Amrit Wele da Mukhwak Shri Harmandar Sahib Amritsar, Ang-882, 29-09-2023
ਰਾਮਕਲੀ ਮਹਲਾ ੪ ॥ ਸਤਗੁਰੁ ਦਾਤਾ ਵਡਾ ਵਡ ਪੁਰਖੁ ਹੈ ਜਿਤੁ ਮਿਲਿਐ ਹਰਿ ਉਰ ਧਾਰੇ ॥ ਜੀਅ ਦਾਨੁ ਗੁਰਿ ਪੂਰੈ ਦੀਆ ਹਰਿ ਅੰਮ੍ਰਿਤ ਨਾਮੁ ਸਮਾਰੇ ॥੧॥ ਰਾਮ ਗੁਰਿ ਹਰਿ ਹਰਿ ਨਾਮੁ ਕੰਠਿ ਧਾਰੇ ॥ ਗੁਰਮੁਖਿ ਕਥਾ ਸੁਣੀ ਮਨਿ ਭਾਈ ਧਨੁ ਧਨੁ ਵਡ ਭਾਗ ਹਮਾਰੇ ॥੧॥ ਰਹਾਉ ॥ਕੋਟਿ ਕੋਟਿ ਤੇਤੀਸ ਧਿਆਵਹਿ ਤਾ ਕਾ ਅੰਤੁ ਨ ਪਾਵਹਿ ਪਾਰੇ ॥ ਹਿਰਦੈ ਕਾਮ ਕਾਮਨੀ ਮਾਗਹਿ ਰਿਧਿ ਮਾਗਹਿ ਹਾਥੁ ਪਸਾਰੇ ॥੨॥ ਹਰਿ ਜਸੁ ਜਪਿ ਜਪੁ ਵਡਾ ਵਡੇਰਾ ਗੁਰਮੁਖਿ ਰਖਉ ਉਰਿ ਧਾਰੇ ॥ ਜੇ ਵਡ ਭਾਗ ਹੋਵਹਿ ਤਾ ਜਪੀਐ ਹਰਿ ਭਉਜਲੁ ਪਾਰਿ ਉਤਾਰੇ ॥੩॥ ਹਰਿ ਜਨ ਨਿਕਟਿ ਨਿਕਟਿ ਹਰਿ ਜਨ ਹੈ ਹਰਿ ਰਾਖੈ ਕੰਠਿ ਜਨ ਧਾਰੇ ॥ ਨਾਨਕ ਪਿਤਾ ਮਾਤਾ ਹੈ ਹਰਿ ਪ੍ਰਭੁ ਹਮ ਬਾਰਿਕ ਹਰਿ ਪ੍ਰਤਿਪਾਰੇ ॥੪॥੬॥੧੮॥
ਅਰਥ: ਹੇ ਮੇਰੇ ਰਾਮ! ਮੇਰੇ ਵੱਡੇ ਭਾਗ ਹੋ ਗਏ ਹਨ, ਗੁਰੂ ਦੀ ਰਾਹੀਂ, ਹੇ ਹਰੀ! ਤੇਰਾ ਨਾਮ ਮੈਂ ਆਪਣੇ ਗਲ ਵਿਚ ਪ੍ਰੋ ਲਿਆ ਹੈ। ਗੁਰੂ ਦੀ ਸਰਨ ਪੈ ਕੇ ਮੈਂ ਤੇਰੀ ਸਿਫ਼ਤਿ-ਸਾਲਾਹ ਸੁਣੀ ਹੈ, ਤੇ, ਉਹ ਮੇਰੇ ਮਨ ਵਿਚ ਪਿਆਰੀ ਲੱਗ ਰਹੀ ਹੈ।੧।ਰਹਾਉ। ਹੇ ਭਾਈ! ਪ੍ਰਭੂ ਦੇ ਨਾਮ ਦੀ ਦਾਤਿ ਦੇਣ ਵਾਲਾ ਗੁਰੂ (ਹੀ) ਸਭ ਤੋਂ ਵੱਡਾ ਵਿਅਕਤੀ ਹੈ। ਗੁਰੂ ਨੂੰ ਮਿਲਣ ਨਾਲ ਮਨੁੱਖ ਪਰਮਾਤਮਾ ਨੂੰ ਆਪਣੇ ਹਿਰਦੇ ਵਿਚ ਵਸਾ ਲੈਂਦਾ ਹੈ। ਜਿਸ ਮਨੁੱਖ ਨੂੰ ਪੂਰੇ ਗੁਰੂ ਨੇ ਆਤਮਕ ਜੀਵਨ ਦੀ ਦਾਤਿ ਦੇ ਦਿੱਤੀ, ਉਹ ਮਨੁੱਖ ਪ੍ਰਭੂ ਦੇ ਜੀਵਨ ਦੇਣ ਵਾਲੇ ਨਾਮ ਨੂੰ (ਹਿਰਦੇ ਵਿਚ) ਸੰਭਾਲ ਰੱਖਦਾ ਹੈ।