Home » ਭਾਈ ਨਿੱਝਰ ਦੇ ਕਥਿਤ ਕਾਤਲਾਂ ਦੀ ਸਰੀ ਅਦਾਲਤ ਵਿੱਚ ਵੀਡੀਓ ਰਾਹੀਂ ਹੋਈ ਪੇਸ਼ੀ…
Home Page News India World World News

ਭਾਈ ਨਿੱਝਰ ਦੇ ਕਥਿਤ ਕਾਤਲਾਂ ਦੀ ਸਰੀ ਅਦਾਲਤ ਵਿੱਚ ਵੀਡੀਓ ਰਾਹੀਂ ਹੋਈ ਪੇਸ਼ੀ…

Spread the news

ਕੈਨੇਡਾ ਦੀ ਬ੍ਰਿਟਿਸ਼ ਕੋਲੰਬੀਆ ਪ੍ਰੋਵਿੰਸ਼ੀਅਲ ਕੋਰਟ ਸਰੀ ਵਿੱਚ ਭਾਈ ਹਰਦੀਪ ਸਿੰਘ ਨਿੱਝਰ ਕਤਲ ਮਾਮਲੇ ਵਿੱਚ ਕਥਿਰ ਦੋਸ਼ੀਆਂ ਕਰਨਪ੍ਰੀਤ, ਕਰਨ ਬਰਾੜ ਅਤੇ ਕਮਲਪ੍ਰੀਤ ਦੀ ਪਹਿਲੀ ਪੇਸ਼ੀ ਹੋਈ। ਇਹ ਪੇਸ਼ੀ ਵੀਡੀਓ ਕਾਨਫਰੰਸਿੰਗ ਰਾਹੀਂ ਕਰਵਾਈ ਗਈ । ਇਸ ਮੌਕੇ ‘ਤੇ ਜੱਜ ਸਾਹਿਬਾ ਨੇ ਕਥਿਤ ਦੋਸ਼ੀਆਂ ਕਰਨ ਬਰਾੜ ਅਤੇ ਕਰਨਪ੍ਰੀਤ ਦੀ ਅਗਲੀ ਪੇਸ਼ੀ 21 ਮਈ ਨੂੰ ਤੈਅ ਕੀਤੀ ਹੈ। ਤੀਜੇ ਦੋਸ਼ੀ ਕਮਲਪ੍ਰੀਤ ਦੀ ਅਗਲੀ ਪੇਸ਼ੀ ਤੋਂ ਪਹਿਲਾਂ ਉਸ ਦਾ ਵਕੀਲ ਮੁਕੱਰਰ ਹੋਵੇਗਾ, ਜਿਸ ਨਾਲ ਅਜੇ ਤੱਕ ਉਸਦਾ ਕੋਈ ਸੰਪਰਕ ਨਹੀਂ ਹੋਇਆ। ਦੋਸ਼ੀਆਂ ਨੂੰ ਪੰਜਾਬੀ ਵਿੱਚ ਟਰਾਂਸਲੇਟਰ ਮੁਹਈਆ ਕਰਵਾਇਆ ਗਿਆ। ਵੀਡੀਓ ਕਾਨਫਰਸਿੰਗ ਰਾਹੀਂ ਹਾਜ਼ਰ ਹੋਏ ਇਹ ਦੋਸ਼ੀ ਜੱਜ ਦੇ ਸਾਹਮਣੇ ਵਾਰ ਵਾਰ ਆਉਣ ਤੋਂ ਝਿਜਕਦੇ ਰਹੇ, ਜਿਸ ਕਾਰਨ ਜੱਜ ਨੂੰ ਕਹਿਣਾ ਪਿਆ ਕਿ ਕੈਮਰੇ ਦੇ ਸਾਹਮਣੇ ਆਓ।  ਮਾਮਲੇ ਦੀ ਸੁਣਵਾਈ ਦੇਖਣ ਲਈ ਇਸ ਸੰਗਤਾਂ ਦੀ ਵੱਡੀ ਗਿਣਤੀ ਕੋਰਟ ਵਿੱਚ ਹਾਜ਼ਰ ਸੀ। ਅਦਾਲਤ ਅੰਦਰ ਸੁਣਵਾਈ ਤਕਰੀਬਨ 9.30 ਵਜੇ ਹੋਣੀ ਸੀ ਪਰ ਸੰਗਤ 7 ਵਜੇ ਤੋਂ ਸਤਿਨਾਮ ਵਾਹਿਗੁਰੂ ਦਾ ਜਾਪ ਕਰਦੀਆਂ ਸਰੀ ਪ੍ਰੋਵਿੰਸ਼ੀਅਲ ਕੋਰਟ ਦੇ ਬਾਹਰ ਪਹੁੰਚਣੀਆਂ ਸ਼ੁਰੂ ਹੋ ਗਈਆਂ ਸਨ।  