ਭਾਰਤ ਨੇ ਇੱਕ ਰੋਜ਼ਾ ਵਿਸ਼ਵ ਕੱਪ-2023 ਵਿੱਚ ਲਗਾਤਾਰ ਦੂਜੀ ਜਿੱਤ ਦਰਜ ਕੀਤੀ ਹੈ। ਟੀਮ ਨੇ ਬੁੱਧਵਾਰ ਰਾਤ ਅਫਗਾਨਿਸਤਾਨ ਨੂੰ 8 ਵਿਕਟਾਂ ਨਾਲ ਹਰਾਇਆ। ਭਾਰਤ ਨੇ ਆਸਟ੍ਰੇਲੀਆ ਨੂੰ ਪਹਿਲਾ ਮੈਚ 6 ਵਿਕਟਾਂ ਨਾਲ ਹਰਾਇਆ ਸੀ। ਇਸ ਜਿੱਤ ਨਾਲ ਟੀਮ ਇੰਡੀਆ ਦੇ 4 ਅੰਕ ਹੋ ਗਏ ਹਨ ਅਤੇ ਉਹ ਅੰਕ ਸੂਚੀ ਵਿੱਚ ਦੂਜੇ ਸਥਾਨ ‘ਤੇ ਪਹੁੰਚ ਗਈ ਹੈ।
ਅਰੁਣ ਜੇਟਲੀ ਸਟੇਡੀਅਮ ‘ਚ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਅਫਗਾਨਿਸਤਾਨ ਨੇ 8 ਵਿਕਟਾਂ ‘ਤੇ 273 ਦੌੜਾਂ ਬਣਾਈਆਂ। ਦੂਜੇ ਪਾਸੇ ਟੀਮ ਇੰਡੀਆ ਨੇ ਸਿਰਫ 35 ਓਵਰਾਂ ‘ਚ ਹੀ ਟੀਚਾ ਹਾਸਲ ਕਰ ਲਿਆ। ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ 63 ਗੇਂਦਾਂ ‘ਤੇ ਸੈਂਕੜਾ ਜੜਿਆ। ਉਸ ਨੇ 131 ਦੌੜਾਂ ਦੀ ਪਾਰੀ ਖੇਡੀ। ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ ਪਹਿਲੀ ਪਾਰੀ ‘ਚ 4 ਵਿਕਟਾਂ ਲਈਆਂ।ਵਿਰਾਟ ਕੋਹਲੀ ਨੇ 56 ਗੇਂਦਾਂ ‘ਤੇ 55 ਦੌੜਾਂ ਦੀ ਨਾਟ ਆਊਟ ਪਾਰੀ ਖੇਡੀ। ਉਸ ਨੇ 35ਵੇਂ ਓਵਰ ਦੀ ਆਖਰੀ ਗੇਂਦ ‘ਤੇ ਚੌਕਾ ਜੜ ਕੇ ਭਾਰਤ ਨੂੰ 8 ਵਿਕਟਾਂ ਨਾਲ ਮੈਚ ਜਿਤਾਇਆ। ਵਿਰਾਟ ਨੇ ਪਾਰੀ ‘ਚ 6 ਚੌਕੇ ਲਗਾਏ ਅਤੇ ਸ਼੍ਰੇਅਸ ਅਈਅਰ ਨਾਲ 68 ਦੌੜਾਂ ਦੀ ਸਾਂਝੇਦਾਰੀ ਵੀ ਕੀਤੀ। ਸ਼੍ਰੇਅਸ 25 ਦੌੜਾਂ ਬਣਾ ਕੇ ਨਾਟ ਆਊਟ ਰਹੇ।