AMRIT VELE DA HUKAMNAMA SRI DARBAR SAHIB SRI AMRITSAR, ANG 715, 12-02-24
ਟੋਡੀ ਮਹਲਾ ੫ ॥ ਗਰਬਿ ਗਹਿਲੜੋ ਮੂੜੜੋ ਹੀਓ ਰੇ ॥ ਹੀਓ ਮਹਰਾਜ ਰੀ ਮਾਇਓ ॥ ਡੀਹਰ ਨਿਆਈ ਮੋਹਿ ਫਾਕਿਓ ਰੇ ॥ ਰਹਾਉ ॥ ਘਣੋ ਘਣੋ ਘਣੋ ਸਦ ਲੋੜੈ ਬਿਨੁ ਲਹਣੇ ਕੈਠੈ ਪਾਇਓ ਰੇ ॥ ਮਹਰਾਜ ਰੋ ਗਾਥੁ ਵਾਹੂ ਸਿਉ ਲੁਭੜਿਓ ਨਿਹਭਾਗੜੋ ਭਾਹਿ ਸੰਜੋਇਓ ਰੇ ॥੧॥ ਸੁਣਿ ਮਨ ਸੀਖ ਸਾਧੂ ਜਨ ਸਗਲੋ ਥਾਰੇ ਸਗਲੇ ਪ੍ਰਾਛਤ ਮਿਟਿਓ ਰੇ ॥ ਜਾ ਕੋ ਲਹਣੋ ਮਹਰਾਜ ਰੀ ਗਾਠੜੀਓ ਜਨ ਨਾਨਕ ਗਰਭਾਸਿ ਨ ਪਉੜਿਓ ਰੇ ॥੨॥੨॥੧੯॥
ਮੂਰਖ ਹਿਰਦਾ ਅਹੰਕਾਰ ਵਿਚ ਝੱਲਾ ਹੋਇਆ ਰਹਿੰਦਾ ਹੈ। ਇਸ ਹਿਰਦੇ ਨੂੰ ਮਹਾਰਾਜ (ਪ੍ਰਭੂ) ਦੀ ਮਾਇਆ ਨੇ-ਮੱਛੀ ਵਾਂਗ ਮੋਹ ਵਿਚ ਫਸਾ ਰੱਖਿਆ ਹੈ (ਜਿਵੇਂ ਮੱਛੀ ਨੂੰ ਕੁੰਡੀ ਵਿਚ) ॥ ਰਹਾਉ॥ (ਮੋਹ ਵਿਚ ਫਸਿਆ ਹੋਇਆ ਹਿਰਦਾ) ਸਦਾ ਬਹੁਤ ਬਹੁਤ (ਮਾਇਆ) ਮੰਗਦਾ ਰਹਿੰਦਾ ਹੈ, ਪਰ ਭਾਗਾਂ ਤੋਂ ਬਿਨਾ ਕਿਥੋਂ ਪ੍ਰਾਪਤ ਕਰੇ? ਮਹਾਰਾਜ ਦਾ (ਦਿੱਤਾ ਹੋਇਆ) ਇਹ ਸਰੀਰ ਹੈ, ਇਸੇ ਨਾਲ (ਮੂਰਖ ਜੀਵ) ਮੋਹ ਕਰਦਾ ਰਹਿੰਦਾ ਹੈ। ਨਿਭਾਗਾ ਮਨੁੱਖ (ਆਪਣੇ ਮਨ ਨੂੰ ਤ੍ਰਿਸ਼ਨਾ ਦੀ) ਅੱਗ ਨਾਲ ਜੋੜੀ ਰੱਖਦਾ ਹੈ ॥੧॥ ਹੇ ਮਨ! ਸਾਰੇ ਸਾਧੂ ਜਨਾਂ ਦੀ ਸਿੱਖਿਆ ਸੁਣਿਆ ਕਰ, (ਇਸ ਦੀ ਬਰਕਤਿ ਨਾਲ) ਤੇਰੇ ਸਾਰੇ ਪਾਪ ਮਿਟ ਜਾਣਗੇ। ਹੇ ਦਾਸ ਨਾਨਕ! ਮਹਾਰਾਜ ਦੇ ਖ਼ਜ਼ਾਨੇ ਵਿਚੋਂ ਜਿਸ ਦੇ ਭਾਗਾਂ ਵਿਚ ਕੁਝ ਪ੍ਰਾਪਤੀ ਲਿਖੀ ਹੈ, ਉਹ ਜੂਨਾਂ ਵਿਚ ਨਹੀਂ ਪੈਂਦਾ ॥੨॥੨॥੧੯॥