Home » ਐਕਸ/ਟਵਿੱਟਰ ਨੇ ਸ਼੍ਰੋਮਣੀ ਕਮੇਟੀ ਦੇ ਨਾਂ ’ਤੇ ਚੱਲ ਰਿਹਾ ਫ਼ਰਜ਼ੀ ਖਾਤਾ ਕੀਤਾ ਬੰਦ…
Home Page News India India News

ਐਕਸ/ਟਵਿੱਟਰ ਨੇ ਸ਼੍ਰੋਮਣੀ ਕਮੇਟੀ ਦੇ ਨਾਂ ’ਤੇ ਚੱਲ ਰਿਹਾ ਫ਼ਰਜ਼ੀ ਖਾਤਾ ਕੀਤਾ ਬੰਦ…

Spread the news

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੋਸ਼ਲ ਮੀਡੀਆ ਪਲੇਟਫਾਰਮ ਐਕਸ/ਟਵਿੱਟਰ ਨੂੰ ਭੇਜੇ ਕਾਨੂੰਨੀ ਨੋਟਿਸ ਮਗਰੋਂ ਕੰਪਨੀ ਵੱਲੋਂ ਸਿੱਖ ਸੰਸਥਾ ਸ਼੍ਰੋਮਣੀ ਕਮੇਟੀ ਦੇ ਨਾਂ ’ਤੇ ਬਣਾਏ ਗਏ ਇਕ ਫ਼ਰਜ਼ੀ/ਪੈਰੋਡੀ ਖਾਤੇ @SGPCAmritsar_ ਨੂੰ ਬੰਦ ਕਰ ਦਿੱਤਾ ਹੈ। ਇਹ ਜਾਣਕਾਰੀ ਸ਼੍ਰੋਮਣੀ ਕਮੇਟੀ ਦੇ ਮੀਤ ਸਕੱਤਰ ਅਤੇ ਬੁਲਾਰੇ ਸ. ਹਰਜਭਨ ਸਿੰਘ ਵਕਤਾ ਨੇ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਂ ’ਤੇ ਇਸ ਪੈਰੋਡੀ ਖਾਤੇ ਰਾਹੀਂ ਐਕਸ/ਟਵਿੱਟਰ ’ਤੇ ਸਿੱਖ ਸੰਸਥਾ ਅਤੇ ਸਿੱਖ ਕੌਮ ਵਿਰੁੱਧ ਨਫ਼ਰਤੀ ਪ੍ਰਚਾਰ ਕੀਤਾ ਜਾ ਰਿਹਾ ਸੀ, ਜਿਸ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਨੇ ਸਖ਼ਤ ਨੋਟਿਸ ਲੈਂਦਿਆਂ ਕਾਨੂੰਨੀ ਕਾਰਵਾਈ ਕਰਨ ਦਾ ਫੈਸਲਾ ਲਿਆ ਸੀ। ਉਨ੍ਹਾਂ ਦੱਸਿਆ ਕਿ ਮੁੱਢਲੇ ਤੌਰ ’ਤੇ ਸ਼੍ਰੋਮਣੀ ਕਮੇਟੀ ਦੇ ਕਾਨੂੰਨੀ ਸਲਾਹਕਾਰ ਐਡਵੋਕੇਟ ਅਮਨਬੀਰ ਸਿੰਘ ਸਿਆਲੀ ਰਾਹੀਂ ਭੇਜੇ ਗਏ ਕਾਨੂੰਨੀ ਨੋਟਿਸ ਮਗਰੋਂ ਬੀਤੇ ਕੱਲ੍ਹ ਐਕਸ ਵੱਲੋਂ ਇਹ ਫ਼ਰਜ਼ੀ ਖਾਤਾ ਬੰਦ ਕਰਨ ਦੀ ਜਾਣਕਾਰੀ ਬਾਰੇ ਇਕ ਈਮੇਲ ਪ੍ਰਾਪਤ ਹੋਈ ਹੈ। ਸ. ਵਕਤਾ ਨੇ ਕਿਹਾ ਹਾਲਾਂਕਿ ਐਕਸ/ਟਵਿੱਟਰ ਵੱਲੋਂ ਸ਼੍ਰੋਮਣੀ ਕਮੇਟੀ ਦੇ ਨਾਂ ’ਤੇ ਫ਼ਰਜ਼ੀ/ਪੈਰੋਡੀ ਖਾਤਾ ਬੰਦ ਕਰ ਦਿੱਤਾ ਗਿਆ ਹੈ, ਪਰ ਇਸ ਨੂੰ ਚਲਾਉਣ ਵਾਲੇ ਸ਼ਰਾਰਤੀ ਅਨਸਰਾਂ ਦਾ ਪਤਾ ਲਗਾਉਣ ਬਾਰੇ ਵੀ ਕਾਰਵਾਈ ਜਾਰੀ ਰੱਖੀ ਜਾਵੇਗੀ। ਇਸ ਸਬੰਧ ਵਿਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਨਿਰਦੇਸ਼ਾਂ ਅਨੁਸਾਰ ਕਾਨੂੰਨੀ ਸਲਾਹਕਾਰ ਐਡਵੋਕੇਟ ਅਮਨਬੀਰ ਸਿੰਘ ਸਿਆਲੀ ਅਗਲੀ ਕਾਰਵਾਈ ਕਰਨਗੇ।