ਹਿਮਾਚਲ ਪ੍ਰਦੇਸ਼ ‘ਚ ਭਾਰੀ ਮੀਂਹ ਨੇ ਤਬਾਹੀ ਮਚਾ ਦਿੱਤੀ ਹੈ। ਉੱਥੇ ਕੁਦਰਤੀ ਆਫਤ ਕਾਰਨ ਜਨਜੀਵਨ ਪੂਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਸੂਬੇ ਦੇ ਕਈ ਖੇਤਰਾਂ ਤੋਂ ਜ਼ਮੀਨ ਖਿਸਕਣ ਤੇ ਬੱਦਲ ਫਟਣ ਦੀਆਂ ਲਗਾਤਾਰ ਖ਼ਬਰਾਂ ਆ ਰਹੀਆਂ ਹਨ। ਇਸ ਹਾਦਸੇ ‘ਚ ਹੁਣ ਤੱਕ 55 ਲੋਕਾਂ ਦੀ ਮੌਤ ਹੋ ਚੁੱਕੀ ਹੈ। ਉੱਥੇ ਹੀ ਸ਼ਿਵ ਮੰਦਰ ‘ਚ ਜ਼ਮੀਨ ਖਿਸਕਣ ਕਾਰਨ 12 ਲੋਕਾਂ ਦੀ ਮੌਤ ਹੋ ਗਈ ਹੈ। ਇਹ ਅੰਕੜਾ 21 ਤੱਕ ਪਹੁੰਚ ਸਕਦਾ ਹੈ। ਅਜੇ ਵੀ ਹਾਲਾਤ ਖ਼ਰਾਬ ਹਨ। ਕਈ ਸੜਕਾਂ ਅਜੇ ਵੀ ਬੰਦ ਹਨ। ਇਸ ਦੇ ਨਾਲ ਹੀ ਸ਼ਿਮਲਾ ਦੇ ਸਮਰ ਹਿੱਲ ਇਲਾਕੇ ‘ਚ ਅੱਜ ਫਿਰ ਜ਼ਮੀਨ ਖਿਸਕਣ ਦਾ ਜਾਣਕਾਰੀ ਮਿਲੀ ਹੈ। ਸਮਰ ਹਿੱਲ ਖੇਤਰ ‘ਚ ਜ਼ਮੀਨ ਖਿਸਕਣ ਨਾਲ ਅਜੇ ਤੱਕ ਕਿਸੇ ਦੇ ਜ਼ਖਮੀ ਹੋਣ ਜਾਂ ਨੁਕਸਾਨ ਦੀ ਖਬਰ ਨਹੀਂ ਹੈ। ਸੂਚਨਾ ਮਿਲਦਿਆਂ ਹੀ ਸਬੰਧਿਤ ਅਧਿਕਾਰੀ ਮੌਕੇ ‘ਤੇ ਪਹੁੰਚ ਗਏ। ਖੋਜੀ ਕੁੱਤੇ ਤੇ ਬਚਾਅ ਦਲ ਮੌਕੇ ‘ਤੇ ਮੌਜੂਦ ਹੈ। ਇਸ ਤੋਂ ਪਹਿਲਾਂ ਮੰਗਲਵਾਰ ਨੂੰ, ਭਾਰਤੀ ਹਵਾਈ ਸੈਨਾ ਨੇ ਸ਼ਿਮਲਾ ਵਿਚ ਜ਼ਮੀਨ ਖਿਸਕਣ ਤੋਂ ਬਾਅਦ ਬਚਾਅ ਕਾਰਜ ਵਿਚ ਸਹਾਇਤਾ ਲਈ ਫੌਜ ਦੇ 18 ਜਵਾਨਾਂ ਨੂੰ ਏਅਰਲਿਫਟ ਕੀਤਾ ਸੀ। ਪੱਛਮੀ ਏਅਰ ਕਮਾਂਡ ਦੇ ਇਕ ਚਿਨੂਕ ਹੈਲੀਕਾਪਟਰ ਨੇ ਅੱਜ ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਨੇੜੇ ਜ਼ਮੀਨ ਖਿਸਕਣ ਨਾਲ ਪ੍ਰਭਾਵਿਤ ਖੇਤਰਾਂ ਵਿੱਚ ਬਚਾਅ ਕਾਰਜਾਂ ਲਈ 18 ਭਾਰਤੀ ਫੌਜ ਦੇ ਜਵਾਨਾਂ ਤੇ ਇਕ 3 ਟਨ ਮਿੰਨੀ ਡੋਜ਼ਰ ਨੂੰ ਏਅਰਲਿਫਟ ਕੀਤਾ। ਹਿਮਾਚਲ ਪ੍ਰਦੇਸ਼ ਦੇ ਕੁਝ ਹਿੱਸਿਆਂ ਵਿੱਚ ਲਗਾਤਾਰ ਮੀਂਹ ਪੈ ਰਿਹਾ ਹੈ, ਜਿਸ ਕਾਰਨ ਇਮਾਰਤਾਂ ਅਤੇ ਸੰਪਤੀ ਨੂੰ ਕਾਫ਼ੀ ਨੁਕਸਾਨ ਪਹੁੰਚਿਆ ਹੈ। ਮੰਗਲਵਾਰ ਨੂੰ ਸ਼ਿਮਲਾ ਦੇ ਕ੍ਰਿਸ਼ਨਾ ਨਗਰ ਇਲਾਕੇ ‘ਚ ਜ਼ਮੀਨ ਖਿਸਕਣ ਨਾਲ 5 ਤੋਂ 7 ਘਰ ਤਾਸ਼ ਦੇ ਪੱਤਿਆਂ ਵਾਂਗ ਢਹਿ ਗਏ। ਅਧਿਕਾਰੀਆਂ ਮੁਤਾਬਿਕ ਕੁਝ ਵਸਨੀਕਾਂ ਦੇ ਮਲਬੇ ਹੇਠ ਦੱਬੇ ਹੋਣ ਦਾ ਖਦਸ਼ਾ ਹੈ ਅਤੇ NDRF, SDRF ਅਤੇ ਸੂਬਾ ਪੁਲਿਸ ਦੇ ਜਵਾਨ ਬਚਾਅ ਕਾਰਜਾਂ ‘ਚ ਲੱਗੇ ਹੋਏ ਹਨ। ਪ੍ਰਸ਼ਾਸਨ ਨੇ ਕਿਹਾ ਕਿ ਸਾਡਾ ਮੁੱਖ ਫੋਕਸ ਵੱਧ ਤੋਂ ਵੱਧ ਲੋਕਾਂ ਨੂੰ ਬਚਾਉਣਾ ਹੈ। ਸਾਰੀਆਂ ਏਜੰਸੀਆਂ ਜਾਨਾਂ ਬਚਾਉਣ ਲਈ ਕੰਮ ਕਰ ਰਹੀਆਂ ਹਨ।
ਇਲਾਕੇ ‘ਚੋਂ ਕਰੀਬ 10-15 ਘਰਾਂ ਨੂੰ ਖਾਲੀ ਕਰਵਾ ਲਿਆ ਗਿਆ ਹੈ ਅਤੇ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਭੇਜ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਪਿਛਲੇ ਕਈ ਦਿਨਾਂ ਤੋਂ ਭਾਰੀ ਮੀਂਹ ਕਾਰਨ ਜ਼ਮੀਨ ਖਿਸਕਣ, ਬੱਦਲ ਫਟਣ ਅਤੇ ਸੜਕ ਜਾਮ ਹੋਣ ਕਾਰਨ ਘੱਟੋ-ਘੱਟ 55 ਲੋਕਾਂ ਦੀ ਜਾਨ ਜਾ ਚੁੱਕੀ ਹੈ। ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਆਫ਼ਤ ਪ੍ਰਬੰਧਨ ਦੇ ਯਤਨਾਂ ਨੂੰ ਹੋਰ ਤੇਜ਼ ਕਰਨ ਲਈ ਮੰਗਲਵਾਰ ਨੂੰ ਉੱਚ-ਪਾਵਰ ਕਮੇਟੀ ਨਾਲ ਮੀਟਿੰਗ ਕੀਤੀ। ਮੁੱਖ ਮੰਤਰੀ ਨੇ ਕਿਹਾ ਕਿ ਪਿਛਲੇ ਚਾਰ ਦਿਨਾਂ ਵਿਚ ਮੀਂਹ ਵਿੱਚ 157 ਫੀਸਦੀ ਵਾਧੇ ਕਾਰਨ ਸੂਬੇ ਭਰ ਵਿੱਚ ਵੱਡੇ ਪੱਧਰ ’ਤੇ ਨੁਕਸਾਨ ਹੋਇਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਰਾਹਤ ਅਤੇ ਬਚਾਅ ਕਾਰਜ ਤੇਜ਼ੀ ਨਾਲ ਕਰ ਰਹੀ ਹੈ। ਮੁੱਖ ਮੰਤਰੀ ਨੇ ਦੱਸਿਆ ਕਿ ਕੁੱਲ 1,220 ਬੰਦ ਪਈਆਂ ਸੜਕਾਂ ਵਿੱਚੋਂ 400 ਨੂੰ ਬਹਾਲ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਬਿਜਲੀ ਅਤੇ ਪੀਣ ਵਾਲੇ ਪਾਣੀ ਦੀ ਸਪਲਾਈ ਨੂੰ ਜਲਦੀ ਬਹਾਲ ਕਰਨ ਦੀਆਂ ਹਦਾਇਤਾਂ ਵੀ ਜਾਰੀ ਕੀਤੀਆਂ ਹਨ।