Home » ਯਾਤਰੀ ਨੇ ਇੰਡੀਗੋ ਫਲਾਈਟ ਦੇ ਪਾਇਲਟ ਨੂੰ ਮਾਰਿਆ ਥੱਪੜ, ਜਾਣੋ ਕੀ ਹੈ ਪੂਰਾ ਮਾਮਲਾ…
Home Page News India India News

ਯਾਤਰੀ ਨੇ ਇੰਡੀਗੋ ਫਲਾਈਟ ਦੇ ਪਾਇਲਟ ਨੂੰ ਮਾਰਿਆ ਥੱਪੜ, ਜਾਣੋ ਕੀ ਹੈ ਪੂਰਾ ਮਾਮਲਾ…

Spread the news

ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ (IGIA) ‘ਤੇ ਬੀਤੇ ਐਤਵਾਰ ਨੂੰ ਇਕ ਯਾਤਰੀ ਨੇ ਇੰਡੀਗੋ ਦੀ ਫਲਾਈਟ ਦੇ ਪਾਇਲਟ ਨੂੰ ਥੱਪੜ ਮਾਰ ਦਿੱਤਾ। ਫਲਾਈਟ ‘ਚ 13 ਘੰਟੇ ਦੀ ਦੇਰੀ ‘ਤੇ ਯਾਤਰੀ ਗੁੱਸੇ ‘ਚ ਸੀ। ਇਹ ਘਟਨਾ ਦਿੱਲੀ ਤੋਂ ਗੋਆ ਜਾ ਰਹੀ ਇੰਡੀਗੋ ਦੀ ਫਲਾਈਟ (6E-2175) ਵਿੱਚ ਵਾਪਰੀ। ਇਸ ਨੇ ਸਵੇਰੇ 7.40 ਵਜੇ ਉਡਾਣ ਭਰਨੀ ਸੀ, ਜੋ ਧੁੰਦ ਕਾਰਨ ਲੇਟ ਹੋ ਗਈ।

ਦੱਸ ਦਈਏ ਕਿ ਘਟਨਾ ਦੀ ਇੱਕ ਵੀਡੀਓ ਸਾਹਮਣੇ ਆਈ ਹੈ। ਇਸ ‘ਚ ਪੀਲੇ ਰੰਗ ਦੀ ਹੂਡੀ ਪਹਿਨੀ ਯਾਤਰੀ ਸੀਟ ਤੋਂ ਉੱਠ ਕੇ ਪਾਇਲਟ ਕੋਲ ਗਿਆ ਅਤੇ ਥੱਪੜ ਮਾਰਨ ਤੋਂ ਬਾਅਦ ਕਿਹਾ ਕਿ ਜੇਕਰ ਚਲਾਉਣਾ ਤਾਂ ਚਲਾਓ ਨਹੀਂ ਤਾਂ ਗੇਟ ਖੋਲ੍ਹੋ। ਯਾਤਰੀ ਦੀ ਹਰਕਤ ‘ਤੇ ਏਅਰ ਹੋਸਟੈੱਸ ਨੇ ਕਿਹਾ- ਸਰ, ਇਹ ਗਲਤ ਹੈ। ਤੁਸੀਂ ਇਹ ਨਹੀਂ ਕਰ ਸਕਦੇ। ਇਸ ‘ਤੇ ਯਾਤਰੀ ਨੇ ਕਿਹਾ- ਮੈਂ ਅਜਿਹਾ ਕਿਉਂ ਨਹੀਂ ਕਰ ਸਕਦਾ?

ਇਸ ਘਟਨਾ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਸ਼ਹਿਰੀ ਹਵਾਬਾਜ਼ੀ ਮੰਤਰੀ ਜਯੋਤਿਰਾਦਿੱਤਿਆ ਸਿੰਧੀਆ ਨੇ ਕਿਹਾ ਕਿ ਕਿਸੇ ਵੀ ਯਾਤਰੀ ਦੇ ਇਸ ਤਰ੍ਹਾਂ ਦੇ ਵਿਵਹਾਰ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਅਜਿਹੇ ਮਾਮਲਿਆਂ ‘ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਇਸਤੋਂ ਇਲਾਵਾ ਘਟਨਾ ਤੋਂ ਬਾਅਦ ਫਲਾਈਟ ‘ਚ ਮੌਜੂਦ ਲੋਕਾਂ ਨੇ ਯਾਤਰੀ ਦੀ ਇਸ ਹਰਕਤ ਦਾ ਵਿਰੋਧ ਵੀ ਕੀਤਾ। ਇਸ ਤੋਂ ਬਾਅਦ ਉਸ ਨੂੰ ਜਹਾਜ਼ ਤੋਂ ਬਾਹਰ ਕੱਢ ਕੇ ਸੁਰੱਖਿਆ ਬਲਾਂ ਦੇ ਹਵਾਲੇ ਕਰ ਦਿੱਤਾ ਗਿਆ। ਯਾਤਰੀ ਦੀ ਪਛਾਣ ਸਾਹਿਲ ਕਟਾਰੀਆ ਵਜੋਂ ਹੋਈ ਹੈ। ਇੰਡੀਗੋ ਨੇ ਉਸ ਦੇ ਖਿਲਾਫ ਐੱਫ.ਆਈ.ਆਰ. ਕਰ ਦਿੱਤੀ ਹੈ। ਉਹ ਦਿੱਲੀ ਪੁਲਿਸ ਦੀ ਹਿਰਾਸਤ ਵਿੱਚ ਹੈ।

