ਦੇਸ਼ ’ਚ ਲੋਕ ਸਭਾ ਚੋਣਾਂ ਲਈ ਸਿਆਸੀ ਪਾਰਟੀਆਂ ਇੰਟਰਨੈੱਟ ’ਤੇ ਇਸ਼ਤਿਹਾਰਾਂ ਰਾਹੀਂ ਪ੍ਰਚਾਰ ’ਚ ਕੋਈ ਕਸਰ ਨਹੀਂ ਛੱਡ ਰਹੀਆਂ ਹਨ। ਗੂਗਲ ਇਸ਼ਤਿਹਾਰ ਪਾਰਦਰਸ਼ਿਤਾ ਕੇਂਦਰ ਦੇ ਡਾਟਾ ਅਨੁਸਾਰ 1 ਜਨਵਰੀ ਤੋਂ 10 ਅਪ੍ਰੈਲ ਤੱਕ ਸਿਆਸੀ ਪਾਰਟੀਆਂ ਨੇ ਗੂਗਲ ਸਰਚ ਇੰਜਣ ’ਤੇ ਇਸ਼ਤਿਹਾਰਾਂ ’ਤੇ ਲਗਭਗ 117 ਕਰੋੜ ਰੁਪਏ ਖਰਚ ਕੀਤੇ ਹਨ ਜਦਕਿ ਇਸੇ ਮਿਆਦ ’ਚ 2019 ਦੀਆਂ ਚੋਣਾਂ ਦੌਰਾਨ ਇਸ਼ਤਿਹਾਰਾਂ ’ਤੇ ਖਰਚ ਕੀਤੀ ਗਈ ਇਹ ਰਕਮ ਲਗਭਗ 10 ਕਰੋੜ ਸੀ।
ਭਾਜਪਾ ਨੇ ਸਭ ਤੋਂ ਵੱਧ 39 ਕਰੋੜ ਰੁਪਏ ਖਰਚ ਕੀਤੇ
ਸਿਆਸੀ ਇਸ਼ਤਿਹਾਰਾਂ ’ਤੇ ਸਭ ਤੋਂ ਵੱਧ ਖਰਚ ਕਰਨ ਵਾਲੀ ਸੱਤਾਧਾਰੀ ਭਾਰਤੀ ਜਨਤਾ ਪਾਰਟੀ (ਭਾਜਪਾ) ਹੈ, ਜਿਸ ਨੇ 1 ਜਨਵਰੀ ਤੋਂ 10 ਅਪ੍ਰੈਲ ਤੱਕ ਗੂਗਲ ਇਸ਼ਤਿਹਾਰਾਂ ’ਤੇ 39 ਕਰੋੜ ਰੁਪਏ ਜਾਂ ਕੁੱਲ ਰਕਮ ਦਾ ਇਕ ਤਿਹਾਈ ਖਰਚ ਕੀਤਾ। ਇਸ ਤੋਂ ਬਾਅਦ ਇਸ਼ਤਿਹਾਰ ਲਈ ਸਰਕਾਰ ਦੀ ਨੋਡਲ ਏਜੰਸੀ ਸੰਚਾਰ (ਸੀ. ਬੀ. ਸੀ.) ਦਾ ਨੰਬਰ ਆਉਂਦਾ ਹੈ, ਜਿਸ ਨੇ ਇਸ਼ਤਿਹਾਰਾਂ ’ਤੇ 32.2 ਕਰੋੜ ਰੁਪਏ ਖਰਚ ਕੀਤੇ ਹਨ। ਮੀਡੀਆ ਯੋਜਨਾਕਾਰਾਂ ਅਤੇ ਇਸ਼ਤਿਹਾਰ ਏਜੰਸੀਆਂ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਡਿਜੀਟਲ ਇਸ਼ਤਿਹਾਰ ਤੁਲਨਾਤਮਕ ਤੌਰ ’ਤੇ ਘੱਟ ਲਾਗਤ ’ਤੇ ਵੱਧ ਲੋਕਾਂ ਤੱਕ ਪਹੁੰਚ ਦੇ ਮੌਕੇ ਦਿੰਦੇ ਹਨ।
ਕੇਂਦਰ ਦੀ ਜਨ ਧਨ ਯੋਜਨਾ ਸਭ ਤੋਂ ਵੱਧ ਇਸ਼ਤਿਹਾਰ
ਟੈੱਕ ਪ੍ਰਮੁੱਖ ਦੇ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ 1 ਜਨਵਰੀ ਤੋਂ 10 ਅਪ੍ਰੈਲ ਦੀ ਮਿਆਦ ਦੌਰਾਨ ਭਾਜਪਾ ਨੇ ਗੂਗਲ ’ਤੇ ਕੁੱਲ 76,800 ਇਸ਼ਤਿਹਾਰ ਚਲਾਏ। ਜਿਸ ਇਸ਼ਤਿਹਾਰ ’ਤੇ ਇਸ ਨੇ ਸਭ ਤੋਂ ਵੱਧ ਰਕਮ ਖਰਚ ਕੀਤੀ, ਉਹ ਕੇਂਦਰ ਦੀ ਜਨ ਧਨ ਯੋਜਨਾ ਨੂੰ ਉਤਸ਼ਾਹਿਤ ਕਰਨ ਵਾਲਾ ਇਕ ਹਿੰਦੀ ਭਾਸ਼ਾ ਦਾ ਅਕਸ ਇਸ਼ਤਿਹਾਰ ਸੀ। ਇਹ ਇਸ਼ਤਿਹਾਰ 10 ਫਰਵਰੀ ਤੋਂ 29 ਮਾਰਚ ਤੱਕ 49 ਦਿਨਾਂ ਤੱਕ ਚੱਲਿਆ। ਪਾਰਟੀ ਵਲੋਂ ਦੂਜਾ ਸਭ ਤੋਂ ਵੱਡਾ ਇਸ਼ਤਿਹਾਰ ਕੇਂਦਰ ਦੀ ਮੁਦਰਾ ਲੋਨ ਯੋਜਨਾ ਨੂੰ ਉਤਸ਼ਾਹਿਤ ਕਰਨ ਵਾਲਾ ਤਾਮਿਲ ਭਾਸ਼ਾ ਦਾ ਵੀਡੀਓ ਇਸ਼ਤਿਹਾਰ ਸੀ। ਪਿਛਲੇ 3 ਮਹੀਨਿਆਂ ’ਚ ਭਾਜਪਾ ਨੇ ਉੱਤਰ ਪ੍ਰਦੇਸ਼ ’ਚ ਇਸ਼ਤਿਹਾਰ ਚਲਾਉਣ ’ਤੇ ਸਭ ਤੋਂ ਵੱਧ ਰਕਮ ਖਰਚ ਕੀਤੀ ਹੈ।
ਕਾਂਗਰਸ ਨੇ ਵੀ ਖਰਚ ਕੀਤੇ 7.55 ਕਰੋੜ
ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਕਾਂਗਰਸ ਨੇ 1 ਜਨਵਰੀ ਤੋਂ ਗੂਗਲ ’ਤੇ ਇਸ਼ਤਿਹਾਰਾਂ ’ਤੇ 7.55 ਕਰੋੜ ਰੁਪਏ ਖਰਚ ਕੀਤੇ ਹਨ ਜਦਕਿ ਤਾਮਿਲਨਾਡੂ ਦੀ ਸੱਤਾਧਾਰੀ ਪਾਰਟੀ ਡੀ. ਐੱਮ. ਕੇ. ਲਈ ਕੰਮ ਕਰਨ ਵਾਲੀ ਇਕ ਰਣਨੀਤਕ ਫਰਮ ਪਾਪੁਲਸ ਇੰਪਾਵਰਮੈਂਟ ਨੈੱਟਵਰਕ ਪ੍ਰਾਈਵੇਟ ਲਿਮਟਿਡ ਨੇ 9.25 ਕਰੋੜ ਰੁਪਏ ਖਰਚ ਕੀਤੇ ਹਨ। ਇਸ ਤੋਂ ਬਾਅਦ ਇੰਡੀਅਨ ਪੀ. ਏ. ਸੀ. ਕੰਸਲਟਿੰਗ ਪ੍ਰਾਈਵੇਟ ਲਿਮਟਿਡ, ਸਿਆਸੀ ਰਣਨੀਤੀ ਫਰਮ ਇੰਡੀਅਨ ਪਾਲੀਟੀਕਲ ਐਕਸ਼ਨ ਕਮੇਟੀ ਦੀ ਹੋਲਡਿੰਗ ਕੰਪਨੀ ਹੈ, ਜੋ ਪੱਛਮੀ ਬੰਗਾਲ ’ਚ ਤ੍ਰਿਣਮੂਲ ਕਾਂਗਰਸ ਅਤੇ ਆਂਧਰ ਪ੍ਰਦੇਸ਼ ’ਚ ਵਾਈ. ਐੱਸ. ਆਰ. ਕਾਂਗਰਸ ਪਾਰਟੀ ਲਈ ਕੰਮ ਕਰਦੀ ਹੈ।
ਭੂਗੌਲਿਕ ਖੇਤਰਾਂ ’ਚ ਤਾਮਿਲਨਾਡੂ ’ਚ ਪਿਛਲੇ 3 ਮਹੀਨਿਆਂ ’ਚ ਗੂਗਲ ’ਤੇ ਸਭ ਤੋਂ ਵੱਧ ਸਿਆਸੀ ਇਸ਼ਤਿਹਾਰ ਦੇਖੇ ਗਏ ਹਨ, ਇਸੇ ਮਿਆਦ ’ਚ ਸੂਬੇ ’ਚ ਦਿਖਾਏ ਗਏ ਇਸ਼ਤਿਹਾਰਾਂ ’ਤੇ ਕੁੱਲ 15 ਕਰੋੜ ਰੁਪਏ ਖਰਚ ਕੀਤੇ ਗਏ ਹਨ। ਇਸ ਤੋਂ ਬਾਅਦ ਉੱਤਰ ਪ੍ਰਦੇਸ਼ ’ਚ 9.86 ਕਰੋੜ ਰੁਪਏ, ਆਂਧਰ ਪ੍ਰਦੇਸ਼ ’ਚ 9.59 ਕਰੋੜ ਰੁਪਏ ਅਤੇ ਓਡਿਸ਼ਾ ’ਚ 9.56 ਕਰੋੜ ਰੁਪਏ ਖਰਚ ਹੋਏ ਹਨ।