੧। ਹੇ ਭਾਈ! ਤੇਤੀ ਕ੍ਰੋੜ (ਦੇਵਤੇ) ਪਰਮਾਤਮਾ ਦਾ ਧਿਆਨ ਧਰਦੇ ਰਹਿੰਦੇ ਹਨ, ਪਰ ਉਸ ਦੇ ਗੁਣਾਂ ਦਾ ਅੰਤ ਗੁਣਾਂ ਦਾ ਪਾਰਲਾ ਬੰਨਾ ਨਹੀਂ ਲੱਭ ਸਕਦੇ। (ਅਨੇਕਾਂ ਐਸੇ ਭੀ ਹਨ ਜੋ ਆਪਣੇ) ਹਿਰਦੇ ਵਿਚ ਕਾਮ-ਵਾਸਨਾ ਧਾਰ ਕੇ (ਪਰਮਾਤਮਾ ਦੇ ਦਰ ਤੋਂ) ਇਸਤ੍ਰੀ (ਹੀ) ਮੰਗਦੇ ਹਨ, (ਉਸ ਦੇ ਅੱਗੇ) ਹੱਥ ਪਸਾਰ ਕੇ (ਦੁਨੀਆ ਦੇ) ਧਨ-ਪਦਾਰਥ (ਹੀ) ਮੰਗਦੇ ਹਨ।੨। ਹੇ ਭਾਈ! ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਿਆ ਕਰ, ਪਰਮਾਤਮਾ ਦੇ ਨਾਮ ਦਾ ਜਾਪ ਹੀ ਸਭ ਤੋਂ ਵੱਡਾ ਕੰਮ ਹੈ। ਮੈਂ ਤਾਂ ਗੁਰੂ ਦੀ ਸਰਨ ਪੈ ਕੇ ਹਰਿ-ਨਾਮ ਹੀ ਆਪਣੇ ਹਿਰਦੇ ਵਿਚ ਵਸਾਂਦਾ ਹਾਂ। ਹੇ ਭਾਈ! ਜੇ ਵੱਡੀ ਕਿਸਮਤ ਹੋਵੇ ਤਾਂ ਹੀ ਹਰਿ-ਨਾਮ ਜਪਿਆ ਜਾ ਸਕਦਾ ਹੈ (ਜੇਹੜਾ ਮਨੁੱਖ ਜਪਦਾ ਹੈ ਉਸ ਨੂੰ) ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਦੇਂਦਾ ਹੈ।੩। ਹੇ ਭਾਈ! ਸੰਤ ਜਨ ਪਰਮਾਤਮਾ ਦੇ ਨੇੜੇ ਵੱਸਦੇ ਹਨ, ਪਰਮਾਤਮਾ ਸੰਤ ਜਨਾਂ ਦੇ ਨੇੜੇ ਵੱਸਦਾ ਹੈ। ਪਰਮਾਤਮਾ ਆਪਣੇ ਸੇਵਕਾਂ ਨੂੰ ਆਪਣੇ ਗਲ ਨਾਲ ਲਾ ਕੇ ਰੱਖਦਾ ਹੈ। ਹੇ ਨਾਨਕ! (ਆਖ-ਹੇ ਭਾਈ!) ਪਰਮਾਤਮਾ ਸਾਡਾ ਪਿਉ ਹੈ, ਪਰਮਾਤਮਾ ਸਾਡੀ ਮਾਂ ਹੈ। ਸਾਨੂੰ ਬੱਚਿਆਂ ਨੂੰ ਪਰਮਾਤਮਾ ਹੀ ਪਾਲਦਾ ਹੈ।੪।੬।੧੮।