Home » ਐਡਮਿੰਟਨ ਦੇ ਕਾਰੋਬਾਰੀ ਬੂਟਾ ਸਿੰਘ ਗਿੱਲ ਦੀ ਹੱਤਿਆ, ਇੰਜੀਨੀਅਰ ਗੰਭੀਰ ਜ਼ਖਮੀ…
Home Page News India India News World World News

ਐਡਮਿੰਟਨ ਦੇ ਕਾਰੋਬਾਰੀ ਬੂਟਾ ਸਿੰਘ ਗਿੱਲ ਦੀ ਹੱਤਿਆ, ਇੰਜੀਨੀਅਰ ਗੰਭੀਰ ਜ਼ਖਮੀ…

Spread the news

ਕੈਨੇਡਾ ਦੇ ਐਡਮਿੰਟਨ ਸ਼ਹਿਰ ਵਿੱਚ ਅੱਜ ਇਹ ਦੁਖਦਾਈ ਘਟਨਾ ਵਾਪਰੀ, ਜਦੋਂ ਕੰਸਟਰਕਸ਼ਨ ਸਾਈਟ ‘ਤੇ ਗਿੱਲ ਬਿਲਟ ਹੋਮਸ ਦੇ ਮਾਲਕ ਬੂਟਾ ਸਿੰਘ ਗਿੱਲ ਦੀ, ਉਸ ਦੇ ਨਾਲ ਕੰਮ ਕਰਨ ਵਾਲੇ ਰੂਫਿੰਗ ਆਪਣੀ ਦੇ ਮਾਲਕ ਜਤਿੰਦਰ ਸਿੰਘ ਉਰਫ ਨਿੱਕ ਧਾਲੀਵਾਲ ਨੇ ਗੋਲੀਆਂ ਮਾਰ ਕੇ ਕਰ ਦਿੱਤੀ। ਇਸ ਮੰਦਭਾਗੀ ਘਟਨਾ ਦੇ ਅਸਲ ਕਾਰਨਾਂ ਸਬੰਧੀ ਤੱਥ ਅਤੇ ਵੇਰਵੇ ਆਉਣੇ ਅਜੇ ਬਾਕੀ ਹਨ, ਪਰ ਜਾਣਕਾਰਾਂ ਅਨੁਸਾਰ ਇਹ ਘਟਨਾ ਕਿਸੇ ਲੁੱਟ ਖੋਹ ਆਦਿ ਦੇ ਮਾਮਲੇ ਨਾਲ ਸਬੰਧਿਤ ਨਹੀਂ ਜਾਪਦੀ। ਮਿਰਤਕ ਬੂਟਾ ਸਿੰਘ ਗਿੱਲ, ਜੋ ਕਿ ਲਾਂਧੜਾ ਪਿੰਡ ਨੇੜੇ ਅੱਪਰਾ ਫਲੋਰ ਨਾਲ ਸਬੰਧਿਤ ਸੀ, ਪਿਛਲੇ ਲੰਮੇ ਸਮੇਂ ਤੋਂ ਐਡਮਿੰਟਨ ਰਹਿ ਰਿਹਾ ਸੀ, ਜਦ ਕਿ ਕਤਲ ਮਾਮਲੇ ਲਈ ਕਥਿਤ ਦੋਸ਼ੀ ਨਿੱਕ ਧਾਲੀਵਾਲ, ਜੋ ਕਿ ਪਿੰਡ ਧਾਲੀਵਾਲ ਬੇਟ ਜ਼ਿਲਾ ਕਪੂਰਥਲਾ ਨਾਲ ਸੰਬੰਧਿਤ ਸੀ, ਵੀ ਐਡਮਿੰਟਨ ਦਾ ਹੀ ਵਾਸੀ ਸੀ। ਇਹ ਘਟਨਾ ਵਾਪਰਨ ਸਮੇਂ ਹਮਲਾਵਰ ਨੇ ਸਭ ਤੋਂ ਪਹਿਲਾਂ ਇਕ ਇੰਜੀਨੀਅਰ, ਸਰਬਜੀਤ ਸਿੰਘ ‘ਤੇ ਹਮਲਾ ਕੀਤਾ ਅਤੇ ਉਸਦੇ ਸਿਰ ਅਤੇ ਢਿੱਡ ਵਿੱਚ ਗੋਲੀਆਂ ਮਾਰੀਆਂ। ਬੂਟਾ ਸਿੰਘ ਉਸ ਮੌਕੇ ‘ਤੇ ਮੌਜੂਦ ਸੀ ਅਤੇ ਹਮਲਾਵਰ ਨੇ ਉਸ ਉੱਪਰ ਅੰਨੇਵਾਹ ਗੋਲੀਆਂ ਚਲਾਈਆਂ, ਜਿਸ ਕਾਰਨ ਬੂਟਾ ਸਿੰਘ ਦੀ ਮੌਤ ਹੋ ਗਈ ਅਤੇ ਸਰਬਜੀਤ ਸਿੰਘ ਗੰਭੀਰ ਜ਼ਖਮੀ ਹੋ ਗਿਆ। ਮਗਰੋਂ ਹਮਲਾਵਰ ਨਿੱਕ ਧਾਲੀਵਾਲ ਨੇ ਆਪਣੇ ਵੀ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਇਸ ਦੁਖਦਾਈ ਘਟਨਾ ਦੇ ਬਾਰੇ ਪੁਲਿਸ ਜਾਂਚ ਕਰ ਰਹੀ ਹੈ, ਪਰ ਮਾੜੀ ਗੱਲ ਇਹ ਹੈ ਕਿ ਭਾਰਤ ਤੋਂ ਪ੍ਰਕਾਸ਼ਤ ਹੁੰਦੇ ਅੰਗਰੇਜ਼ੀ ਅਤੇ ਪੰਜਾਬੀ ਅਖਬਾਰਾਂ, ਟੈਲੀਵਿਜ਼ਨ ਅਤੇ ਰੇਡੀਓ ਆਦਿ ਨੇ ਜਿਸ ਤਰ੍ਹਾਂ ਤੱਥਾਂ ਦੀਆਂ ਧੱਜੀਆਂ ਉਡਾਈਆਂ ਹਨ, ਉਹ ਚਿੰਤਾਜਨਕ ਤੇ ਹੈਰਾਨੀਜਨਕ ਹਨ। ਪਹਿਲੀ ਗੱਲ, ਭਾਰਤੀ ਖਬਰ ਏਜੰਸੀਆਂ ਵੱਲੋਂ ਮਰਹੂਮ ਬੂਟਾ ਸਿੰਘ ਗਿੱਲ ਬਾਰੇ ਇਹ ਲਿਖਿਆ ਗਿਆ ਹੈ ਕਿ ਉਹ ‘ਗੁਰੂ ਨਾਨਕ ਸਿੱਖ ਗੁਰਦੁਆਰਾ ਐਡਮਿੰਟਨ ਦਾ ਪ੍ਰਧਾਨ’ ਹੈ। ਖਬਰ ਦਾ ਸਿਰਲੇਖ ਇਹ ਹੈ ਕਿ ‘ਕੈਨੇਡਾ ਵਿੱਚ ਇੱਕ ਹੋਰ ਗੁਰਦੁਆਰਾ ਪ੍ਰਧਾਨ ਦਾ ਗੋਲੀਆਂ ਮਾਰ ਕੇ ਕਤਲ’। ‘ਇੱਕ ਹੋਰ’ ਤੋਂ ਭਾਵ ਭਾਰਤ ਦੀ ਨਿਊਜ਼ ਏਜੰਸੀ ਕੀ ਕਹਿਣਾ ਚਾਹੁੰਦੀ ਹੈ, ਸਪਸ਼ਟ ਹੈ, ਕਿਉਂਕਿ ਇਸ ਤੋਂ ਪਹਿਲਾਂ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਸਰੀ ਡੈਲਟਾ ਬੀਸੀ ਦੇ ਪ੍ਰਧਾਨ ਭਾਈ ਹਰਦੀਪ ਸਿੰਘ ਨਿੱਝਰ ਦਾ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ, ਜਿਸ ਬਾਰੇ ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਭਾਰਤੀ ਏਜੰਸੀਆਂ ਤੇ ਇਸ ਕਤਲ ਦਾ ਦੋਸ਼ ਮੜਿਆ ਹੈ। ਪਰ ਇੱਥੇ ਅੱਜ ਦੀ ਘਟਨਾ ਬਾਰੇ, ‘ਗੁਰਦੁਆਰੇ ਦੇ ਇੱਕ ਹੋਰ ਪ੍ਰਧਾਨ ਦਾ ਕਤਲ’ ਕਹਿਣਾ ਨਿਰੋਲ ਤੱਥਾਂ ਤੋਂ ਹੀਣੀ ਗੱਲ ਹੈ, ਜਦੋਂ ਕਿ ਸੱਚ ਇਹ ਹੈ ਕਿ ਮਿਰਤਕ ਬੂਟਾ ਸਿੰਘ ਗਿੱਲ ਗੁਰਦੁਆਰੇ ਦਾ ਪ੍ਰਧਾਨ ਨਹੀਂ ਸੀ ਤੇ ਬਾਕੀਆਂ ਵਾਂਗ ਸੇਵਾ ਨੂੰ ਸਮਰਪਿਤ ਵਿਅਕਤੀ ਸੀ। ਦੂਜੀ ਗੱਲ, ਭਾਰਤੀ ਖ਼ਬਰ ਏਜੰਸੀਆਂ ਨੇ ਕਾਤਲਾਨਾ ਵਾਰਦਾਤ ਨੂੰ ‘ਖਾਲਿਸਤਾਨ ਦੇ ਮੁੱਦੇ’ ਨਾਲ ਜੋੜਨ ਦੀ ਵੀ ਅਸਿੱਧੇ ਤੌਰ ਤੇ ਕੋਸ਼ਿਸ਼ ਕੀਤੀ ਗਈ ਹੈ, ਜਦ ਕਿ ਇਸ ਘਟਨਾ ਦਾ ਖਾਲਿਸਤਾਨ ਦੇ ਮਾਮਲੇ ਨਾਲ ਦੂਰ ਦਾ ਵਾਸਤਾ ਨਹੀਂ। ਖਬਰ ਵਿੱਚ ਲਿਖਿਆ ਹੈ ; ”ਗਿੱਲ ਜਿਸ ਗੁਰਦੁਆਰੇ ਦਾ ਪ੍ਰਧਾਨ ਸੀ, ਉਹ ਖਾਲਿਸਤਾਨੀ ਧਿਰਾਂ ਦਾ ਗੁਰਦੁਆਰਾ ਕਰਕੇ ਜਾਣਿਆ ਜਾਂਦਾ ਹੈ। ਹੁਣ ਦੋਹਾਂ ਮਿਰਤਕਾਂ ਵਿਚਕਾਰ ‘ਕਲੇਸ਼ ਦਾ ਕਾਰਨ ਖਾਲਿਸਤਾਨੀ ਲਹਿਰ ਦੀ ਸਿਆਸਤ’ ਬਣੀ ਹੈ ਜਾਂ ਕੋਈ ਕਾਰੋਬਾਰ ਦਾ ਲੈਣ ਦੇਣ, ਇਹ ਜਾਂਚ ਦਾ ਵਿਸ਼ਾ ਹੈ।” ਇੰਡੀਅਨ ਨਿਊਜ਼ ਏਜੰਸੀਆਂ ਵੱਲੋਂ ਅਫਵਾਹਾਂ ਦੇ ਅਧਾਰ ‘ਤੇ ਖਬਰ ਲਿਖਣੀ ਜਾਂ ਖਬਰਾਂ ਰਾਹੀਂ ਅਫਵਾਹ ਫੈਲਾਉਣੀ ਕੋਈ ਨਵੀਂ ਗੱਲ ਨਹੀਂ ਹੈ। ਇਸ ਕਤਲ ਦੇ ਮਾਮਲੇ ਨੂੰ ਵੀ ਖਾਲਿਸਤਾਨ ਨਾਲ ਜੋੜਨਾ ਮੀਡੀਆ ਦੇ ਸਿੱਖ ਵਿਰੋਧੀ ਬਿਰਤਾਂਤ ਦੀ ਸ਼ਰਾਰਤਪੂਰਨ ਅਤੇ ਸਾਜ਼ਿਸ਼ਮਈ ਪਹੁੰਚ ਹੈ। ਇਥੇ ਹੀ ਬੱਸ ਨਹੀਂ, ਅੰਗਰੇਜ਼ੀ ਦੇ ਇੰਡੀਅਨ ਐਕਸਪ੍ਰੈਸ, ਇਕਨਾਮਿਕਸ ਟਾਈਮਜ਼ ਅਤੇ ਹੋਰਨਾਂ ਅਖਬਾਰਾਂ ਤੋਂ ਇਲਾਵਾ ਪੰਜਾਬੀ ਟਰਬਿਊਨ, ਬਾਬੂਸ਼ਾਹੀ ਡਾਟਕਮ ਅਤੇ ਕਈ ਪੰਜਾਬੀ ਅਖਬਾਰਾਂ ਨੇ ਵੀ ਇਹੀ ਲਿਖਿਆ ਕਿ ‘ਐਡਮਿੰਟਨ ਦੇ ਗੁਰਦੁਆਰੇ ਦਾ ਪ੍ਰਧਾਨ ਦੀ ਹੱਤਿਆ ਹੋ ਗਈ ਹੈ’। ਹੱਤਿਆ ਮਾਮਲੇ ਵਿੱਚ ਅਜਿਹੀਆਂ ਖਬਰਾਂ ਲਿਖਣ ਦਾ ਕਾਰਨ ਮਹਿਜ਼ ਗਲਤਫਹਿਮੀ ਜਾਂ ਤੱਥਹੀਣਤਾ ਨਹੀਂ। ਇਹੋ ਜਿਹੇ ਮਾਮਲੇ ਵਿੱਚ ਆਮ ਪੱਤਰਕਾਰਾਂ ਨੂੰ ਵੀ ਆਪਣੀ ਜਿੰਮੇਵਾਰੀ ਤੋਂ ਭੱਜਣਾ ਨਹੀਂ ਚਾਹੀਦਾ ਅਤੇ ਖਬਰਾਂ ਘੜਨ ਤੋਂ ਪਹਿਲਾਂ ਤੱਥਾਂ ਦੀ ਛਾਣਬੀਣ ਕਰਨੀ ਚਾਹੀਦੀ ਹੈ। ਇਹ ਘਟਨਾ ਨਾਲ ਜਿੱਥੇ ਐਡਮਿੰਟਨ ਵਾਸਤੇ ਪੰਜਾਬੀ ਭਾਈਚਾਰੇ ਨੂੰ ਗਹਿਰਾ ਸਦਮਾ ਲੱਗਿਆ ਹੈ, ਉਥੇ ਅਫਵਾਹਾਂ ਆਧਾਰਤ ਗਲਤ ਰਿਪੋਰਟਿੰਗ ਨੇ ਲੋਕਾਂ ਨੂੰ ਹੋਰ ਵੀ ਗਹਿਰੀ ਸੱਟ ਮਾਰੀ ਹੈ।