Home » ਬਾਬਾ ਫਰੀਦ ਯੂਨੀਵਰਸਿਟੀ ਦੀ ਪੈਰਾ ਮੈਡੀਕਲ ਭਰਤੀ ’ਚ ਪ੍ਰੀਖਿਆ ਦੌਰਾਨ ਲੜਕੀ ਦੀ ਜਗ੍ਹਾ ਆਇਆ ਲੜਕਾ, ਪੁਲਿਸ ਨੇ ਲਿਆ ਹਿਰਾਸਤ ਵਿੱਚ…
Home Page News India India News

ਬਾਬਾ ਫਰੀਦ ਯੂਨੀਵਰਸਿਟੀ ਦੀ ਪੈਰਾ ਮੈਡੀਕਲ ਭਰਤੀ ’ਚ ਪ੍ਰੀਖਿਆ ਦੌਰਾਨ ਲੜਕੀ ਦੀ ਜਗ੍ਹਾ ਆਇਆ ਲੜਕਾ, ਪੁਲਿਸ ਨੇ ਲਿਆ ਹਿਰਾਸਤ ਵਿੱਚ…

Spread the news


ਇਕ ਨਿੱਜੀ ਸਕੂਲ ਵਿੱਚ ਪੈਰਾ ਮੈਡੀਕਲ ਭਰਤੀਆਂ ਤਹਿਤ ਹੋ ਰਹੀ ਪ੍ਰੀਖਿਆ ਦੌਰਾਨ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਮੁੰਨਾ ਬਾਈ ਨੂੰ ਪ੍ਰੀਖਿਆ ਕੇਂਦਰ ’ਚ ਦੇਖਿਆ ਗਿਆ।

ਬਾਬਾ ਫਰੀਦ ਯੂਨੀਵਰਸਿਟੀ ਫਰੀਦਕੋਟ ਵੱਲੋਂ ਵੱਖ-ਵੱਖ ਪੈਰਾ ਮੈਡੀਕਲ ਭਰਤੀਆਂ ਤਹਿਤ ਲਏ ਗਏ ਪੇਪਰ ਦੌਰਾਨ ਕੋਟਕਪੂਰਾ ਦੇ ਇਕ ਸੈਂਟਰ ’ਚ ਲੜਕੀ ਦੀ ਜਗ੍ਹਾ ਲੜਕੇ ਵਲੋਂ ਲੜਕੀ ਬਣ ਕੇ ਪੇਪਰ ਦੇਣ ਵਾਲੇ ਮੁਲਜ਼ਮ ਨੂੰ ਪੁਲਿਸ ਨੇ ਗਿ੍ਫ਼ਤਾਰ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।ਜ਼ਿਕਰਯੋਗ ਹੈ ਕਿ ਬਾਬਾ ਫਰੀਦ ਯੂਨੀਵਰਸਿਟੀ ਆਫ ਹੈੱਲਥ ਸਾਇੰਸਜ ਵਲੋਂ ਸਿਹਤ ਅਤੇ ਪਰਿਵਾਰ ਵਿਭਾਗ ਪੰਜਾਬ ਅਧੀਨ ਵੱਖ-ਵੱਖ ਪੈਰਾਮੈਡੀਕਲ ਅਸਾਮੀਆਂ ਲਈ ਬਿਨੈਕਾਰਾਂ ਦੀ ਪ੍ਰੀਖਿਆ ਲਈ ਜਾ ਰਹੀ ਹੈ, ਜਿਸ ਤਹਿਤ ਮਲਟੀਪਰਪਜ਼ ਹੈਲਥ ਵਰਕਰ ਦੀਆਂ 806 ਅਤੇ ਮੈਡੀਕਲ ਅਫਸਰ ਦੀਆਂ 83 ਅਸਾਮੀਆਂ ਲਈ ਪ੍ਰੀਖਿਆ ਲਈ ਗਈ ਜਿਸ ਲਈ ਯੂਨੀਵਰਸਿਟੀ ਵਲੋਂ ਫਰੀਦਕੋਟ, ਫਿਰੋਜ਼ਪੁਰ ਅਤੇ ਕੋਟਕਪੂਰਾ ਵਿੱਚ 26 ਸੈਂਟਰ ਬਣਾਏ ਗਏ ਸਨ, ਜਿਸ ’ਚ 7500 ਉਮੀਦਵਾਰ ਪ੍ਰੀਖਿਆ ਦੇਣ ਲਈ ਪਹੁੰਚੇ। ਇਸੇ ਦੌਰਾਨ ਸਥਾਨਕ ਡੀਏਵੀ ਪਬਲਿਕ ਸਕੂਲ ਦੇ ਸੈਂਟਰ ’ਚ ਇਕ ਨੌਜਵਾਨ ਨੂੰ ਲੜਕੀ ਦੇ ਭੇਸ ਵਿੱਚ ਲੜਕੀ ਦਾ ਪੇਪਰ ਦੇਣ ਵਾਲੇ ਨੂੰ ਕਾਬੂ ਕੀਤਾ ਗਿਆ ਹੈ।ਪ੍ਰਾਪਤ ਜਾਣਕਾਰੀ ਅਨੁਸਾਰ, ਇਹ ਪੇਪਰ ਫਾਜ਼ਿਲਕਾ ਦੇ ਪਿੰਡ ਢਾਣੀ ਮੁਨਸ਼ੀ ਰਾਮ ਵਾਸੀ ਭਜਨ ਲਾਲ ਦੀ ਪੁੱਤਰੀ ਪਰਮਜੀਤ ਕੌਰ ਦਾ ਸੀ। ਕੁੜੀ ਦੀ ਥਾਂ ’ਤੇ ਪੇਪਰ ਦੇਣ ਆਏ ਲੜਕੇ ’ਤੇ ਸ਼ੱਕ ਹੋਣ ’ਤੇ ਜਦੋਂ ਉਸ ਤੋਂ ਪੁੱਛਗਿੱਛ ਕੀਤੀ ਤਾਂ ਪਤਾ ਲੱਗਾ ਕਿ ਉਹ ਲੜਕੀ ਨਹੀਂ, ਸਗੋਂ ਲੜਕਾ ਹੈ। ਇਸ ਨੌਜਵਾਨ ਦੀ ਪਛਾਣ ਅੰਗਰੇਜ ਸਿੰਘ ਪੁੱਤਰ ਜਗਤਾਰ ਸਿੰਘ ਵਾਸੀ ਫਾਜ਼ਿਲਕਾ ਵਜੋਂ ਹੋਈ ਹੈ। ਪੇਪਰ ’ਚ ਬੈਠਣ ਲਈ ਜਾਲ੍ਹੀ ਵੋਟਰ ਕਾਰਡ ਬਣਾਇਆ ਗਿਆ ਸੀ। ਪੁਲਿਸ ਨੇ ਉਕਤ ਨੌਜਵਾਨ ਨੂੰ ਧੋਖਾਧੜੀ ਦੇ ਦੋਸ਼ ਹੇਠ ਗਿ੍ਫ਼ਤਾਰ ਕਰ ਲਿਆ ਹੈ। ਉਕਤ ਮਾਮਲੇ ਦਾ ਦਿਲਚਸਪ ਅਤੇ ਹੈਰਾਨੀਜਨਕ ਪਹਿਲੂ ਇਹ ਵੀ ਹੈ ਕਿ ਉਕਤ ਲੜਕੇ ਨੇ ਸਲਵਾਰ-ਕਮੀਜ਼ ਪਾ ਕੇ ਬਿੰਦੀ ਅਤੇ ਲਪਿਸਟਿਕ ਤੱਕ ਵੀ ਲਾਈ ਹੋਈ ਸੀ ਅਤੇ ਸਿਰ ਦੇ ਨਕਲੀ ਲੰਮੇ-ਲੰਮੇ ਵਾਲ ਵੀ ਭੁਲੇਖਾ ਪਾ ਰਹੇ ਸਨ। ਇਸ ਸਬੰਧੀ ਐੱਸਐੱਸਪੀ ਹਰਜੀਤ ਸਿੰਘ ਨੇ ਦੱਸਿਆ ਕਿ ਮੁਲਜ਼ਮ ਖਿ਼ਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ, ਜਦਕਿ ਜਿਸ ਲੜਕੀ ਦੇ ਸਥਾਨ ’ਤੇ ਉਹ ਪੇਪਰ ਦੇਣ ਆਇਆ ਸੀ, ਉਸ ਦਾ ਦਾਖਲਾ ਰੱਦ ਕਰ ਦਿੱਤਾ ਜਾਵੇਗਾ।