ਹਾਂਗਕਾਂਗ ਅਤੇ ਸਿੰਗਾਪੁਰ ਤੋਂ ਬਾਅਦ ਮਾਲਦੀਵ ਨੇ ਵੀ ਐਵਰੈਸਟ ਅਤੇ MDH ਮਸਾਲਿਆਂ ਦੀ ਵਿਕਰੀ ‘ਤੇ ਪਾਬੰਦੀ ਲਗਾ ਦਿੱਤੀ ਹੈ। ਮਾਲਦੀਵ ਫੂਡ ਐਂਡ ਡਰੱਗ ਅਥਾਰਟੀ (ਐੱਮ.ਐੱਫ.ਡੀ.ਏ.) ਨੇ ਕਿਹਾ ਕਿ ਭਾਰਤ ‘ਚ ਬਣੇ ਮਸਾਲਿਆਂ ਦੇ ਦੋ ਬ੍ਰਾਂਡਾਂ ‘ਚ ਐਥੀਲੀਨ ਆਕਸਾਈਡ ਪਾਇਆ ਗਿਆ ਹੈ। ਰਿਪੋਰਟ ਮੁਤਾਬਕ ਮਾਲਦੀਵ ਸਰਕਾਰ ਅਜੇ ਵੀ ਇਨ੍ਹਾਂ ਮਸਾਲਿਆਂ ਤੋਂ ਪੈਦਾ ਹੋਣ ਵਾਲੇ ਖਤਰਿਆਂ ਦਾ ਮੁਲਾਂਕਣ ਕਰ ਰਹੀ ਸੀ। ਐਮਐਫਡੀਏ ਨੇ ਕਿਹਾ ਕਿ ਇਨ੍ਹਾਂ ਬ੍ਰਾਂਡਾਂ ਦੇ ਮਸਾਲੇ ਮਾਲਦੀਵ ਵਿੱਚ ਵੱਡੀ ਮਾਤਰਾ ਵਿੱਚ ਦਰਾਮਦ ਕੀਤੇ ਜਾਂਦੇ ਹਨ ਅਤੇ ਵਰਤੇ ਜਾਂਦੇ ਹਨ।
ਦੱਸ ਦਈਏ ਕਿ ਇਸ ਮਹੀਨੇ ਦੇ ਸ਼ੁਰੂ ਵਿੱਚ ਹਾਂਗਕਾਂਗ ਅਤੇ ਸਿੰਗਾਪੁਰ ਦੀਆਂ ਸਰਕਾਰਾਂ ਨੇ ਐਮਡੀਐਚ ਅਤੇ ਐਵਰੈਸਟ ਦੇ ਮਸਾਲਿਆਂ ਵਿੱਚ ‘ਕੀਟਨਾਸ਼ਕ’ ਰਸਾਇਣ ਹੋਣ ਦੇ ਦੋਸ਼ ਲਗਾਉਂਦਿਆਂ ਮਦਰਾਸ ਕਰੀ ਪਾਊਡਰ, ਐਵਰੈਸਟ ਫਿਸ਼ ਕਰੀ ਮਸਾਲਾ, ਐਮਡੀਐਚ ਸਾਂਭਰ ਮਸਾਲਾ ਮਿਕਸ ਅਤੇ ਐਮਡੀਐਚ ਕਰੀ ਪਾਊਡਰ ਮਿਕਸ ਮਸਾਲਿਆਂ ਦੀ ਵਿਕਰੀ ‘ਤੇ ਪਾਬੰਦੀ ਲਗਾ ਦਿੱਤੀ ਸੀ।
ਰਿਪੋਰਟਾਂ ਤੋਂ ਬਾਅਦ ਭਾਰਤ ਸਰਕਾਰ ਨੇ ਵੀ ਉਨ੍ਹਾਂ ਦੇ ਉਤਪਾਦਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਦੇ ਨਾਲ ਹੀ ਅਮਰੀਕੀ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ (ਐੱਫ. ਡੀ. ਏ.) ਵੀ ਕੰਪਨੀ ਦੇ ਮਸਾਲਿਆਂ ਦੀ ਜਾਂਚ ਕਰ ਰਿਹਾ ਹੈ। ਹਾਲਾਂਕਿ MDH ਨੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਿਆ ਹੈ। MDH ਨੇ ਕਿਹਾ, ‘ਸਾਡੇ ਉਤਪਾਦਾਂ ਵਿੱਚ ਐਥੀਲੀਨ ਆਕਸਾਈਡ ਹੋਣ ਦੇ ਦੋਸ਼ ਸੱਚ ਨਹੀਂ ਹਨ। ਇਸ ਤੋਂ ਇਲਾਵਾ ਕੰਪਨੀ ਨੂੰ ਸਿੰਗਾਪੁਰ ਜਾਂ ਹਾਂਗਕਾਂਗ ਦੇ ਰੈਗੂਲੇਟਰੀ ਅਥਾਰਟੀਆਂ ਤੋਂ ਕੋਈ ਸੰਦੇਸ਼ ਨਹੀਂ ਮਿਲਿਆ ਹੈ।