ਮੀਡੀਆ ‘ਚ ਸਾਹਮਣੇ ਆਈ ਵੀਡੀਓ ‘ਚ ਜਦੋਂ ਸੁਰੱਖਿਆ ਕਰਮਚਾਰੀ ਦੋਸ਼ੀ ਯਾਤਰੀ ਨੂੰ ਜਹਾਜ਼ ‘ਚੋਂ ਉਤਾਰ ਰਹੇ ਸਨ ਤਾਂ ਉਸ ਨੂੰ ਹੱਥ ਜੋੜਦੇ ਦੇਖਿਆ ਗਿਆ। ਕਿਹਾ ਜਾ ਰਿਹਾ ਹੈ ਕਿ ਉਸ ਨੇ ਮੁਆਫੀ ਮੰਗ ਲਈ ਹੈ।

ਦਿੱਲੀ ਵਿੱਚ ਸੰਘਣੀ ਧੁੰਦ ਕਾਰਨ ਇੰਡੀਗੋ ਦੀਆਂ ਉਡਾਣਾਂ ਵਿੱਚ ਲਗਾਤਾਰ ਦੇਰੀ ਹੋ ਰਹੀ ਹੈ। ਫਲਾਈਟ ਦੀ ਦੇਰੀ ਦਾ ਸਮਾਂ ਸਵੇਰੇ ਤੋਂ ਦੁਪਹਿਰ ਤੱਕ ਐਲਾਨਿਆ ਜਾਂਦਾ ਰਿਹਾ। ਪਾਇਲਟ ਬਦਲਣ ਕਾਰਨ ਫਲਾਈਟ ‘ਚ ਕੁਝ ਦੇਰੀ ਵੀ ਹੋਈ। ਦਰਅਸਲ, ਫਲਾਈਟ ਡਿਊਟੀ ਟਾਈਮ ਲਿਮਿਟੇਸ਼ਨ (FDTL) ਦਾ ਨਿਯਮ ਫਲਾਈਟਾਂ ਵਿੱਚ ਲਾਗੂ ਹੁੰਦਾ ਹੈ, ਯਾਨੀ ਪਾਇਲਟਾਂ ਨੂੰ ਇੱਕ ਨਿਸ਼ਚਿਤ ਸਮੇਂ ਤੋਂ ਬਾਅਦ ਉਡਾਣ ਭਰਨ ਦੀ ਇਜਾਜ਼ਤ ਨਹੀਂ ਹੁੰਦੀ।

ਟ੍ਰੈਕਿੰਗ ਵੈੱਬਸਾਈਟ ਫਲਾਈਟ ਅਵੇਅਰ ਦੇ ਮੁਤਾਬਕ, ਇੰਡੀਗੋ ਦੀ ਫਲਾਈਟ ਨੇ ਆਖਿਰਕਾਰ ਸ਼ਾਮ 5.33 ਵਜੇ ਗੋਆ ਲਈ ਉਡਾਣ ਭਰੀ। ਇਹ ਸ਼ਾਮ 7:58 ‘ਤੇ ਦਾਬੋਲਿਮ ‘ਚ ਉਤਰਿਆ। ਉਡਾਣ ਦਾ ਸਮਾਂ 145 ਮਿੰਟ ਸੀ।

ਪਾਇਲਟ ਨਾਲ ਕੁੱਟਮਾਰ ਦਾ ਵੀਡੀਓ ਵਾਇਰਲ ਹੋਣ ਤੋਂ ਬਾਅਦ ਯੂਜ਼ਰਸ ਸੋਸ਼ਲ ਮੀਡੀਆ ਪਲੇਟਫਾਰਮ X ‘ਤੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਇੱਕ ਉਪਭੋਗਤਾ ਨੇ ਬੇਕਾਬੂ ਯਾਤਰੀ ਨੂੰ ਨੋ-ਫਲਾਈ ਸੂਚੀ ਵਿੱਚ ਪਾਉਣ ਲਈ ਕਿਹਾ। ਯੂਜ਼ਰ ਨੇ ਲਿਖਿਆ ਕਿ ਪਾਇਲਟ ਜਾਂ ਕੈਬਿਨ ਕਰੂ ਨੂੰ ਦੇਰੀ ਨਾਲ ਕੀ ਲੈਣਾ ਦੇਣਾ ਹੈ? ਉਹ ਸਿਰਫ਼ ਆਪਣਾ ਕੰਮ ਕਰ ਰਹੇ ਸਨ। ਇਸ ਆਦਮੀ ਨੂੰ ਗ੍ਰਿਫਤਾਰ ਕਰੋ ਅਤੇ ਉਸਨੂੰ ਨੋ ਫਲਾਈ ਲਿਸਟ ਵਿੱਚ ਪਾਓ। ਉਸ ਦੀ ਫੋਟੋ ਪ੍ਰਕਾਸ਼ਿਤ ਕਰੋ, ਤਾਂ ਜੋ ਲੋਕ ਉਸ ਦੇ ਮਾੜੇ ਸੁਭਾਅ ਬਾਰੇ ਜਨਤਕ ਤੌਰ ‘ਤੇ ਜਾਣੂ ਹੋ ਜਾਣ।