗਈ। ਬਦਮਾਸ਼ਾਂ ਨੇ ਗੱਡੀਆਂ ਨੂੰ ਉਲਟਾ ਕੇ ਅੱਗ ਲਗਾ ਦਿੱਤੀ।
ਪੁਲਿਸ ਦੇ ਸਾਹਮਣੇ ਸੜਕ ਤੋਂ ਲੰਘ ਰਹੇ ਵਾਹਨਾਂ ‘ਤੇ ਪਥਰਾਅ ਕੀਤਾ ਗਿਆ। ਕੁਝ ਲੋਕ ਸੋਸ਼ਲ ਮੀਡੀਆ ‘ਤੇ ਵੀਡੀਓ ਪਾ ਕੇ ਮਦਦ ਮੰਗਦੇ ਦੇਖੇ ਗਏ। ਇਹ ਯਾਤਰਾ ਹਰ ਸਾਲ ਹੁੰਦੀ ਹੈ। ਇਸ ਤਰ੍ਹਾਂ ਦੀ ਹਿੰਸਾ ਪਹਿਲੀ ਵਾਰ ਹੋਈ ਹੈ।