Sachkhand Sri Harmandir Sahib Amritsar Vikhe Hoea Amrit Wele Da Mukhwak: 17-01-2024 Ang 697
ਜੈਤਸਰੀ ਮਃ ੪ ॥ ਹਮ ਬਾਰਿਕ ਕਛੂਅ ਨ ਜਾਨਹ ਗਤਿ ਮਿਤਿ ਤੇਰੇ ਮੂਰਖ ਮੁਗਧ ਇਆਨਾ ॥ ਹਰਿ ਕਿਰਪਾ ਧਾਰਿ ਦੀਜੈ ਮਤਿ ਊਤਮ ਕਰਿ ਲੀਜੈ ਮੁਗਧੁ ਸਿਆਨਾ ॥੧॥ ਮੇਰਾ ਮਨੁ ਆਲਸੀਆ ਉਘਲਾਨਾ ॥ ਹਰਿ ਹਰਿ ਆਨਿ ਮਿਲਾਇਓ ਗੁਰੁ ਸਾਧੂ ਮਿਲਿ ਸਾਧੂ ਕਪਟ ਖੁਲਾਨਾ ॥ ਰਹਾਉ ॥ ਗੁਰ ਖਿਨੁ ਖਿਨੁ ਪ੍ਰੀਤਿ ਲਗਾਵਹੁ ਮੇਰੈ ਹੀਅਰੈ ਮੇਰੇ ਪ੍ਰੀਤਮ ਨਾਮੁ ਪਰਾਨਾ ॥ ਬਿਨੁ ਨਾਵੈ ਮਰਿ ਜਾਈਐ ਮੇਰੇ ਠਾਕੁਰ ਜਿਉ ਅਮਲੀ ਅਮਲਿ ਲੁਭਾਨਾ ॥੨॥ ਜਿਨ ਮਨਿ ਪ੍ਰੀਤਿ ਲਗੀ ਹਰਿ ਕੇਰੀ ਤਿਨ ਧੁਰਿ ਭਾਗ ਪੁਰਾਨਾ ॥ ਤਿਨ ਹਮ ਚਰਣ ਸਰੇਵਹ ਖਿਨੁ ਖਿਨੁ ਜਿਨ ਹਰਿ ਮੀਠ ਲਗਾਨਾ ॥੩॥ ਹਰਿ ਹਰਿ ਕ੍ਰਿਪਾ ਧਾਰੀ ਮੇਰੈ ਠਾਕੁਰਿ ਜਨੁ ਬਿਛੁਰਿਆ ਚਿਰੀ ਮਿਲਾਨਾ ॥ ਧਨੁ ਧਨੁ ਸਤਿਗੁਰੁ ਜਿਨਿ ਨਾਮੁ ਦ੍ਰਿੜਾਇਆ ਜਨੁ ਨਾਨਕੁ ਤਿਸੁ ਕੁਰਬਾਨਾ ॥੪॥੩॥
ਅਰਥ: ਹੇ ਭਾਈ! ਅਸੀਂ ਤੇਰੇ ਅੰਞਾਣ ਮੂਰਖ ਬੱਚੇ ਹਾਂ, ਅਸੀਂ ਨਹੀਂ ਜਾਣ ਸਕਦੇ ਕਿ ਤੂੰ ਕਿਹੋ ਜਿਹਾ ਹੈਂ, ਅਤੇ ਕੇਡਾ ਵੱਡਾ ਹੈਂ। ਹੇ ਹਰੀ! ਮੇਹਰ ਕਰ ਕੇ ਮੈਨੂੰ ਚੰਗੀ ਅਕਲ ਦੇਹ, ਮੈਨੂੰ ਮੂਰਖ ਨੂੰ ਸਿਆਣਾ ਬਣਾ ਲੈ ॥੧॥ ਹੇ ਭਾਈ! ਮੇਰਾ ਸੁਸਤ ਮਨ (ਮਾਇਆ ਦੀ ਨੀਂਦ ਵਿਚ) ਸੌਂ ਗਿਆ ਸੀ। ਪਰਮਾਤਮਾ ਨੇ ਮੈਨੂੰ ਗੁਰੂ ਲਿਆ ਕੇ ਮਿਲਾ ਦਿੱਤਾ। ਗੁਰੂ ਨੂੰ ਮਿਲ ਕੇ (ਮੇਰੇ ਮਨ ਦੇ) ਕਿਵਾੜ ਖੁੱਲ੍ਹ ਗਏ ਹਨ ॥ ਰਹਾਉ ॥ ਹੇ ਗੁਰੂ! ਮੇਰੇ ਹਿਰਦੇ ਵਿਚ ਪ੍ਰਭੂ ਵਾਸਤੇ ਹਰ ਵੇਲੇ ਦੀ ਪ੍ਰੀਤਿ ਪੈਦਾ ਕਰ ਦੇਹ, ਮੇਰੇ ਪ੍ਰੀਤਮ-ਪ੍ਰਭੂ ਦਾ ਨਾਮ ਮੇਰੇ ਪ੍ਰਾਣ ਬਣ ਜਾਏ। ਹੇ ਮੇਰੇ ਮਾਲਕ-ਪ੍ਰਭੂ! ਜਿਵੇਂ ਨਸ਼ਈ ਮਨੁੱਖ ਨਸ਼ੇ ਵਿਚ ਖ਼ੁਸ਼ ਰਹਿੰਦਾ ਹੈ (ਤੇ ਨਸ਼ੇ ਤੋਂ ਬਿਨਾ ਘਬਰਾ ਉਠਦਾ ਹੈ, ਤਿਵੇਂ) ਤੇਰੇ ਨਾਮ ਤੋਂ ਬਿਨਾ ਜਿੰਦ ਵਿਆਕੁਲ ਹੋ ਜਾਂਦੀ ਹੈ ॥੨॥ ਹੇ ਭਾਈ! ਜਿਨ੍ਹਾਂ ਮਨੁੱਖਾਂ ਦੇ ਮਨ ਵਿਚ ਪਰਮਾਤਮਾ ਦੀ ਪ੍ਰੀਤਿ ਪੈਦਾ ਹੋ ਜਾਂਦੀ ਹੈ, ਉਹਨਾਂ ਦੇ ਧੁਰ ਦਰਗਾਹ ਤੋਂ ਮਿਲੇ ਚਿਰ ਦੇ ਭਾਗ ਜਾਗ ਪੈਂਦੇ ਹਨ। ਹੇ ਭਾਈ! ਜਿਨ੍ਹਾਂ ਮਨੁੱਖਾਂ ਨੂੰ ਪਰਮਾਤਮਾ ਪਿਆਰਾ ਲੱਗਣ ਲੱਗ ਪੈਂਦਾ ਹੈ, ਅਸੀਂ ਹਰ ਵੇਲੇ ਉਹਨਾਂ ਦੇ ਚਰਨਾਂ ਦੀ ਸੇਵਾ ਕਰਦੇ ਹਾਂ ॥੩॥ ਹੇ ਭਾਈ! ਮੇਰੇ ਮਾਲਕ-ਪ੍ਰਭੂ ਨੇ ਜਿਸ ਮਨੁੱਖ ਉਤੇ ਮੇਹਰ ਦੀ ਨਿਗਾਹ ਕੀਤੀ, ਉਸ ਨੂੰ ਚਿਰ ਦੇ ਵਿਛੁੜੇ ਹੋਏ ਨੂੰ ਉਸ ਨੇ ਆਪਣੇ ਨਾਲ ਮਿਲਾ ਲਿਆ। ਧੰਨ ਹੈ ਗੁਰੂ, ਧੰਨ ਹੈ ਗੁਰੂ, ਜਿਸ ਨੇ ਉਸ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਪੱਕਾ ਕਰ ਦਿੱਤਾ। ਦਾਸ ਨਾਨਕ ਜੀ ਉਸ ਗੁਰੂ ਤੋਂ (ਸਦਾ) ਸਦਕੇ ਜਾਂਦੇ ਹਨ ॥੪॥੩॥