ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਫਿਲਸਤੀਨ ਦੇ ਰਾਸ਼ਟਰਪਤੀ ਮਹਿਮੂਦ ਅੱਬਾਸ ਨਾਲ ਫ਼ੋਨ ‘ਤੇ ਗੱਲ ਕਰ ਕੇ ਗਾਜ਼ਾ ਦੇ ਅਲ ਅਹਲੀ ਹਸਪਤਾਲ ‘ਚ ਹਮਲੇ ਦੌਰਾਨ ਨਾਗਰਿਕਾਂ ਦੀ ਮੌਤ ‘ਤੇ ਦੁੱਖ ਸਾਂਝਾ ਕੀਤਾ। ਉਨ੍ਹਾਂ ਨੇ ਇਜ਼ਰਾਇਲ ਤੇ ਫਿਲਸਤੀਨ ਵਿਚਾਲੇ ਲੰਬੇ ਸਮੇਂ ਤੋਂ ਚੱਲਦੇ ਆ ਰਹੇ ਵਿਵਾਦ ਵਿਚਾਲੇ ਭਾਰਤ ਦੇ ਸਿਧਾਂਤਕ ਰੁਖ ਹੀ ਅਪਣਾਇਆ। ਇਸ ਤੋਂ ਇਲਾਵਾ ਮੋਦੀ ਨੇ ਅੱਬਾਸ ਨਾਲ ਖੇਤਰ ‘ਚ ਅੱਤਵਾਦ, ਹਿੰਸਾ ਤੇ ਵਿਗੜੀ ਹੋਈ ਸੁਰੱਖਿਆ ਸਥਿਤੀ ਨੂੰ ਲੈ ਕੇ ਚਿੰਤਾ ਜ਼ਾਹਿਰ ਕੀਤੀ। ਮੋਦੀ ਨੇ ਕਿਹਾ ਕਿ ਭਾਰਤ ਫਿਲਸਤੀਨ ਦੇ ਲੋਕਾਂ ਲਈ ਮਨੁੱਖੀ ਸਹਾਇਤਾ ਭੇਜਣਾ ਜਾਰੀ ਰੱਖੇਗਾ।
ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ‘ਐਕਸ’ ‘ਤੇ ਇਕ ਪੋਸਟ ਸਾਂਝੀ ਕਰਦਿਆਂ ਲਿਖਿਆ, ‘ਫਿਲਸਤੀਨ ਦੇ ਰਾਸ਼ਟਰਪਤੀ ਮਹਿਮੂਦ ਅੱਬਾਸ ਨਾਲ ਗੱਲਬਾਤ ਕੀਤੀ। ਗਾਜ਼ਾ ਦੇ ਅਲ-ਅਹਲੀ ਹਸਪਤਾਲ ‘ਚ ਨਾਗਰਿਕਾਂ ਦੀ ਮੌਤ ‘ਤੇ ਆਪਣੀ ਸੰਵੇਦਨਾ ਪ੍ਰਗਟ ਕੀਤੀ। ਅਸੀਂ ਫਿਲਸਤੀਨ ਦੇ ਲੋਕਾਂ ਲਈ ਮਨੁੱਖੀ ਸਹਾਇਤਾ ਭੇਜਣਾ ਜਾਰੀ ਰੱਖਾਂਗੇ। ਇਲਾਕੇ ‘ਚ ਅੱਤਵਾਦ , ਹਿੰਸਾ ਤੇ ਵਿਗੜਦੀ ਹੋਈ ਸੁਰੱਖਿਆ ਸਥਿਤੀ ‘ਤੇ ਆਪਣੀ ਚਿੰਤਾ ਪ੍ਰਗਟ ਕੀਤੀ।’ ਦੱਸ ਦੇਈਏ ਕਿ ਮੰਗਲਵਾਰ ਨੂੰ ਗਾਜ਼ਾ ਦੇ ਅਲ ਅਹਲੀ ਹਸਪਤਾਲ ‘ਚ ਹੋਏ ਧਮਾਕੇ ‘ਚ ਲਗਭਗ 500 ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਆਈ ਸੀ। ਫਿਲਸਤੀਨੀ ਅਧਿਕਾਰੀਆਂ ਨੇ ਇਸ ਹਮਲੇ ਲਈ ਇਜ਼ਰਾਇਲ ਦੇ ਹਵਾਈ ਹਮਲੇ ਨੂੰ ਜ਼ਿੰਮੇਦਾਰ ਠਹਿਰਾਇਆ ਸੀ।
ਮੋਦੀ ਨੇ ‘ਐਕਸ’ ‘ਤੇ ਇੱਕ ਪੋਸਟ ‘ਚ ਲਿਖਿਆ, ‘ਗਾਜ਼ਾ ਦੇ ਅਲ ਅਹਲੀ ਹਸਪਤਾਲ ਵਿੱਚ ਲੋਕਾਂ ਦੀ ਦੁਖਦ ਮੌਤ ਤੋਂ ਗਹਿਰਾ ਸਦਮਾ ਲੱਗਾ ਹੈ। ਪੀੜਤ ਪਰਿਵਾਰਾਂ ਨੂੰ ਸੰਵੇਦਨਾਵਾਂ ਅਤੇ ਜ਼ਖ਼ਮੀਆਂ ਨੂੰ ਜਲਦੀ ਤੰਦਰੁਸਤ ਹੋਣ ਦੀ ਕਾਮਨਾ ਕਰਦਾ ਹਾਂ।” ਮੋਦੀ ਨੇ ਕਿਹਾ, ”ਜਾਰੀ ਜੰਗ ਦੌਰਾਨ ਆਮ ਨਾਗਰਿਕਾਂ ਦਾ ਜ਼ਖ਼ਮੀ ਹੋਣਾ ਚਿੰਤਾ ਦਾ ਵਿਸ਼ਾ ਹੈ। ਇਸ ‘ਚ ਸ਼ਾਮਲ ਲੋਕਾਂ ਨੂੰ ਜ਼ਿੰਮੇਵਾਰ ਠਹਿਰਾਇਆ ਜਾਣਾ ਚਾਹੀਦਾ ਹੈ।