ਕਮਰਾ ਨੰਬਰ 108 ਵਿੱਚ ਸੁਣਵਾਈ ਦੌਰਾਨ ਸੀਟਾਂ ਘੱਟ ਹੋਣ ਕਾਰਨ, 111 ਨੰਬਰ ਕਮਰਾ ਵੀ ਖੋਲਿਆ ਗਿਆ, ਪਰ ਇਸ ਦੇ ਬਾਵਜੂਦ ਵੱਡੀ ਤਾਦਾਦ ਵਿੱਚ ਸੰਗਤਾਂ ਕਮਰਿਆਂ ਦੇ ਬਾਹਰ ਮੌਜੂਦ ਰਹੀਆਂ। ਇਸ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਭਾਈ ਨਿੱਝਰ ਦੇ ਪਰਿਵਾਰ ਅਤੇ ਸਿੱਖ ਸੰਗਤਾਂ ਨੇ ਮੰਗ ਕੀਤੀ ਹੈ ਕਿ ਅਗਲੀ ਸੁਣਵਾਈ ਵੱਡੇ ਹਾਲ ਵਿੱਚ ਤਬਦੀਲ ਕੀਤੀ ਜਾਵੇ। ਸੰਗਤਾਂ ਤੇ ਪ੍ਰਬੰਧਕਾਂ ਨੇ ਇੱਕੋ ਗੱਲ ‘ਤੇ ਜ਼ੋਰ ਦਿੱਤਾ ਕਿ ਤਿੰਨੇ ਕਥਿਤ ਦੋਸ਼ੀ ਕੇਵਲ ਕਠਪੁਤਲੀਆਂ ਹਨ ਤੇ ਇਹਨਾਂ ਦੇ ਪਿੱਛੇ ਇੰਡੀਅਨ ਸਟੇਟ ਦੀ ਭਾੜੇ ਦੇ ਕਾਤਲਾਂ ਨੂੰ ਖਰੀਦ ਕੇ ਕਤਲ ਦੀ ਬਿਉਂਤਬੰਦੀ ਹੈ ਤੇ ਉਸ ਤਕ ਪਹੁੰਚ ਕਰਕੇ ਕਟਹਿਰੇ ਵਿੱਚ ਖੜਾ ਕੀਤਾ ਜਾਵੇ। ਬੀਸੀ ਗੁਰਦੁਆਰਾ ਕੌਂਸਲ ਦੇ ਬੁਲਾਰੇ ਭਾਈ ਮਨਿੰਦਰ ਸਿੰਘ ਬੋਇਲ ਨੇ ਕਿਹਾ ਕਿ ਇਸ ਮਾਮਲੇ ਬਾਰੇ ਕੋਈ ਸ਼ੱਕ ਨਹੀਂ ਕਿ ਇਹ ਸਾਰੀ ਸਾਜਿਸ਼ ਰਚਣ ਵਿੱਚ ਇੰਡੀਅਨ ਸਟੇਟ ਮੁੱਖ ਜਿੰਮੇਵਾਰ ਹੈ। ਗੁਰੂ ਨਾਨਕ ਗੁਰਦੁਆਰਾ ਸਾਹਿਬ ਸਰੀ ਡੈਲਟਾ ਦੇ ਸਕੱਤਰ ਭਾਈ ਗੁਰਮੀਤ ਸਿੰਘ ਤੂਰ ਨੇ ਕਿਹਾ ਕਿ ਉਹ ਸੰਗਤਾਂ ਦਾ ਧੰਨਵਾਦ ਕਰਦੇ ਹਨ ਅਤੇ ਕੈਨੇਡਾ ਦੇ ਕਾਨੂੰਨ ਪ੍ਰਸ਼ਾਸਨ ਅਤੇ ਸਰਕਾਰ ਦਾ ਧੰਨਵਾਦ ਕਰਦਿਆਂ ਹੋਇਆਂ, ਇਹ ਮੰਗ ਕਰਦੇ ਹਨ ਕਿ ਕਥਿਤ ਦੋਸ਼ੀਆਂ ਦੇ ਨਾਲ ਨਾਲ ਕੈਨੇਡਾ ਵਿੱਚ ਭਾਰਤੀ ਕੌਂਸਲੇਟ, ਅੰਬੈਸਡਰ ਨੂੰ ਵੀ ਇਸ ਮਾਮਲੇ ਵਿੱਚ ਚਾਰਜ ਕੀਤਾ ਜਾਏ।    ਮਾਮਲੇ ਦੀ ਅਗਲੀ ਸੁਣਵਾਈ 21 ਮਈ ਸਰੀ ਪ੍ਰੋਵਿੰਸ਼ੀਅਲ ਕੋਰਟ ਵਿਚ ਹੋਵੇਗੀ ।