ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਜ਼ਰਾਈਲ-ਹਮਾਸ ਸੰਘਰਸ਼ ਦਰਮਿਆਨ ਸੋਮਵਾਰ ਨੂੰ ਜਾਰਡਨ ਦੇ ਸ਼ਾਹ ਅਬਦੁੱਲਾ-II ਨਾਲ ਗੱਲ ਕੀਤੀ ਅਤੇ ਦੋਵਾਂ ਨੇਤਾਵਾਂ ਨੇ ਅੱਤਵਾਦ, ਹਿੰਸਾ ਅਤੇ ਨਾਗਰਿਕਾਂ ਦੇ ਜਾਨੀ ਨੁਕਸਾਨ ’ਤੇ ਚਿੰਤਾਵਾਂ ਸਾਂਝੀਆਂ ਕੀਤੀਆਂ।
ਮੋਦੀ ਨੇ ‘ਐਕਸ’ ’ਤੇ ਇਕ ਪੋਸਟ ਵਿਚ ਕਿਹਾ ਕਿ ਸੁਰੱਖਿਆ ਅਤੇ ਮਨੁੱਤਾਵਾਦੀ ਸਥਿਤੀ ਦੇ ਜਲਦੀ ਹੱਲ ਲਈ ਠੋਸ ਯਤਨਾਂ ਦੀ ਲੋੜ ਹੈ। ਉਨ੍ਹਾਂ ਕਿਹਾ, “ਜਾਰਡਨ ਦੇ ਸ਼ਾਹ ਅਬਦੁੱਲਾ-II ਨਾਲ ਗੱਲ ਕੀਤੀ। ਪੱਛਮ ਏਸ਼ੀਆ ਖੇਤਰ ਦੇ ਘਟਨਾਕ੍ਰਮ ’ਤੇ ਵਿਚਾਰ ਸਾਂਝੇ ਕੀਤੇ। ਅਸੀਂ ਅੱਤਵਾਦ, ਹਿੰਸਾ ਅਤੇ ਆਮ ਨਾਗਰਿਕਾਂ ਦੇ ਜਾਨੀ ਨੁਕਸਾਨ ਬਾਰੇ ਚਿੰਤਾਵਾਂ ਸਾਂਝੀਆਂ ਕਰਦੇ ਹਾਂ। ਸੁਰੱਖਿਆ ਅਤੇ ਮਨੁੱਤਾਵਾਦੀ ਸਥਿਤੀ ਨੂੰ ਛੇਤੀ ਹੱਲ ਕਰਨ ਲਈ ਠੋਸ ਯਤਨਾਂ ਦੀ ਲੋੜ ਹੈ।’’
ਇਜ਼ਰਾਈਲ ਨੇ ਹਮਾਸ ਦੇ ਕੰਟਰੋਲ ਵਾਲੀ ਗਾਜ਼ਾ ਪੱਟੀ ’ਤੇ ਹਮਲਾ ਸ਼ੁਰੂ ਕਰ ਦਿੱਤਾ ਹੈ, ਕਿਉਂਕਿ ਇਸ ਸਮੂਹ ਨਾਲ ਜੁੜੇ ਅੱਤਵਾਦੀਆਂ ਨੇ ਹਾਲ ਹੀ ’ਚ ਇਜ਼ਰਾਈਲ ’ਤੇ ਕੀਤੇ ਗਏ ਹਮਲੇ ’ਚ ਵੱਡੀ ਗਿਣਤੀ ਵਿਚ ਨਾਗਰਿਕਾਂ ਸਮੇਤ ਸੈਂਕੜੇ ਲੋਕਾਂ ਦੀ ਜਾਨ ਲੈ ਲਈ ਸੀ।