Home » ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ ਸਾਹਿਬ (29-5-2024)…
Home Page News India Religion

ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ ਸਾਹਿਬ (29-5-2024)…

Spread the news

Amritvele da Hukamnama Sri Darbar Sahib, Amritsar, Ang 485, 29-05 -2024


ਆਸਾ ॥ ਆਨੀਲੇ ਕੁੰਭ ਭਰਾਈਲੇ ਊਦਕ ਠਾਕੁਰ ਕਉ ਇਸਨਾਨੁ ਕਰਉ ॥ ਬਇਆਲੀਸ ਲਖ ਜੀ ਜਲ ਮਹਿ ਹੋਤੇ ਬੀਠਲੁ ਭੈਲਾ ਕਾਇ ਕਰਉ ॥੧॥ ਜਤ੍ਰ ਜਾਉ ਤਤ ਬੀਠਲੁ ਭੈਲਾ ॥ ਮਹਾ ਅਨੰਦ ਕਰੇ ਸਦ ਕੇਲਾ ॥੧॥ ਰਹਾਉ ॥ ਆਨੀਲੇ ਫੂਲ ਪਰੋਈਲੇ ਮਾਲਾ ਠਾਕੁਰ ਕੀ ਹਉ ਪੂਜ ਕਰਉ ॥ ਪਹਿਲੇ ਬਾਸੁ ਲਈ ਹੈ ਭਵਰਹ ਬੀਠਲ ਭੈਲਾ ਕਾਇ ਕਰਉ ॥੨॥ ਆਨੀਲੇ ਦੂਧੁ ਰੀਧਾਈਲੇ ਖੀਰੰ ਠਾਕੁਰ ਕਉ ਨੈਵੇਦੁ ਕਰਉ ॥ ਪਹਿਲੇ ਦੂਧੁ ਬਿਟਾਰਿਓ ਬਛਰੈ ਬੀਠਲੁ ਭੈਲਾ ਕਾਇ ਕਰਉ ॥੩॥ ਈਭੈ ਬੀਠਲੁ ਊਭੈ ਬੀਠਲੁ ਬੀਠਲ ਬਿਨੁ ਸੰਸਾਰੁ ਨਹੀ ॥ ਥਾਨ ਥਨੰਤਰਿ ਨਾਮਾ ਪ੍ਰਣਵੈ ਪੂਰਿ ਰਹਿਓ ਤੂੰ ਸਰਬ ਮਹੀ ॥੪॥੨॥

ਅਰਥ: ਘੜਾ ਲਿਆ ਕੇ (ਉਸ ਵਿਚ) ਪਾਣੀ ਭਰਾ ਕੇ (ਜੇ) ਮੈਂ ਮੂਰਤੀ ਨੂੰ ਇਸ਼ਨਾਨ ਕਰਾਵਾਂ (ਤਾਂ ਉਹ ਇਸ਼ਨਾਨ ਪਰਵਾਨ ਨਹੀਂ, ਪਾਣੀ ਜੂਠਾ ਹੈ, ਕਿਉਂਕਿ) ਪਾਣੀ ਵਿਚ ਬਿਤਾਲੀ ਲੱਖ (ਜੂਨਾਂ ਦੇ) ਜੀਵ ਰਹਿੰਦੇ ਹਨ। (ਪਰ ਮੇਰਾ) ਨਿਰਲੇਪ ਪ੍ਰਭੂ ਤਾਂ ਪਹਿਲਾਂ ਹੀ (ਉਹਨਾਂ ਜੀਵਾਂ ਵਿਚ) ਵੱਸਦਾ ਸੀ (ਤੇ ਇਸ਼ਨਾਨ ਕਰ ਰਿਹਾ ਸੀ; ਤਾਂ ਫਿਰ ਮੂਰਤੀ ਨੂੰ) ਮੈਂ ਕਾਹਦੇ ਲਈ ਇਸ਼ਨਾਨ ਕਰਾਵਾਂ?।1।ਮੈਂ ਜਿੱਧਰ ਜਾਂਦਾ ਹਾਂ, ਉੱਧਰ ਹੀ ਨਿਰਲੇਪ ਪ੍ਰਭੂ ਮੌਜੂਦ ਹੈ (ਸਭ ਜੀਵਾਂ ਵਿਚ ਵਿਆਪਕ ਹੋ ਕੇ) ਬੜੇ ਅਨੰਦ ਚੋਜ ਤਮਾਸ਼ੇ ਕਰ ਰਿਹਾ ਹੈ।1। ਰਹਾਉ।ਫੁੱਲ ਲਿਆ ਕੇ ਤੇ ਮਾਲਾ ਪ੍ਰੋ ਕੇ ਜੇ ਮੈਂ ਮੂਰਤੀ ਦੀ ਪੂਜਾ ਕਰਾਂ (ਤਾਂ ਉਹ ਫੁੱਲ ਜੂਠੇ ਹੋਣ ਕਰ ਕੇ ਉਹ ਪੂਜਾ ਪਰਵਾਨ ਨਹੀਂ, ਕਿਉਂਕਿ ਉਹਨਾਂ ਫੁੱਲਾਂ ਦੀ) ਸੁਗੰਧੀ ਪਹਿਲਾਂ ਭੌਰੇ ਨੇ ਲੈ ਲਈ; (ਪਰ ਮੇਰਾ) ਬੀਠਲ ਤਾਂ ਪਹਿਲਾਂ ਹੀ (ਉਸ ਭੌਰੇ ਵਿਚ) ਵੱਸਦਾ ਸੀ (ਤੇ ਸੁਗੰਧੀ ਲੈ ਰਿਹਾ ਸੀ, ਤਾਂ ਫਿਰ ਇਹਨਾਂ ਫੁੱਲਾਂ ਨਾਲ) ਮੂਰਤੀ ਦੀ ਪੂਜਾ ਮੈਂ ਕਾਹਦੇ ਲਈ ਕਰਾਂ?।2।ਦੁੱਧ ਲਿਆ ਕੇ ਖੀਰ ਰਿੰਨ੍ਹਾ ਕੇ ਜੇ ਮੈਂ ਇਹ ਖਾਣ ਵਾਲਾ ਉੱਤਮ ਪਦਾਰਥ ਮੂਰਤੀ ਅੱਗੇ ਭੇਟ ਰੱਖਾਂ (ਤਾਂ ਦੁੱਧ ਜੂਠਾ ਹੋਣ ਕਰ ਕੇ ਭੋਜਨ ਪਰਵਾਨ ਨਹੀਂ, ਕਿਉਂਕਿ ਚੋਣ ਵੇਲੇ) ਪਹਿਲਾਂ ਵੱਛੇ ਨੇ ਦੁੱਧ ਜੂਠਾ ਕਰ ਦਿੱਤਾ ਸੀ; (ਪਰ ਮੇਰਾ) ਬੀਠਲ ਤਾਂ ਪਹਿਲਾਂ ਹੀ (ਉਸ ਵੱਛੇ ਵਿਚ) ਵੱਸਦਾ ਸੀ (ਤੇ ਦੁੱਧ ਪੀ ਰਿਹਾ ਸੀ, ਤਾਂ ਇਸ ਮੂਰਤੀ ਅੱਗੇ) ਮੈਂ ਕਿਉਂ ਨੈਵੇਦ ਭੇਟ ਧਰਾਂ?।3।(ਜਗਤ ਵਿਚ) ਹੇਠਾਂ ਉਤਾਂਹ (ਹਰ ਥਾਂ) ਬੀਠਲ ਹੀ ਬੀਠਲ ਹੈ, ਬੀਠਲ ਤੋਂ ਸੱਖਣਾ ਜਗਤ ਰਹਿ ਹੀ ਨਹੀਂ ਸਕਦਾ। ਨਾਮਦੇਵ ਉਸ ਬੀਠਲ ਅੱਗੇ ਬੇਨਤੀ ਕਰਦਾ ਹੈ– (ਹੇ ਬੀਠਲ!) ਤੂੰ ਸਾਰੀ ਸ੍ਰਿਸ਼ਟੀ ਵਿਚ ਹਰ ਥਾਂ ਵਿਚ ਭਰਪੂਰ ਹੈਂ।4।2।